ਵਿਧਾਨ ਸਭਾ ਚੋਣਾਂ ਦਾ ਆਗਾਜ਼ ਸਾਬਤ ਹੋਣਗੀਆਂ ਨਗਰ ਕੌਂਸਲ ਚੋਣਾਂ: ਰਵਨੀਤ ਬਿੱਟੂ
Wednesday, May 20, 2026 - 01:22 PM (IST)
ਭਵਾਨੀਗੜ੍ਹ (ਕਾਂਸਲ): ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਨਰਿੰਦਰ ਮੋਦੀ ਦੇ ਵਿਕਾਸ ਮਾਡਲ ਨੂੰ ਦੇਖਣਾ ਚਾਹੁੰਦੇ ਹਨ ਅਤੇ ਸਾਲ 2027 ਵਿਚ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣਾਕੇ ਡਬਲ ਇੰਜਣ ਸਰਕਾਰ ਰਾਹੀਂ ਸੂਬੇ ਨੂੰ ਤਰੱਕੀ ਦੇ ਰਾਹ ’ਤੇ ਲਿਆਂਦਾ ਜਾਵੇਗਾ। ਉਹ ਸਥਾਨਕ ਭਾਜਪਾ ਦੇ ਚੋਣ ਦਫ਼ਤਰ ਵਿਖੇ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ।
ਇਸ ਮੌਕੇ ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਧੱਕੇ ਨਾਲ ਚੋਣਾਂ ਜਿੱਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਸਬੰਧੀ ਵੱਖ-ਵੱਖ ਥਾਵਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਚੋਣਾਂ ਦੌਰਾਨ ਧੱਕਾ ਕਰਨ ਜਾਂ ਕਰਵਾਉਣ ਵਾਲੇ ਅਧਿਕਾਰੀਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸਿਆ ਨਹੀਂ ਜਾਵੇਗਾ। ਉਨ੍ਹਾਂ ਚੋਣ ਡਿਊਟੀ ’ਤੇ ਤਾਇਨਾਤ ਅਧਿਕਾਰੀਆਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਦੀ ਅਪੀਲ ਵੀ ਕੀਤੀ।
ਬਿੱਟੂ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਅਗਾਜ਼ ਸਾਬਤ ਹੋਣਗੀਆਂ ਅਤੇ ਭਾਜਪਾ ਵੱਲੋਂ ਹਰ ਵਾਰਡ ਵਿਚ ਆਪਣੇ ਉਮੀਦਵਾਰ ਖੜੇ ਕਰਕੇ ਜਿੱਤ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਨ੍ਹਾਂ ਭਾਜਪਾ ਦੇ ਨਗਰ ਕੌਂਸਲ ਉਮੀਦਵਾਰਾਂ ਨੂੰ ਪੂਰੀ ਮਿਹਨਤ ਅਤੇ ਇਕਜੁੱਟਤਾ ਨਾਲ ਚੋਣ ਮੈਦਾਨ ਵਿੱਚ ਡਟਣ ਦਾ ਸੱਦਾ ਦਿੱਤਾ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ, ਮੰਡਲ ਪ੍ਰਧਾਨ ਲਛਮਣ ਸੱਚਦੇਵਾ, ਪਰਮਜੀਤ ਸ਼ਰਮਾ, ਗੁਰਤੇਜ ਸਿੰਘ ਝਨੇੜੀ ਅਤੇ ਰਾਮ ਸਿੰਘ ਮੱਟਰਾਂ ਵੱਲੋਂ ਸ: ਬਿੱਟੂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੌਰਾਨ ਗਮੀ ਕਲਿਆਣ, ਪ੍ਰੋਸ਼ਤਮ ਕਾਂਸਲ, ਰਾਜਿੰਦਰ ਸੱਚਦੇਵਾ, ਜੀਵਨ ਗਰਗ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਅਤੇ ਉਮੀਦਵਾਰ ਹਾਜ਼ਰ ਸਨ।
