ਲੰਬੀ ਨੇੜੇ ਵੱਡੀ ਵਾਰਦਾਤ, ਵੱਡੇ ਭਰਾ ਨੇ ਛੋਟੇ ਭਰਾ ਦਾ ਕਹੀ ਮਾਰ-ਮਾਰ ਕਤਲ ਕਰ ਖੇਤ ’ਚ ਦੱਬ ਦਿੱਤੀ ਲਾਸ਼

Saturday, Nov 06, 2021 - 06:42 PM (IST)

ਲੰਬੀ ਨੇੜੇ ਵੱਡੀ ਵਾਰਦਾਤ, ਵੱਡੇ ਭਰਾ ਨੇ ਛੋਟੇ ਭਰਾ ਦਾ ਕਹੀ ਮਾਰ-ਮਾਰ ਕਤਲ ਕਰ ਖੇਤ ’ਚ ਦੱਬ ਦਿੱਤੀ ਲਾਸ਼

ਲੰਬੀ (ਜੁਨੇਜਾ,ਗੋਇਲ) : ਥਾਣਾ ਲੰਬੀ ਦੇ ਪਿੰਡ ਧੋਲਾ ਵਿਖੇ ਇਕ ਵਿਅਕਤੀ ਨੇ ਆਪਣੇ ਛੋਟੇ ਭਰਾ ਨੂੰ ਕਹੀ ਨਾਲ ਵੱਢ ਕੇ ਉਸਦੀ ਲਾਸ਼ ਖੇਤ ਵਿਚ ਦੱਬ ਦਿੱਤੀ। ਇਸ ਮਾਮਲੇ ’ਚ ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਜਾਂਚ ਉਪਰੰਤ ਮੁਕਦਮਾ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸਦੀ ਨਿਸ਼ਾਨਦੇਹੀ ’ਤੇ ਲਾਸ਼ ਨੂੰ ਖੇਤ ’ਚੋਂ ਕੱਢਿਆ। ਇਸ ਸਬੰਧੀ ਐੱਸ.ਐੱਚ. ਓ.ਅਮਨਦੀਪ ਸਿੰਘ ਬਰਾੜ ਨੇ ਪੱਤਰਕਾਰਾਂ ਨੂੰ ਦੱਸਿਆ ਕਿ 2-3 ਨਵੰਬਰ ਦੀ ਰਾਤ ਨੂੰ ਗੁਰਮੀਤ ਸਿੰਘ ਪੁੱਤਰ ਮਹਿੰਦਰ ਸਿੰਘ ਆਪਣੇ ਵੱਡੇ ਭਰਾ ਗੁਰਜੀਤ ਸਿੰਘ ਨਾਲ ਖੇਤ ਵਿਚ ਕਣਕ ਬੀਜਣ ਗਿਆ ਤਾਂ ਘਰ ਵਾਪਸ ਨਹੀਂ ਆਇਆ। ਇਸ ਸਬੰਧੀ ਗੁਰਮੀਤ ਸਿੰਘ ਦੀ ਪਤਨੀ ਸੁਖਪਾਲ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਸਦੇ ਪਤੀ ਦੇ ਗੁੰਮ ਹੋਣ ਪਿੱਛੇ ਉਸਦੇ ਜੇਠ ਗੁਰਜੀਤ ਸਿੰਘ ਦਾ ਹੱਥ ਹੋ ਸਕਦਾ ਹੈ। ਪੁਲਸ ਵਲੋਂ ਗੁਰਜੀਤ ਸਿੰਘ ਤੋਂ ਕੀਤੀ ਪੁੱਛਗਿੱਛ ਤੋਂ ਬਾਅਦ ਉਸਨੇ ਖੁਲਾਸਾ ਕੀਤਾ ਕਿ ਉਸਨੇ ਹੀ ਆਪਣੇ ਛੋਟੇ ਭਰਾ ਗੁਰਮੀਤ ਸਿੰਘ (28) ਦਾ ਕਹੀ ਨਾਲ ਵੱਢ ਕੇ ਕਤਲ ਕੀਤਾ ਹੈ।

ਇਹ ਵੀ ਪੜ੍ਹੋ : ਦੀਵਾਲੀ ਵਾਲੀ ਸ਼ਾਮ ਦਸੂਹੇ ਨੇੜੇ ਵਾਪਰਿਆ ਵੱਡਾ ਹਾਦਸਾ, ਸਕੇ ਭੈਣ-ਭਰਾ ਦੀ ਮੌਤ

2 ਨਵੰਬਰ ਨੂੰ ਰਾਤ ਸਾਢੇ 7 ਵਜੇ ਜਦੋਂ ਗੁਰਮੀਤ ਸਿੰਘ ਖੇਤ ਵਿਚੋਂ ਵਾਪਸ ਘਰ ਜਾਣ ਲੱਗਾ ਤਾਂ ਦੋਸ਼ੀ ਨੇ ਉਸਨੂੰ ਵਾਪਸ ਬੁਲਾ ਕੇ ਕਿਹਾ ਕਿ ਟਰੈਕਟਰ ਦੀ ਬੈਲਟ ਟੁੱਟ ਗਈ ਹੈ। ਜਦੋਂ ਗੁਰਮੀਤ ਸਿੰਘ ਝੁਕ ਕੇ ਬੈਲਟ ਵੇਖਣ ਲੱਗਾ ਤਾਂ ਗੁਰਜੀਤ ਸਿੰਘ ਨੇ ਕਹੀ ਦਾ ਵਾਰ ਕਰ ਕੇ ਉਸਨੂੰ ਥੱਲੇ ਸੁੱਟ ਲਿਆ ਅਤੇ ਫਿਰ ਗਰਦਨ ਅਤੇ ਸਿਰ ’ਤੇ ਕਹੀ ਦੇ ਕਈ ਵਾਰ ਕਰ ਕੇ ਕਤਲ ਕਰ ਦਿੱਤਾ। ਦੋਸ਼ੀ ਨੇ ਆਪਣੇ ਭਰਾ ਦੀ ਲਾਸ਼ ਨੂੰ ਪੱਲੀ ਵਿਚ ਬੰਨ੍ਹ ਕੇ ਨੇੜੇ ਖੇਤ ਵਿਚ ਬਣੇ ਇਕ ਟੋਏ ਵਿਚ ਨੱਪ ਦਿੱਤਾ। ਦੋਸ਼ੀ ਵਲੋਂ ਕਤਲ ਕਬੂਲ ਕਰਨ ਪਿਛੋਂ ਕੀਤੀ ਨਿਸ਼ਾਨਦੇਹੀ ਤੇ ਲੰਬੀ ਪੁਲਸ ਨੇ ਡੀ.ਐੱਸ.ਪੀ.ਮਲੋਟ ਜਸਪਾਲ ਸਿੰਘ ਢਿੱਲੋਂ ਅਤੇ ਨਾਇਬ ਤਹਿਸੀਲਦਾਰ ਅੰਜੂ ਰਾਣੀ ਦੀ ਹਾਜ਼ਰੀ ਵਿਚ ਮ੍ਰਿਤਕ ਗੁਰਮੀਤ ਸਿੰਘ ਦੀ ਲਾਸ਼ ਨੂੰ ਖੇਤ ਵਿਚ ਕੱਢਿਆ।

ਇਹ ਵੀ ਪੜ੍ਹੋ : ਦੀਵਾਲੀ ਮੌਕੇ ਉਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਘਰੋਂ ਸਮਾਨ ਲੈਣ ਗਏ ਨੌਜਵਾਨ ਨਾਲ ਵਾਪਰਿਆ ਭਾਣਾ

PunjabKesari

ਨਾਜਾਇਜ਼ ਸਬੰਧਾਂ ਤੋਂ ਰੋਕਣ ਕਰਕੇ ਕੀਤਾ ਕਤਲ
ਦੋਸ਼ੀ ਨੇ ਪੁਲਸ ਕੋਲ ਮੰਨਿਆ ਕਿ ਉਸਦੇ ਇਕ ਮਹਿਲਾ ਨਾਲ ਨਾਜਾਇਜ਼ ਸਬੰਧ ਹਨ ਜਿਸ ਤੋਂ ਉਸਦਾ ਛੋਟਾ ਭਰਾ ਰੋਕਦਾ ਸੀ ਅਤੇ ਘਰ ਵਿਚ ਤਕਰਾਰ ਰਹਿੰਦੀ ਸੀ, ਇਸ ਤੋਂ ਗੁੱਸੇ ਵਿਚ ਆ ਕੇ ਉਸ ਨੇ ਗੁਰਮੀਤ ਸਿੰਘ ਦਾ ਕਤਲ ਕਰ ਦਿੱਤਾ। ਮ੍ਰਿਤਕ ਦੇ ਵਿਆਹ ਨੂੰ 4 ਸਾਲ ਹੋਏ ਹਨ ਅਤੇ ਉਸਦੀ ਇਕ ਢਾਈ ਸਾਲ ਦੀ ਬੱਚੀ ਹੈ। ਪੁਲਸ ਨੇ ਦੋਸ਼ੀ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਕੇ ਮਾਣਯੋਗ ਜੱਜ ਕੰਵਲਜੀਤ ਸਿੰਘ ਦੀ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸਿੱਧੂ ਪਰਿਵਾਰ ਨੇ ਨਹੀਂ ਮਨਾਈ ਦਿਵਾਲੀ, ਧੀ ਰਾਬੀਆ ਨੇ ਇੰਸਟਾਗ੍ਰਾਮ ’ਤੇ ਆਖੀ ਵੱਡੀ ਗੱਲ

ਪਿੰਡ ਵਿਚ ਨਹੀਂ ਜਗਿਆ ਦੀਵਾ
ਦੀਵਾਲੀ ਤੋਂ ਦੋ ਰਾਤਾਂ ਪਹਿਲਾਂ ਗੁਰਮੀਤ ਸਿੰਘ ਦੇ ਲਾਪਤਾ ਹੋਣ ਅਤੇ ਬਾਅਦ ਵਿਚ ਉਸਦੇ ਵੱਡੇ ਭਰਾ ਗੁਰਜੀਤ ਸਿੰਘ ਵਲੋਂ ਕਤਲ ਕਰਨ ਦੀ ਗੱਲ ਮੰਨ ਲੈਣ ਪਿੱਛੋਂ ਜਦੋਂ ਕੱਲ ਦੀਵਾਲੀ ਵਾਲੀ ਸ਼ਾਮ ਨੂੰ ਗੁਰਮੀਤ ਸਿੰਘ ਦੀ ਲਾਸ਼ ਨੂੰ ਖੇਤ ’ਚੋਂ ਕੱਢਿਆ ਗਿਆ। ਇਸ ਘਟਨਾ ਕਰ ਕੇ ਸਾਰੇ ਪਿੰਡ ਵਿਚ ਸੋਗ ਸੀ ਅਤੇ ਪਟਾਖੇ ਚਲਾਉਣੇ ਤਾਂ ਦੂਰ ਕਿਸੇ ਘਰ ਨੇ ਦੀਵੇ ਨਹੀਂ ਜਗਾਏ ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ’ਤੇ ਨਵਜੋਤ ਸਿੱਧੂ ਦਾ ਫਿਰ ਵੱਡਾ ਹਮਲਾ, ਡੀ. ਜੀ. ਪੀ. ਤੇ ਏ. ਜੀ. ਨੂੰ ਲੈ ਕੇ ਚੁੱਕੇ ਸਵਾਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News