ਪੰਜਾਬ 'ਚ 'ਗਰਮੀ' ਦੇ ਟੁੱਟੇ ਰਿਕਾਰਡ, ਦੁਪਹਿਰ 12 ਤੋਂ 3 ਵਜੇ ਤੱਕ ਨਾ ਨਿਕਲੋ ਬਾਹਰ, ਪੜ੍ਹੋ ਪੂਰੀ Advisory

Thursday, May 09, 2024 - 12:35 PM (IST)

ਪੰਜਾਬ 'ਚ 'ਗਰਮੀ' ਦੇ ਟੁੱਟੇ ਰਿਕਾਰਡ, ਦੁਪਹਿਰ 12 ਤੋਂ 3 ਵਜੇ ਤੱਕ ਨਾ ਨਿਕਲੋ ਬਾਹਰ, ਪੜ੍ਹੋ ਪੂਰੀ Advisory

ਚੰਡੀਗੜ੍ਹ : ਪੰਜਾਬ 'ਚ ਗਰਮੀ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ ਅਤੇ ਦੁਪਹਿਰ ਵੇਲੇ ਤਾਂ ਘਰੋਂ ਬਾਹਰ ਨਿਕਲਣਾ ਹੀ ਔਖਾ ਹੋਇਆ ਪਿਆ ਹੈ। ਇਸ ਵਾਰ ਪੈ ਰਹੀ ਗਰਮੀ ਨੇ ਪਿਛਲੇ 13 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਪਿਛਲੇ 13 ਸਾਲਾਂ ਦੌਰਾਨ ਮਈ ਦੇ ਪਹਿਲੇ ਹਫ਼ਤੇ ਹੀ ਪੰਜਾਬ 'ਚ ਪਾਰਾ 43 ਡਿਗਰੀ ਨੂੰ ਪਾਰ ਕਰ ਗਿਆ ਹੈ। ਮੰਗਲਵਾਰ ਨੂੰ ਲੁਧਿਆਣਾ ਜ਼ਿਲ੍ਹੇ ਦਾ ਵੱਧ ਤੋਂ ਵੱਧ ਤਾਪਮਾਨ 43.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 2011 ਤੋਂ 2023 ਦੌਰਾਨ 15 ਮਈ ਤੋਂ ਬਾਅਦ ਤਾਪਮਾਨ 43 ਡਿਗਰੀ ਤੋਂ ਉੱਪਰ ਰਿਹਾ ਹੈ। 2019 'ਚ 19 ਮਈ ਨੂੰ ਵੱਧ ਤੋਂ ਵੱਧ ਤਾਪਮਾਨ 43.7 ਡਿਗਰੀ, 2014 'ਚ 30 ਮਈ ਨੂੰ 43.5 ਡਿਗਰੀ, 2021 'ਚ 28 ਮਈ ਨੂੰ 43.1 ਡਿਗਰੀ ਅਤੇ 2023 'ਚ 23 ਮਈ ਨੂੰ 45.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਅੰਮ੍ਰਿਤਸਰ, ਫਰੀਦਕੋਟ, ਬਰਨਾਲਾ, ਫਿਰੋਜ਼ਪੁਰ 'ਚ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਰਿਹਾ। ਹਾਲਾਂਕਿ ਪੰਜਾਬ ਵਾਸੀਆਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲ ਸਕਦੀ ਹੈ ਕਿਉਂਕਿ ਮੌਸਮ ਵਿਭਾਗ ਵਲੋਂ 11 ਤੋਂ 13 ਮਈ ਤੱਕ ਸੂਬੇ 'ਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਵੱਡਾ ਧਮਾਕਾ, ਬੁਰੀ ਤਰ੍ਹਾਂ ਦਹਿਲ ਗਏ ਲੋਕ, ਵੀਡੀਓ 'ਚ ਦੇਖੋ ਮੌਕੇ ਦੇ ਹਾਲਾਤ
ਸੂਬਾ ਵਾਸੀਆਂ ਲਈ ਜਾਰੀ ਹੋਈ ਹੈ ਐਡਵਾਈਜ਼ਰੀ
ਕਹਿਰ ਦੀ ਗਰਮੀ ਨੂੰ ਦੇਖਦੇ ਹੋਏ ਸਿਹਤ ਵਿਭਾਗ ਨੇ ਸੂਬਾ ਵਾਸੀਆਂ ਲਈ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਹੈ ਕਿ ਘਰ ਤੋਂ ਬਾਹਰ ਦੇ ਕੰਮ ਦਿਨ ਦੇ ਠੰਡੇ ਸਮੇਂ ਜਿਵੇਂ ਕਿ ਸਵੇਰ ਅਤੇ ਸ਼ਾਮ ਵਿਚ ਕੀਤੇ ਜਾਣੇ ਚਾਹੀਦੇ ਹਨ ਅਤੇ ਦੁਪਹਿਰ 12 ਤੋਂ 3 ਵਜੇ ਤੱਕ ਘਰੋਂ ਨਿਕਲਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਦੌਰਾਨ ਗਰਮੀ ਪੂਰੇ ਜ਼ੋਰ 'ਤੇ ਹੁੰਦੀ ਹੈ। ਪਿਆਸ ਨਾ ਲੱਗਣ ’ਤੇ ਵੀ ਹਰ ਅੱਧੇ ਘੰਟੇ ਬਾਅਦ ਪਾਣੀ ਪੀਓ। ਮਿਰਗੀ, ਦਿਲ ਦੀ ਬੀਮਾਰੀ, ਗੁਰਦੇ, ਜਿਗਰ ਦੀ ਬੀਮਾਰੀ ਵਾਲੇ ਲੋਕ ਜੋ ਤਰਲ-ਪ੍ਰਤੀਬੰਧਿਤ ਖ਼ੁਰਾਕ ’ਤੇ ਹਨ, ਉਨ੍ਹਾਂ ਨੂੰ ਪਾਣੀ ਦੀ ਮਾਤਰਾ ਵਧਾਉਣ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ। ਬਾਹਰ ਕੰਮ ਕਰਦੇ ਸਮੇਂ ਹਲਕੇ ਰੰਗ ਦੇ ਪੂਰੀ ਬਾਹਾਂ ਵਾਲੇ ਕੱਪੜੇ ਪਾਓ।

ਇਹ ਵੀ ਪੜ੍ਹੋ : ਆਯੂਸ਼ਮਾਨ ਕਾਰਡ ਦਾ ਲਾਭ ਲੈਣ ਵਾਲੇ ਲੋਕ ਦੇਣ ਧਿਆਨ, ਯੋਜਨਾ 'ਚ ਸ਼ਾਮਲ ਹੋਵੇਗਾ ਇਹ ਮਹਿੰਗਾ ਇਲਾਜ!

ਕੋਸ਼ਿਸ਼ ਕਰੋ ਕਿ ਗਰਮੀਆਂ ਵਿਚ ਸਿਰਫ ਸੂਤੀ ਕੱਪੜੇ ਹੀ ਪਹਿਨੇ ਜਾਣ। ਸਿੱਧੀ ਧੁੱਪ ਤੋਂ ਆਪਣੇ ਸਿਰ ਨੂੰ ਢੱਕਣ ਲਈ ਛੱਤਰੀ, ਟੋਪੀ, ਤੌਲੀਆ, ਪੱਗ ਜਾਂ ਦੁਪੱਟੇ ਦੀ ਵਰਤੋਂ ਕਰਨੀ ਚਾਹੀਦੀ ਹੈ। ਨੰਗੇ ਪੈਰੀਂ ਬਾਹਰ ਨਹੀਂ ਜਾਣਾ ਚਾਹੀਦਾ, ਧੁੱਪ ਵਿਚ ਬਾਹਰ ਜਾਣ ਵੇਲੇ ਹਮੇਸ਼ਾ ਜੁੱਤੀ ਜਾਂ ਚੱਪਲਾਂ ਪਾਓ। ਧੁੱਪ ’ਚ ਕੰਮ ਕਰਨ ਵਾਲੇ ਲੋਕਾਂ ਨੂੰ ਸਰੀਰ ਦਾ ਤਾਪਮਾਨ ਸਹੀ ਬਰਕਰਾਰ ਰੱਖਣ ਲਈ ਛਾਂ ਵਿਚ ਆਰਾਮ ਕਰਨਾ ਚਾਹੀਦਾ ਹੈ ਜਾਂ ਸਿਰ ’ਤੇ ਗਿੱਲਾ ਕੱਪੜਾ ਰੱਖਣਾ ਚਾਹੀਦਾ ਹੈ। ਧੁੱਪ ਵਿਚ ਨਿਕਲਦੇ ਸਮੇਂ ਹਮੇਸ਼ਾ ਪਾਣੀ ਨਾਲ ਰੱਖੋ। ਮੌਸਮੀ ਫਲ ਅਤੇ ਸਬਜ਼ੀਆਂ ਜਿਵੇਂ ਕਿ ਤਰਬੂਜ, ਸੰਤਰਾ, ਅੰਗੂਰ, ਖੀਰੇ ਅਤੇ ਟਮਾਟਰ ਖਾਓ ਕਿਉਂਕਿ ਇਨ੍ਹਾਂ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


author

Babita

Content Editor

Related News