ਚੋਰੀ ਦੇ ਕੇਸ ''ਚ ਫਸਾਉਣ ਦਾ ਡਰ ਦਿਖਾ ਕੇ ਲਈ 80 ਹਜ਼ਾਰ ਦੀ ਰਿਸ਼ਵਤ
Tuesday, May 28, 2024 - 03:52 PM (IST)
ਫਿਰੋਜ਼ਪੁਰ (ਮਲਹੋਤਰਾ) : ਇਕ ਵਿਅਕਤੀ ਨੂੰ ਚੋਰੀ ਦੇ ਕੇਸ 'ਚ ਫਸਾਉਣ ਦਾ ਡਰ ਦਿਖਾ ਕੇ ਉਸ ਕੋਲੋਂ ਰਿਸ਼ਵਤ ਲੈਣ ਵਾਲੇ ਸਹਾਇਕ ਥਾਣੇਦਾਰ ਅਤੇ ਸੇਵਾਮੁਕਤ ਸਹਾਇਕ ਥਾਣੇਦਾਰ ਦੇ ਖ਼ਿਲਾਫ਼ ਪੁਲਸ ਨੇ ਭ੍ਰਿਸ਼ਟਾਚਾਰ ਐਕਟ ਦਾ ਪਰਚਾ ਦਰਜ ਕੀਤਾ ਹੈ। ਧਰਮਵੀਰ ਸਿੰਘ ਪਿੰਡ ਅਲਾਦੀਨਪੁਰ ਜ਼ਿਲ੍ਹਾ ਤਰਨਤਾਰਨ ਨੇ ਸ਼ਿਕਾਇਤ ਦੇ ਦੱਸਿਆ ਕਿ ਉਹ ਹਰੀਕੇ ਪੱਤਣ ਵਿਚ ਪੰਜਾਬ ਪੁਲਸ ਦੇ ਨਾਕੇ ਤੋਂ ਨਿਕਲ ਰਿਹਾ ਸੀ ਤਾਂ ਉੱਥੇ ਤਾਇਨਾਤ ਏ. ਐੱਸ. ਆਈ. ਪ੍ਰਗਟ ਸਿੰਘ ਨੇ ਉਸ ਨੂੰ ਰੋਕ ਲਿਆ।
ਉਸਨੇ ਦੋਸ਼ ਲਗਾਏ ਕਿ ਏ. ਐੱਸ. ਆਈ. ਨੇ ਉਸਨੂੰ ਧਮਕਾਇਆ ਕਿ ਥਾਣਾ ਮੱਖੂ ਵਿਚ ਦਰਜ ਇੱਕ ਚੋਰੀ ਦੇ ਪਰਚੇ ਵਿਚ ਸ਼ੱਕ ਦੀ ਸੂਈ ਉਸ ਵੱਲ ਆ ਰਹੀ ਹੈ। ਇਸ ਲਈ ਉਹ ਉਸ ਦਾ ਨਾਂ ਪਰਚੇ ਵਿਚ ਪਾਉਣ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਮਾਮਲੇ ਨੂੰ ਰਫਾ-ਦਫਾ ਕਰਨ ਦੇ ਲਈ ਏ. ਐੱਸ. ਆਈ. ਪ੍ਰਗਟ ਸਿੰਘ ਅਤੇ ਉਸਦੇ ਸਾਥੀ ਏ. ਐੱਸ. ਆਈ. ਨਰਿੰਦਰ ਸਿੰਘ, ਹੁਣ ਸੇਵਾਮੁਕਤ, ਨੇ ਉਸ ਕੋਲੋਂ 80 ਹਜ਼ਾਰ ਰੁਪਏ ਲੈ ਲਏ। ਇਸ ਸਬੰਧ ਵਿਚ ਥਾਣਾ ਮੱਖੂ ਵਿਚ ਦੋਹਾਂ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਐਕਟ ਅਧੀਨ ਪਰਚਾ ਦਰਜ ਕਰ ਲਿਆ ਗਿਆ ਹੈ।