ਪੰਜਾਬ ਪੁਲਸ ਦਾ ਏ. ਐੱਸ. ਆਈ. ਤੇ ਕਾਂਸਟੇਬਲ 30 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਫੜੇ
Friday, Oct 27, 2017 - 05:25 AM (IST)
ਫਿਰੋਜ਼ਪੁਰ (ਮਲਹੋਤਰਾ) - ਵਿਜੀਲੈਂਸ ਬਿਊਰੋ ਦੀ ਟੀਮ ਨੇ ਪੰਜਾਬ ਪੁਲਸ ਦੇ ਇਕ ਏ. ਐੱਸ. ਆਈ. ਤੇ ਇਕ ਕਾਂਸਟੇਬਲ ਨੂੰ 30 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਐੱਸ. ਐੱਸ. ਪੀ. ਵਿਜੀਲੈਂਸ ਹਰਗੋਬਿੰਦ ਸਿੰਘ ਨੇ ਦੱਸਿਆ ਕਿ ਸੁਖਪ੍ਰੀਤ ਕੌਰ ਵਾਸੀ ਪਿੰਡ ਮਾਛੀ ਬੁਗਰਾ ਨੇ ਸ਼ਿਕਾਇਤ ਦਿੱਤੀ ਸੀ ਕਿ ਥਾਣਾ ਤਲਵੰਡੀ ਭਾਈ 'ਚ ਤਾਇਨਾਤ ਏ. ਐੱਸ. ਆਈ. ਤੇ ਕਾਂਸਟੇਬਲ ਉਸ 'ਤੇ ਨਸ਼ੇ ਦਾ ਝੂਠਾ ਕੇਸ ਪਾਉਣ ਦਾ ਦਬਾਅ ਬਣਾ ਕੇ ਉਸ ਤੋਂ ਰਿਸ਼ਵਤ ਦੀ ਮੰਗ ਕਰ ਰਹੇ ਹਨ। ਐੱਸ. ਐੱਸ. ਪੀ. ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਏ ਸਨ ਕਿ ਏ. ਐੱਸ. ਆਈ. ਸਮਰਾਜ ਸਿੰਘ ਤੇ ਕਾਂਸਟੇਬਲ ਰਾਜਵਿੰਦਰ ਸਿੰਘ ਨਾਲ ਉਸ ਦਾ 60 ਹਜ਼ਾਰ ਰੁਪਏ 'ਚ ਸੌਦਾ ਤੈਅ ਹੋਇਆ ਸੀ, ਜਿਸ 'ਚੋਂ 30 ਹਜ਼ਾਰ ਰੁਪਏ ਉਹ ਪਹਿਲਾਂ ਉਸ ਤੋਂ ਲਿਜਾ ਚੁੱਕੇ ਸਨ ਤੇ ਬਾਕੀ 30 ਹਜ਼ਾਰ ਰੁਪਏ ਅੱਜ ਦੇਣੇ ਸਨ। ਸ਼ਿਕਾਇਤ ਦੇ ਆਧਾਰ 'ਤੇ ਸਰਕਾਰੀ ਤੇ ਸ਼ੈਡੋ ਗਵਾਹਾਂ ਦੀ ਹਾਜ਼ਰੀ 'ਚ ਪਿੰਡ ਮਾਛੀ ਬੁਗਰਾ 'ਚ ਸੁਖਪ੍ਰੀਤ ਕੌਰ ਦੇ ਘਰ ਛਾਪਾ ਮਾਰ ਕੇ ਉਕਤ ਏ. ਐੱਸ. ਆਈ. ਤੇ ਕਾਂਸਟੇਬਲ ਨੂੰ 30 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਵਿਰੁੱਧ ਪਰਚਾ ਦਰਜ ਕਰ ਲਿਆ ਹੈ।