‘ਚੰਦਰਭਾਨ ਡਰੇਨ’ ਓਵਰਫ਼ਲੋਅ, ਹਿੰਮਤਪੁਰਾ ਦਾ ਦੂਸਰਾ ਪੁਲ ਵੀ ਰੁੜ੍ਹਿਆ

Saturday, Jul 21, 2018 - 08:33 AM (IST)

‘ਚੰਦਰਭਾਨ ਡਰੇਨ’ ਓਵਰਫ਼ਲੋਅ, ਹਿੰਮਤਪੁਰਾ ਦਾ ਦੂਸਰਾ ਪੁਲ ਵੀ ਰੁੜ੍ਹਿਆ

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ) - ਪਿਛਲੇ ਦੋ ਦਿਨਾਂ ਤੋਂ ‘ਚੰਦਰਭਾਨ’  ਡਰੇਨ ਦੇ ਓਵਰਫਲੋਅ ਹੋਣ ਕਾਰਨ ਹਲਕੇ ਦੇ ਪਿੰਡਾਂ ’ਚ ਹਡ਼੍ਹਾਂ ਵਰਗੇ ਹਾਲਾਤ ਬਣ  ਗਏ ਹਨ। ਇਸ ਡਰੇਨ ਨੇ ਪਿੰਡ ਹਿੰਮਤਪੁਰਾ ਦੇ ਬਾਹਰ ਮੋਗਾ-ਬਰਨਾਲਾ ਮੁੱਖ ਰਾਸ਼ਟਰੀ ਮਾਰਗ ’ਤੇ ਬਣਾਇਆ ਆਰਜ਼ੀ ਪੁਲ ਢਹਿ-ਢੇਰੀ ਕਰ ਦਿੱਤਾ ਸੀ, ਜਿਸ ਕਾਰਨ ਰਾਸ਼ਟਰੀ ਮਾਰਗ ਦੀ ਸਾਰੀ ਟਰੈਫਿਕ ਲਿੰਕ ਰੋਡ ਉੱਪਰੋਂ  ਲੰਘਾਉਣੀ  ਸ਼ੁਰੂ ਕਰ ਦਿੱਤੀ ਸੀ ਪਰ ਦੂਸਰੇ ਦਿਨ ਪਿੰਡ ਹਿੰਮਤਪੁਰਾ ਦਾ ਇਹ ਦੂਸਰਾ ਪੁਲ ਵੀ ਪਾਣੀ ਦੇ ਵਹਾਅ ਕਾਰਨ ਰੁਡ਼੍ਹ ਗਿਆ। ਇਸ ਸਮੱਸਿਆ ਕਾਰਨ ਜਿੱਥੇ ਕਈ ਜ਼ਿਲਿਆਂ ਦੇ ਲੋਕਾਂ ਲਈ ਆਉਣ-ਜਾਣ ’ਚ ਵੱਡੀ ਸਮੱਸਿਆ ਪੈਦਾ ਹੋ ਗਈ, ਉਥੇ  ਹੀ ਵੱਡਾ ਹਾਦਸਾ ਹੋਣ ਦਾ ਵੀ ਖਤਰਾ ਬਣਿਆ ਹੋਇਆ ਹੈ   ਕਿਉਂਕਿ ਇਸ ਡਰੇਨ ’ਤੇ ਪਿੰਡ ਹਿੰਮਤਪੁਰਾ ਤੋਂ ਭਾਗੀਕੇ, ਹਿੰਮਤਪੁਰਾ ਤੋਂ ਬਿਲਾਸਪੁਰ, ਹਿੰਮਤਪੁਰਾ ਤੋਂ ਮਾਛੀਕੇ ਅਤੇ ਪਿੰਡ ਭਾਗੀਕੇ ਦੇ ਪਿੰਡ ਤੋਂ ਇਲਾਵਾ ਪੱਤੋ ਵਿਖੇ ਬਣਿਆ ਡਰੇਨ ਦਾ ਪੁਲ ਵੀ ਨਾਜ਼ੁਕ ਹਾਲਤ ’ਚ ਹੈ।
ਜ਼ਿਲਾ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨੇ ਮੌਕੇ ਦਾ ਜਾਇਜ਼ਾ ਲੈਣ ਲਈ ਕੋਈ ਯਤਨ ਨਹੀਂ ਕੀਤਾ। ਸ਼ਾਇਦ ਪ੍ਰਸ਼ਾਸਨ ਹਾਲੇ ਕਿਸੇ ਵੱਡੇ ਹਾਦਸੇ ਦੀ ਉਡੀਕ ’ਚ ਹੈ। ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਐਡਵੋਕੇਟ ਨਸੀਬ ਬਾਵਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਕਾਕਾ ਸਿੰਘ ਮਾਛੀਕੇ, ਜੰਗੀਰ ਸਿੰਘ ਹਿੰਮਤਪੁਰਾ, ਮਜ਼ਦੂਰ ਆਗੂ ਜੀਵਨ ਸਿੰਘ ਬਿਲਾਸਪੁਰ, ਗੁਰਮੇਲ ਸਿੰਘ ਮਾਛੀਕੇ, ਦਰਸ਼ਨ ਸਿੰਘ ਹਿੰਮਤਪੁਰਾ ਨੇ ਜ਼ਿਲਾ ਪ੍ਰਸ਼ਾਸਨ ਵੱਲੋਂ ਧਾਰਨ ਕੀਤੇ  ਗਏ ਲੋਕ ਵਿਰੋਧੀ ਵਤੀਰੇ ਦੀ ਸਖਤ ਸ਼ਬਦਾਂ ’ਚ ਨਿੰਦਾ ਕਰਦਿਆਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਨਜ਼ਰ-ਅੰਦਾਜ਼ ਕਰਨ ਵਾਲੇ ਅਧਿਕਾਰੀਆਂ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ।


Related News