ਤਮਗਾ ਜੇਤੂ ਬੱਚਿਆਂ ਦਾ ਇਲਾਕਾ ਵਾਸੀਆਂ ਕੀਤਾ ਭਰਵਾਂ ਸਵਾਗਤ

Wednesday, Apr 04, 2018 - 04:15 AM (IST)

ਝਬਾਲ/ਬੀੜ ਸਾਹਿਬ, (ਲਾਲੂ ਘੁੰਮਣ, ਬਖਤਾਵਰ, ਭਾਟੀਆ)- ਇਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਸ ਦੇ ਉਲਟ ਇਕ ਪ੍ਰਤੱਖ ਮਿਸਾਲ ਇਹ ਸਾਹਮਣੇ ਆਈ ਹੈ ਕਿ ਕਸਬਾ ਝਬਾਲ ਨਾਲ ਸਬੰਧਤ ਤੀਰ ਅੰਦਾਜ਼ੀ 'ਚ ਜੇਤੂ 3 ਬੱਚਿਆਂ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਅਣਗੌਲਿਆਂ ਕੀਤਾ ਜਾ ਰਿਹਾ ਹੈ।  ਸਿੰਗਾਪੁਰ ਸਥਿਤ 19 ਮਾਰਚ ਨੂੰ ਅੰਡਰ-14 ਬੱਚਿਆਂ ਦੇ ਤੀਰ ਅੰਦਾਜ਼ੀ ਮੁਕਾਬਲੇ 'ਚ 10 ਦੇਸ਼ਾਂ 'ਚ ਭਾਰਤ ਵੱਲੋਂ ਖੇਡਣ ਵਾਲੇ ਜ਼ਿਲਾ ਤਰਨਤਾਰਨ ਦੇ ਕਸਬਾ ਝਬਾਲ ਨਾਲ ਸਬੰਧਤ 3 ਬੱਚਿਆਂ ਨਿਹਾਲ ਸਿੰਘ ਵਾਸੀ ਪੰਜਵੜ, ਸ਼ਹਿਬਵੀਰ ਸਿੰਘ ਸੈਫੀ ਵਾਸੀ ਝਬਾਲ ਤੇ ਜੈਕਵਪ੍ਰੀਤ ਸਿੰਘ ਵਾਸੀ ਝਬਾਲ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਵੀਅਤਨਾਮ ਦੇਸ਼ ਨੂੰ ਹਰਾ ਕੇ ਕਾਂਸੀ ਤਮਗਾ ਭਾਰਤ ਦੀ ਝੋਲੀ ਪਾਇਆ ਹੈ। ਇਨ੍ਹਾਂ ਤਿੰਨਾਂ ਬੱਚਿਆਂ ਨੂੰ ਭਾਵੇਂ ਹੀ ਇਲਾਕਾ ਵਾਸੀ ਤਾਂ ਹੱਥਾਂ 'ਤੇ ਚੁੱਕੀ ਫਿਰ ਰਹੇ ਹਨ ਤੇ ਪਰਿਵਾਰਾਂ 'ਚ ਵੀ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਪਰ ਜ਼ਿਲਾ ਪ੍ਰਸ਼ਾਸਨ ਤੇ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਵੱਲੋਂ ਹੁਣ ਤੱਕ ਫੋਕਾ ਆਸ਼ੀਰਵਾਦ ਵੀ ਨਾ ਦੇਣ ਕਰ ਕੇ ਇਲਾਕਾ ਵਾਸੀਆਂ ਤੇ ਪਰਿਵਾਰਾਂ 'ਚ ਰੋਸ ਪਾਇਆ ਜਾ ਰਿਹਾ ਹੈ। 
ਗੁਰਦੁਆਰਾ ਕਮੇਟੀ ਤੇ ਪੰਜਵੜ ਵਾਸੀਆਂ ਕੀਤਾ ਸਨਮਾਨਤ
ਗੁਰਦੁਆਰਾ ਸ਼ਹੀਦ ਸਿੰਘਾਂ ਪੰਜਵੜ ਵਿਖੇ ਰੱਖੇ ਗਏ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਮੌਕੇ ਗੁਰਦੁਆਰਾ ਲੋਕਲ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ ਫੌਜੀ ਤੇ ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਸੀਨੀਅਰ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਲਾਡੀ ਦੀ ਅਗਵਾਈ 'ਚ ਜੇਤੂ ਬੱਚਿਆਂ ਨਿਹਾਲ ਸਿੰਘ ਤੇ ਸ਼ਹਿਬਵੀਰ ਸਿੰਘ ਨੂੰ ਸਨਮਾਨਤ ਕੀਤਾ ਗਿਆ। ਪ੍ਰਧਾਨ ਬਲਦੇਵ ਸਿੰਘ ਤੇ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਲਾਡੀ ਪੰਜਵੜ ਨੇ ਕਿਹਾ ਕਿ ਜ਼ਿਲਾ ਤਰਨਤਾਰਨ ਹੀ ਨਹੀਂ ਸਗੋਂ ਪੂਰੇ ਪੰਜਾਬ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਿੰਗਾਪੁਰ ਦੀ ਧਰਤੀ 'ਤੇ ਗਏ ਇਨ੍ਹਾਂ ਬੱਚਿਆਂ ਕਾਂਸੀ ਤਮਗਾ ਭਾਰਤ ਦੀ ਝੋਲੀ ਪਾਇਆ ਹੈ। ਉਨ੍ਹਾਂ ਕਿਹਾ ਕਿ 12-12 ਸਾਲ ਦੇ ਇਨ੍ਹਾਂ ਬੱਚਿਆਂ ਨੇ ਇਕ ਮਿਸਾਲ ਕਾਇਮ ਕੀਤੀ ਹੈ, ਜਿਸ ਲਈ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਬੱਚਿਆਂ ਨੂੰ ਵਿਸ਼ੇਸ਼ ਸਨਮਾਨ ਦੇਣਾ ਚਾਹੀਦਾ ਹੈ। ਇਸ ਮੌਕੇ ਸਾਹਿਬ ਸਿੰਘ ਪੰਜਵੜ, ਸੁੱਚਾ ਸਿੰਘ ਪੰਜਵੜ, ਸਤਨਾਮ ਸਿੰਘ, ਨਰਿੰਜਣ ਸਿੰਘ, ਲਾਡੀ ਪੰਜਵੜ, ਜਗਦੇਵ ਸਿੰਘ ਹੈਪੀ, ਭੁਪਿੰਦਰ ਸਿੰਘ ਫੌਜੀ, ਰਾਮ ਸਿੰਘ, ਦੇਵ ਪੰਜਵੜ, ਨਰਿੰਦਰ ਸਿੰਘ ਪਹਿਲਵਾਨ, ਨਿਰਵੈਲ ਸਿੰਘ ਮਾਹਲਾ, ਡਾ. ਦਿਲਬਾਗ ਸਿੰਘ, ਜਸਬੀਰ ਸਿੰਘ, ਸ਼ਿਮਰਨਜੀਤ ਸਿੰਘ, ਭੁਪਿੰਦਰ ਸਿੰਘ, ਰਜਵੰਤ ਸਿੰਘ, ਪੂਰਨ ਸਿੰਘ, ਮੁਖਤਾਰ ਸਿੰਘ ਮੱਲ੍ਹੀ, ਕੁਲਦੀਪ ਸਿੰਘ, ਸੁਖਵਿੰਦਰ ਸਿੰਘ ਮਨੀ, ਹਰਦੇਵ ਸਿੰਘ, ਜਤਿੰਦਰ ਸਿੰਘ ਕਾਕਾ, ਅਮਨ ਮੰਗਾ ਪੰਜਵੜ ਆਦਿ ਹਾਜ਼ਰ ਸਨ।
ਸ਼ਹਿਬਵੀਰ  ਦਾ ਘਰ ਪਹੁੰਚਣ 'ਤੇ ਸ਼ਾਨਦਾਰ ਸਵਾਗਤ
ਕਸਬਾ ਝਬਾਲ ਦੇ ਸ਼ਹਿਬਵੀਰ ਸਿੰਘ ਉਰਫ ਸੈਫੀ ਪੁੱਤਰ ਦਵਿੰਦਰ ਸਿੰਘ (ਬੰਬੇ ਵਾਲੇ) ਦਾ ਘਰ ਪਹੁੰਚਣ 'ਤੇ ਪੂਰੇ ਪਰਿਵਾਰ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਸੈਫੀ ਦੀ ਦਾਦੀ ਪ੍ਰਕਾਸ਼ ਕੌਰ, ਮਾਂ ਰਣਜੀਤ ਕੌਰ, ਚਾਚੀ ਹਰਜੀਤ ਕੌਰ, ਭੈਣ ਸੁਰਨੂਰ ਕੌਰ, ਭੈਣ ਅਨੂਰੀਤ ਕੌਰ, ਭਵਜੋਤ ਸਿੰਘ ਭਰਾ, ਚਾਚਾ ਗੁਰਿੰਦਰ ਸਿੰਘ ਹੀਰਾ ਤੇ ਚਾਚਾ ਮਾਨਕ ਬੰਬੇ ਵੱਲੋਂ ਫੁੱਲਾਂ ਦੇ ਹਾਰ ਪਾ ਜਿੱਥੇ ਸੈਫੀ ਦਾ ਸਵਾਗਤ ਕੀਤਾ ਉਥੇ ਹੀ ਮਠਿਆਈ ਨਾਲ ਮੂੰਹ ਮਿੱਠਾ ਵੀ ਕਰਵਾਇਆ।   
ਰਿਪੋਰਟ ਮੰਗਵਾ ਕੇ ਬੱਚਿਆਂ ਦਾ ਕੀਤਾ
ਜਾਵੇਗਾ ਮਾਣ-ਸਤਿਕਾਰ : ਡੀ. ਸੀ.
ਡਿਪਟੀ ਕਮਿਸ਼ਨਰ ਤਰਨਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਨੇ ਜੇਤੂ ਬੱਚਿਆਂ ਦੀ ਜ਼ਿਲਾ ਸਪੋਰਟਸ ਵਿਭਾਗ ਤਰਨਤਾਰਨ ਰਾਹੀਂ ਸਬੰਧਤ ਯੂਨੀਵਰਸਿਟੀ ਤੋਂ ਰਿਪੋਰਟ ਮੰਗਵਾਉਣ ਦੀ ਗੱਲ ਕਰਦਿਆਂ ਕਿਹਾ ਕੇ ਬੱਚਿਆਂ ਦਾ ਜ਼ਿਲਾ ਪ੍ਰਸ਼ਾਸਨ ਵੱਲੋਂ ਜਲਦ ਬਣਦਾ ਮਾਣ ਸਤਿਕਾਰ ਕੀਤਾ ਜਾਵੇਗਾ। 
ਖੁਦ ਕਰਾਂਗਾ ਬੱਚਿਆਂ ਨੂੰ ਸਨਮਾਨਤ : ਵਿਧਾਇਕ ਡਾ. ਅਗਨੀਹੋਤਰੀ
ਹਲਕਾ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਨੇ ਤੀਰ ਅੰਦਾਜ਼ੀ 'ਚ ਜਿੱਤ ਪ੍ਰਾਪਤ ਕਰਨ ਵਾਲੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ, ਸਕੂਲ ਸਟਾਫ ਤੇ ਕੋਚ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਛੋਟੇ ਬੱਚਿਆਂ ਨੇ ਤਰਨਤਾਰਨ ਜ਼ਿਲੇ ਹੀ ਨਹੀਂ ਪੂਰੇ ਪੰਜਾਬ ਲਈ ਵੱਡੀ ਮਿਸਾਲ ਪੈਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਉਹ ਖੁਦ ਇਨ੍ਹਾਂ ਬੱਚਿਆਂ ਨੂੰ ਸਨਮਾਨਤ ਕਰਨਗੇ।


Related News