ਜਦੋਂ ਲਾੜੀ ਨੂੰ ਚੁੱਕ ਕੇ ਨਹਿਰ ''ਚ ਉਤਰ ਗਿਆ ਲਾੜਾ, ਖਿੜ-ਖਿੜ ਹੱਸ ਪਏ ਬਾਰਾਤੀ (ਤਸਵੀਰਾਂ)
Sunday, Jul 17, 2016 - 02:39 PM (IST)

ਜਲੰਧਰ : ਬਿਆਸ ਦਰਿਆ ਦੇ ਕੰਢੇ ਬਣੇ ਸੁਲਤਾਨਪੁਰ ਲੋਧੀ ਦੇ ਮੰਡ ਟਾਪੂ ''ਚ ਇਕ ਲਾੜਾ ਆਪਣੀ ਲਾੜੀ ਨੂੰ ਵਿਆਹ ਕੇ ਲਿਆ ਰਿਹਾ ਸੀ। ਇਸ ਦੌਰਾਨ ਉਸ ਦੀ ਬੇੜੀ ਕਿਨਾਰੇ ਤੋਂ ਪਹਿਲਾਂ ਹੀ ਫਸ ਗਈ ਅਤੇ ਇਕ-ਇਕ ਕਰਕੇ ਸਾਰੇ ਬਾਰਾਤੀ ਉਤਰਣ ਲੱਗੇ ਤਾਂ ਪਾਣੀ ਵਿਚ ਖੜ੍ਹੀ ਬੇੜੀ ਵਿਚ ਬੈਠੀ ਸਹਿਮੀ ਹੋਈ ਲਾੜੀ ਨੇ ਲਾੜੇ ਨੂੰ ਕਿਹਾ ਕਿ ਪਾਣੀ ਵਿਚ ਕਿਤੇ ਸੱਪ ਤਾਂ ਨਹੀਂ ਹੋਵੇਗਾ? ਇਸ ''ਤੇ ਲਾੜੇ ਨੇ ਉਸ ਨੂੰ ਬਾਹਾਂ ''ਚ ਚੁੱਕ ਲਿਆ ਅਤੇ ਪਾਣੀ ਵਿਚ ਉਤਰ ਗਿਆ।
ਜਾਣਕਾਰੀ ਅਨੁਸਾਰ ਕਿਸਾਨ ਦਿਲਬਾਗ ਸਿੰਘ ਦਾ ਸ਼ਨੀਵਾਰ ਨੂੰ ਵਿਆਹ ਸੀ। ਉਹ ਵਿਆਹ ਤੋਂ ਬਾਅਦ ਆਪਣੀ ਪਤਨੀ ਬਲਜੀਤ ਕੌਰ ਨੂੰ ਲੈ ਕੇ ਬੇੜੀ ਰਾਹੀਂ ਘਰ ਆ ਰਿਹਾ ਸੀ ਪਰ ਬੇੜੀ ਨਹਿਰ ਦੇ ਕਿਨਾਰੇ ਫਸ ਗਈ। ਬਾਰਾਤ ਨੇ ਅੱਗੇ ਪੈਦਲ ਚੱਲ ਕੇ ਘਰ ਜਾਣ ਦਾ ਫੈਸਲਾ ਲਿਆ। ਲਾੜੀ ਨੂੰ ਪਾਣੀ ਵਿਚ ਸੱਪ ਦਾ ਡਰ ਸੀ ਜਿਸ ਕਾਰਨ ਉਹ ਪਾਣੀ ਵਿਚ ਨਹੀਂ ਉਤਰ ਰਹੀ ਸੀ। ਫਿਰ ਕੀ ਸੀ ਲਾੜੇ ਨੇ ਲਾੜੀ ਨੂੰ ਬਾਹਾਂ ਵਿਚ ਚੁੱਕਿਆ ਅਤੇ ਨਹਿਰ ਪਾਰ ਕਰਵਾ ਦਿੱਤੀ। ਇਹ ਮੰਜ਼ਰ ਦੇਖ ਕੇ ਬਾਰਾਤੀ ਵੀ ਖਿੜ-ਖਿੜ ਹੱਸਣ ਲੱਗ ਪਏ।
ਇਸ ਇਲਾਕੇ ''ਚ 16 ਪਿੰਡਾਂ ਦੀ ਜਨਸੰਖਿਆ ਲਗਭਗ 3500 ਹੈ। ਘੱਟ ਸਾਧਨਾਂ ਦੇ ਕਾਰਨ ਕੁੜੀਆਂ ਦੇ ਵਿਆਹ ਵੀ ਮੁਸ਼ਕਲ ਨਾਲ ਹੁੰਦੇ ਹਨ। ਇਲਾਕੇ ਦੇ ਬੱਚੇ ਪਿੰਡ ''ਚ ਦਰਿਆ ਪਾਰ ਕਰਕੇ ਸ਼ਹਿਰ ਜਾਂਦੇ ਹਨ। ਫੌਜ ਨੇ 3 ਸਾਲ ਪਹਿਲਾਂ ਇਥੇ ਪੁੱਲ ਬਣਾਇਆ ਸੀ। ਬਰਸਾਤ ਦੇ ਦਿਨਾਂ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਪੁੱਲ ਨੂੰ ਜੁਲਾਈ-ਅਗਸਤ ''ਚ ਬੰਦ ਕਰ ਦਿੱਤਾ ਜਾਂਦਾ ਹੈ। ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।