ਰਿਸ਼ਵਤ ਲੈ ਕੇ ਵਧਾਈ ਰਿਟਾਇਰਮੈਂਟ ਦੀ ਮਿਆਦ, ਹੋਮਗਾਰਡਜ਼ ਦੀ ਜ਼ਿਲ੍ਹਾ ਕਮਾਂਡਰ ਤੇ ਪਲਟੂਨ ਕਮਾਂਡਰ ਖ਼ਿਲਾਫ਼ ਕੇਸ ਦਰਜ

Sunday, May 29, 2022 - 12:33 PM (IST)

ਰਿਸ਼ਵਤ ਲੈ ਕੇ ਵਧਾਈ ਰਿਟਾਇਰਮੈਂਟ ਦੀ ਮਿਆਦ, ਹੋਮਗਾਰਡਜ਼ ਦੀ ਜ਼ਿਲ੍ਹਾ ਕਮਾਂਡਰ ਤੇ ਪਲਟੂਨ ਕਮਾਂਡਰ ਖ਼ਿਲਾਫ਼ ਕੇਸ ਦਰਜ

ਜਲੰਧਰ (ਸੋਮਨਾਥ)– ਵਿਜੀਲੈਂਸ ਬਿਊਰੋ ਨੇ ਸ਼ਨੀਵਾਰ ਇਕ ਵੱਡੀ ਕਾਰਵਾਈ ਕਰਦਿਆਂ ਪੰਜਾਬ ਹੋਮਗਾਰਡਜ਼ ਦੀ ਜ਼ਿਲ੍ਹਾ ਕਮਾਂਡਰ ਨਿਰਮਲਾ ਅਤੇ ਪਲਟੂਨ ਅਨਮੋਲ ਮੋਤੀ ਨੂੰ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਅਤੇ ਹੋਮਗਾਰਡਜ਼ ਦੇ ਵਾਲੰਟੀਅਰ ਸੇਵਾ ਰਾਮ ਦੀ ਰਿਟਾਇਰਮੈਂਟ ਦੀ ਉਮਰ ਵਿਚ ਵਾਧਾ ਕਰਨ ਲਈ ਰਿਸ਼ਵਤ ਲੈਣ ਦੇ ਜੁਰਮ ਵਿਚ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਰੇਂਜ ਦੇ ਐੱਸ. ਐੱਸ. ਪੀ. ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦੀ ਰੋਕਥਾਮ ਲਈ ਜਾਰੀ ਕੀਤੇ ਵ੍ਹਟਸਐਪ ਨੰਬਰ ’ਤੇ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਨੇ ਇਹ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਸੰਤ ਬਲਬੀਰ ਸਿੰਘ ਸੀਚੇਵਾਲ ਦਾ ਵੱਡਾ ਬਿਆਨ, ਰਾਜ ਸਭਾ ’ਚ ਜਾਵਾਂਗਾ ਪਰ ਸਰਗਰਮ ਸਿਆਸਤ ਤੋਂ ਰਹਾਂਗਾ ਦੂਰ

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਸੇਵਾ ਰਾਮ ਨੇ ਭਰਤੀ ਹੋਣ ’ਤੇ ਆਪਣੇ ਭਰਤੀ ਫਾਰਮ ਵਿਚ ਉਮਰ 25 ਸਾਲ ਹੀ ਲਿਖੀ ਸੀ ਅਤੇ ਜਨਮ ਤਰੀਕ ਦਾ ਕੋਈ ਵਿਸ਼ੇਸ਼ ਜ਼ਿਕਰ ਨਹੀਂ ਕੀਤਾ ਸੀ। ਫਾਰਮ ਵਿਚ ਦਿਖਾਈ ਉਮਰ ਦੇ ਹਿਸਾਬ ਨਾਲ ਸੇਵਾ ਰਾਮ ਦੀ 17-5-2021 ਨੂੰ 58 ਸਾਲ ਉਮਰ ਬਣਦੀ ਸੀ। ਸੇਵਾ ਰਾਮ ਨੇ ਆਪਣੀ ਸ਼ਿਕਾਇਤ ਵਿਚ ਲਿਖਿਆ ਹੈ ਕਿ ਪਲਟੂਨ ਕਮਾਂਡਰ ਅਨਮੋਲ ਮੋਤੀ ਨੇ ਉਸ ਨੂੰ 1-5-2021 ਨੂੰ ਆਪਣੇ ਦਫ਼ਤਰ ਵਿਚ ਬੁਲਾ ਕੇ ਜ਼ਿਲਾ ਹੋਮਗਾਰਡਜ਼ ਕਮਾਂਡਰ ਨਿਰਮਲਾ ਸਾਹਮਣੇ ਪੇਸ਼ ਕੀਤਾ ਜਿੱਥੇ ਉਸ ਦੀ ਰਿਟਾਇਰਮੈਂਟ ਮਈ ਹੋਣ ਬਾਰੇ ਜਾਣੂ ਕਰਵਾਇਆ ਗਿਆ ਪਰ ਉਸਨੇ ਆਪਣੀ ਜਨਮ ਤਰੀਕ 25-8-1970 ਹੋਣ ਸਬੰਧੀ ਜਾਣੂ ਕਰਵਾਉਂਦਿਆਂ ਕਿਹਾ ਕਿ ਉਸ ਦੀ ਨੌਕਰੀ ਅਜੇ 7 ਸਾਲ ਹੋਰ ਬਾਕੀ ਹੈ। ਨਿਰਮਲਾ ਨੇ ਸ਼ਿਕਾਇਤਕਰਤਾ ਸੇਵਾ ਰਾਮ ਦੀ ਨੌਕਰੀ ਵਿਚ ਵਾਧਾ ਕਰਨ ਲਈ ਪਲਟੂਨ ਕਮਾਂਡਰ ਅਨਮੋਲ ਮੋਤੀ ਜ਼ਰੀਏ ਰਿਸ਼ਵਤ ਦੀ ਮੰਗ ਕੀਤੀ।

ਇਹ ਵੀ ਪੜ੍ਹੋ:  ਫਿਲੌਰ ਦੇ ਪਿੰਡ 'ਚ SSP ਸਵਪਨ ਸ਼ਰਮਾ ਨੇ ਪੁਲਸ ਟੀਮ ਨਾਲ ਮਾਰਿਆ ਛਾਪਾ, ਨਸ਼ਾ ਵੇਚਣ ਵਾਲਿਆਂ ਨੂੰ ਪਈਆਂ ਭਾਜੜਾਂ

ਐੱਸ. ਐੱਸ. ਪੀ. ਨੇ ਦੱਸਿਆ ਕਿ ਸ਼ਿਕਾਇਤਕਰਤਾ ਵੱਲੋਂ ਆਪਣੀ ਨੌਕਰੀ ਦੇ ਕਾਰਜਕਾਲ ਵਿਚ ਵਾਧਾ ਕਰਨ ਲਈ ਉਕਤ ਜ਼ਿਲਾ ਕਮਾਂਡਰ ਦੀ ਮੰਗ ਅਨੁਸਾਰ 2,40,000 ਰੁਪਏ ਪਲਟੂਨ ਕਮਾਂਡਰ ਨੂੰ ਵੱਖ-ਵੱਖ ਤਰੀਕਾਂ ਨੂੰ ਦਿੱਤੇ, ਜਿਸ ਨੇ ਇਹ ਰਕਮ ਅੱਗੇ ਜ਼ਿਲਾ ਕਮਾਂਡਰ ਨੂੰ ਦੇ ਦਿੱਤੀ। ਉਨ੍ਹਾਂ ਕਿਹਾ ਕਿ ਪੜਤਾਲ ਦੌਰਾਨ ਪਾਇਆ ਗਿਆ ਕਿ ਮੁਲਜ਼ਮ ਜ਼ਿਲਾ ਕਮਾਂਡਰ ਵੱਲੋਂ ਸੇਵਾ ਰਾਮ ਨੂੰ ਨੌਕਰੀ ਲਈ ਅਯੋਗ ਹੋਣ ਦੇ ਬਾਵਜੂਦ ਉਸਦੇ ਸੇਵਾਕਾਲ ਵਿਚ ਵਾਧਾ ਕਰਨ ਦੇ ਮੰਤਵ ਨਾਲ ਗਾਰਡ ਸੇਵਾ ਰਾਮ ਦੀ ਜਨਮ ਤਰੀਕ 25-8-1970 ਨੂੰ ਮਾਨਤਾ ਦੇ ਕੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਸ਼ਿਕਾਇਤਕਰਤਾ ਕੋਲੋਂ ਰਿਸ਼ਵਤ ਦੀ ਰਕਮ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਸ਼ਾਂ ਦੇ ਆਧਾਰ ’ਤੇ ਉਕਤ ਦੋਵਾਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਧੀਨ ਧਾਰਾ 7 ਅਤੇ 7-ਏ, ਆਈ. ਪੀ. ਸੀ. ਦੀ ਧਾਰਾ 120-ਬੀ ਅਧੀਨ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਪੁਲਸ ਥਾਣੇ ਵਿਚ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਬਟਾਲਾ ’ਚ ਵਾਪਰੀ ਬੇਅਦਬੀ ਦੀ ਘਟਨਾ, ਘਰ 'ਚ ਫਟੇ ਮਿਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News