ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਿਮਾਇਤ ''ਚ ਆਏ ਬਰਿੰਦਰ ਢਿੱਲੋਂ, ਕੀਤਾ ਵੱਡਾ ਐਲਾਨ

11/27/2020 2:07:31 PM

ਚੰਡੀਗੜ੍ਹ (ਅਸ਼ਵਨੀ) : ਭਾਰਤ ਸਰਕਾਰ ਵਲੋਂ ਬਣਾਏ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ 'ਚ ਪੰਜਾਬ ਯੂਥ ਕਾਂਗਰਸ ਨੇ ਆਪਣੀ ਵਚਨ ਬੱਧਤਾ ਮੁੜ ਦੁਹਰਾਈ ਹੈ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਸੰਘਰਸ਼ ਕਰ ਰਹੇ ਕਿਸਾਨਾਂ ਲਈ ਲੰਗਰ ਦੇ ਨਾਲ-ਨਾਲ ਮੁੱਢਲੀਆਂ ਮੈਡੀਕਲ ਸੇਵਾਵਾਂ ਮੁਹੱਈਆ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਸਭ ਇੰਤਜ਼ਾਮਾਂ ਦੇ ਲਈ ਬਰਿੰਦਰ ਸਿੰਘ ਢਿੱਲੋਂ ਨੇ ਕੱਲ੍ਹ ਸ਼ਾਮ ਤੋਂ ਹੀ ਆਪਣੀ ਟੀਮ ਸਮੇਤ ਦਿੱਲੀ 'ਚ ਡੇਰਾ ਲਗਾਇਆ ਹੋਇਆ ਹੈ। ਉੱਥੇ ਹੀ ਪੰਜਾਬ ਯੂਥ ਕਾਂਗਰਸ ਨੇ ਇੰਡੀਅਨ ਯੂਥ ਕਾਂਗਰਸ ਦੇ ਦਫ਼ਤਰ ਨੂੰ ਸਰਾਂ 'ਚ ਤਬਦੀਲ ਕਰ ਦਿਤਾ ਹੈ। ਕਿਸਾਨੀ ਕਾਨੂੰਨਾਂ ਨੂੰ ਖ਼ੇਤੀ ਤਬਾਹ ਕਰਨ ਵਾਲੇ ਕਰਾਰ ਦਿੰਦਿਆਂ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਆਪਣੀ ਹੋਂਦ ਦੀ ਲੜਾਈ ਲੜ ਰਹੇ ਕਿਸਾਨਾਂ ਨਾਲ ਪੰਜਾਬ ਯੂਥ ਕਾਂਗਰਸ ਚੱਟਾਨ ਵਾਂਗ ਖੜ੍ਹੀ ਹੈ ਅਤੇ ਸੰਘਰਸ਼ ਦੌਰਾਨ ਕਿਸਾਨਾਂ ਦੀਆਂ ਲੋੜਾਂ ਅਨੁਸਾਰ ਪ੍ਰਬੰਧ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਦਿੱਲੀ ਜਾ ਰਹੇ ਕਿਸਾਨਾਂ ਲਈ ਪੰਜਾਬ ਯੂਥ ਕਾਂਗਰਸ ਵਲੋਂ ਲੰਗਰ ਦੇ ਨਾਲ-ਨਾਲ ਮੈਡੀਕਲ ਟੀਮਾਂ ਵੀ ਸੇਵਾ ਦੇਣਗੀਆਂ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਧਰਨਿਆਂ ਸਮੇਂ ਨਿਰੰਤਰ ਲੰਗਰ ਜਾਰੀ ਰਹੇਗਾ ਅਤੇ ਦਿੱਲੀ ਜਾ ਰਹੇ ਕਿਸਾਨਾਂ ਲਈ ਵੀ ਰਸਤਿਆਂ ਵਿਚ ਪ੍ਰਬੰਧ ਕੀਤੇ ਜਾਣਗੇ। ਇਸ ਦੇ ਨਾਲ ਹੀ ਦਿੱਲੀ ਜਾ ਰਹੇ ਕਿਸਾਨਾਂ ਦੇ ਰਹਿਣ ਦਾ ਵੀ ਪੁਖ਼ਤਾ ਪ੍ਰਬੰਧ ਪੰਜਾਬ ਯੂਥ ਕਾਂਗਰਸ ਦੇ ਵਲੋਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ, ਕੇਂਦਰ ਨੂੰ ਫਿਰ ਦਿੱਤੀ ਚਿਤਾਵਨੀ

ਇਸ ਦੇ ਨਾਲ ਬਰਿੰਦਰ ਸਿੰਘ ਢਿੱਲੋਂ ਨੇ ਪੰਜਾਬ ਦੇ ਸਾਰੇ ਮੈਂਬਰ ਪਾਰਲੀਮੈਂਟਾ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੇ ਰਹਿਣ ਦਾ ਪ੍ਰਬੰਧ ਉਨ੍ਹਾਂ ਦੇ ਆਪਣੇ ਗ੍ਰਹਿ ਨਿਵਾਸ ਵਿਖੇ ਹੀ ਕੀਤਾ ਜਾਵੇ। ਬਰਿੰਦਰ ਢਿੱਲੋਂ ਨੇ ਕਿਹਾ ਕਿ ਦੇਸ਼ ਦੀ ਕੇਂਦਰ ਅਤੇ ਹਰਿਆਣਾ ਸਰਕਾਰ ਵਲੋਂ ਕਿਸਾਨੀ ਨੂੰ ਦਬਾਉਣ ਲਈ ਕੀਤੀ ਜਾ ਰਹੀ ਅੜੀ ਦੇਸ਼ ਦੇ ਹਿੱਤ ਵਿਚ ਨਹੀਂ ਹੈ। ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣਾ ਚਾਹੀਦਾ ਹੈ, ਕਿਉਂਕਿ ਕਿਸਾਨੀ ਨਾਲ ਦੇਸ਼ ਦਾ ਅਰਥਚਾਰਾ ਨੇੜਿਉਂ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਨਦਾਤੇ ਕਿਸਾਨਾਂ ਦੀ ਮੰਗਾਂ 'ਤੇ ਕੇਂਦਰ ਸਰਕਾਰ ਵਲੋਂ ਗੌਰ ਨਾ ਕਰਨਾ ਦੁੱਖਦਾਈ ਹੈ। ਜੇਕਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਸੰਜੀਦਗੀ ਨਾਲ ਨਾ ਲਿਆ ਤਾਂ ਭਵਿੱਖ ਵਿਚ ਇਸ ਦਾ ਦੇਸ਼ 'ਤੇ ਡੂੰਘਾ ਅਸਰ ਪਵੇਗਾ।

ਇਹ ਵੀ ਪੜ੍ਹੋ : ਕਿਸਾਨਾਂ ਦੇ ਹੱਕ 'ਚ ਆਏ SGPC ਨੇ ਕੀਤਾ ਵੱਡਾ ਐਲਾਨ


Anuradha

Content Editor

Related News