ਪ੍ਰਵਾਸੀ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ, ਗੰਨੇ ਦੇ ਖੇਤਾਂ 'ਚੋਂ ਮਿਲੀ ਖ਼ੂਨ ਨਾਲ ਲਥਪਥ ਲਾਸ਼
Monday, Aug 19, 2024 - 12:43 PM (IST)
ਜਲੰਧਰ (ਮਹੇਸ਼)- ਜਲੰਧਰ ਜ਼ਿਲ੍ਹਾ ਦਿਹਾਤੀ ਪੁਲਸ ਦੇ ਥਾਣਾ ਪਤਾਰਾ ਅਧੀਨ ਪੈਂਦੇ ਪਿੰਡ ਪੂਰਨਪੁਰ ਵਿਧਾਨ ਸਭਾ ਹਲਕਾ ਆਦਮਪੁਰ ਵਿਖੇ ਇਕ ਪ੍ਰਵਾਸੀ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਲਾਸ਼ ਗੰਨੇ ਦੇ ਖੇਤਾਂ ’ਚੋਂ ਖ਼ੂਨ ਨਾਲ ਲਥਪਥ ਹਾਲਤ ’ਚ ਬਰਾਮਦ ਹੋਈ ਹੈ। ਸੂਚਨਾ ਮਿਲਦੇ ਹੀ ਜ਼ਿਲ੍ਹਾ ਦਿਹਾਤੀ ਪੁਲਸ ਦੇ ਅਧਿਕਾਰੀ ਅਤੇ ਕਰਮਚਾਰੀ ਮੌਕੇ ’ਤੇ ਪਹੁੰਚੇ ਅਤੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।
ਐੱਸ. ਐੱਚ. ਓ. ਪਤਾਰਾ ਬਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਦੀਪੂ ਮਹਾਤੋ ਪੁੱਤਰ ਹੀਰਾ ਮਹਾਤੋ ਵਾਸੀ ਕਾਹਾਗੜ੍ਹ ਸਰਾਏ ਖ਼ਾਸ, ਉੱਤਰੀ ਚੰਪਾਰਨ, ਬਿਹਾਰ, ਹਾਲ ਵਾਸੀ ਪਿੰਡ ਪੂਰਨਪੁਰ ਵਜੋਂ ਹੋਈ ਹੈ। ਮ੍ਰਿਤਕ ਦੀਪੂ ਧਨਵੰਤ ਸਿੰਘ ਪੁੱਤਰ ਅਜੀਤ ਸਿੰਘ ਦੇ ਘਰ ਰਹਿੰਦਾ ਸੀ। ਕਾਫ਼ੀ ਸਮੇਂ ਤੋਂ ਘਟਨਾ ਸਥਾਨ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਦਿਹਾਤੀ ਪੁਲਸ ਨੇ ਦੀਪੂ ਦੇ ਕਤਲ ਦੇ ਮਾਮਲੇ ’ਚ 4 ਸ਼ੱਕੀਆਂ ਨੂੰ ਪੁੱਛਗਿੱਛ ਲਈ ਰਾਊਂਡਅੱਪ ਕਰ ਲਿਆ ਹੈ।
ਇਹ ਵੀ ਪੜ੍ਹੋ- ਪੰਜਾਬ ਤੋਂ ਵੱਡੀ ਖ਼ਬਰ: ਜੰਗਲ 'ਚੋਂ ਮਿਲੀ ਮੁੰਡੇ-ਕੁੜੀ ਦੀ ਲਾਸ਼, ਹਾਲਤ ਵੇਖ ਪੁਲਸ ਰਹਿ ਗਈ ਹੈਰਾਨ
ਉਨ੍ਹਾਂ ਤੋਂ ਡੀ. ਐੱਸ. ਪੀ. ਆਦਮਪੁਰ ਅਤੇ ਥਾਣਾ ਮੁਖੀ ਪਤਾਰਾ ਵੱਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਦੀਪੂ ਦੇ ਕਤਲ ਕੇਸ ਨੂੰ ਜਲਦੀ ਤੋਂ ਜਲਦੀ ਟਰੇਸ ਕੀਤਾ ਜਾ ਸਕੇ। ਜਾਣਕਾਰੀ ਅਨੁਸਾਰ ਇਕ ਵਿਅਕਤੀ ਦੀਪੂ ਦੀ ਲਾਸ਼ ਨੂੰ ਘੜੀਸ ਕੇ ਗੰਨੇ ਦੇ ਖੇਤਾਂ ਵੱਲ ਲਿਜਾ ਰਿਹਾ ਸੀ, ਜਿਸ ਨੂੰ ਨੇੜੇ ਹੀ ਕੰਮ ਕਰਦੇ ਕੁਝ ਹੋਰ ਪ੍ਰਵਾਸੀ ਮਜ਼ਦੂਰਾਂ ਨੇ ਵੇਖਿਆ। ਇਸ ਤੋਂ ਬਾਅਦ ਕਾਤਲਾਂ ਨੇ ਦੀਪੂ ਦੀ ਲਾਸ਼ ਨੂੰ ਖੇਤਾਂ ’ਚ ਸੁੱਟ ਦਿੱਤਾ ਅਤੇ ਉਥੋਂ ਫ਼ਰਾਰ ਹੋ ਗਏ।
ਕਤਲ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਪੁਲਸ ਦਾ ਕਹਿਣਾ ਹੈ ਕਿ ਦੀਪੂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਰ ਰਾਤ 9 ਵਜੇ ਤੱਕ ਕੋਈ ਬਿਆਨ ਨਾ ਆਉਣ ਕਾਰਨ ਮਾਮਲਾ ਦਰਜ ਨਹੀਂ ਹੋ ਸਕਿਆ । ਦੀਪੂ ਦੀ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਕਾਨੂੰਨੀ ਕਾਰਵਾਈ ਤੋਂ ਬਾਅਦ ਸੋਮਵਾਰ ਸਵੇਰੇ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ