ਵਿਜੀਲੈਂਸ ਵਿਭਾਗ ਵੱਲੋਂ ਰਿਸ਼ਵਤ ਲੈਣ ਦੇ ਮਾਮਲੇ ''ਚ ਸਹਾਇਕ ਥਾਣੇਦਾਰ ਕਾਬੂ
Friday, Jun 30, 2017 - 07:35 AM (IST)

ਮੋਗਾ (ਆਜ਼ਾਦ) - ਵਿਜੀਲੈਂਸ ਵਿਭਾਗ ਮੋਗਾ ਨੇ ਰਿਸ਼ਵਤ ਲੈਣ ਦੇ ਮਾਮਲੇ 'ਚ ਥਾਣਾ ਸਿਟੀ ਮੋਗਾ ਵਿਚ ਤਾਇਨਾਤ ਸਹਾਇਕ ਥਾਣੇਦਾਰ ਹਰਜੀਤ ਸਿੰਘ ਨੂੰ ਰੰਗੇ ਹੱਥੀਂ ਕਾਬੂ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਦਰਜ ਕਰਨ ਤੋਂ ਬਾਅਦ ਸਬੰਧਿਤ ਵਿਭਾਗ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ : ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਵਿਜੀਲੈਂਸ ਮੋਗਾ ਨੇ ਦੱਸਿਆ ਕਿ ਬੇਦੀ ਨਗਰ ਮੋਗਾ ਨਜ਼ਦੀਕ ਬੰਦ ਫਾਟਕ ਨਿਵਾਸੀ ਨਵਜੀਤ ਸਿੰਘ ਪੁੱਤਰ ਤ੍ਰਿਲੋਕ ਸਿੰਘ ਦੇ ਬਿਆਨਾਂ 'ਤੇ ਥਾਣਾ ਸਿਟੀ ਮੋਗਾ 'ਚ ਮੁਕੱਦਮਾ ਨੰਬਰ-81 ਮਿਤੀ 14 ਮਈ, 2017 ਨੂੰ ਅ/ਧ 307, 452, 325 ਅਤੇ ਅਸਲਾ ਐਕਟ ਤਹਿਤ ਨਰੇਸ਼ ਕੁਮਾਰ, ਰਾਹੁਲ ਸੁਨੀਲ ਕੁਮਾਰ ਅਤੇ ਸ਼ੁਭਮ ਨਿਵਾਸੀ ਬੇਦੀ ਨਗਰ, ਮੋਗਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਉਸ ਸਮੇਂ ਸਹਾਇਕ ਥਾਣੇਦਾਰ ਹਰਜੀਤ ਸਿੰਘ ਫੋਕਲ ਪੁਆਇੰਟ ਪੁਲਸ ਚੌਕੀ ਮੋਗਾ ਦੇ ਇੰਚਾਰਜ ਸਨ। ਉਕਤ ਮਾਮਲੇ ਦੀ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਪੁਲਸ ਵੱਲੋਂ ਘਰ ਅੰਦਰ ਦਾਖਲ ਹੋ ਕੇ ਜਾਨਲੇਵਾ ਹਮਲਾ ਕਰਨ ਦੇ ਦੋਸ਼ਾਂ ਤਹਿਤ ਲੱਗੀਆਂ ਧਾਰਾਵਾਂ ਨੂੰ ਖਤਮ ਕਰ ਦਿੱਤਾ ਗਿਆ।
ਸ਼ਿਕਾਇਤਕਰਤਾ ਨਵਜੀਤ ਸਿੰਘ ਨੇ ਵਿਜੀਲੈਂਸ ਵਿਭਾਗ ਫਿਰੋਜ਼ਪੁਰ ਨੂੰ ਕੀਤੀ ਸ਼ਿਕਾਇਤ 'ਚ ਕਿਹਾ ਕਿ ਥਾਣਾ ਸਿਟੀ, ਮੋਗਾ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਹਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਖਿਲਾਫ ਲੜਾਈ-ਝਗੜੇ ਦਾ ਮਾਮਲਾ ਦਰਜ ਹੋ ਰਿਹਾ ਹੈ, ਜੇਕਰ ਤੁਸੀਂ ਜ਼ਮਾਨਤ ਚਾਹੁੰਦੇ ਹੋ ਤਾਂ 15 ਹਜ਼ਾਰ ਰੁਪਏ ਖਰਚ ਆਵੇਗਾ, ਜਿਸ 'ਤੇ ਮੈਂ ਬੀਤੀ 27 ਜੂਨ ਦੀ ਰਾਤ ਨੂੰ ਥਾਣਾ ਸਿਟੀ ਮੋਗਾ 'ਚ ਆ ਕੇ 5 ਹਜ਼ਾਰ ਰੁਪਏ ਦੇ ਦਿੱਤੇ ਅਤੇ ਅੱਜ 10 ਹਜ਼ਾਰ ਰੁਪਏ ਦੇਣ ਲਈ ਜਿਵੇਂ ਹੀ ਉਹ ਪੁਰਾਣੀ ਕਚਹਿਰੀ 'ਚ ਆਪਣੇ ਸਾਥੀ ਹਰਬੰਸ ਸਿੰਘ ਨੂੰ ਨਾਲ ਲੈ ਕੇ ਪੁੱਜਾ ਤਾਂ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਉਸ ਨੂੰ ਰੰਗੇ ਹੱਥੀਂ ਰਿਸ਼ਵਤ ਲੈਂਦੇ ਦਬੋਚ ਲਿਆ।
ਕੀ ਕਹਿਣਾ ਹੈ ਦੋਸ਼ੀ ਦਾ
ਜਦੋਂ ਰਿਸ਼ਵਤ ਲੈਣ ਦੇ ਮਾਮਲੇ 'ਚ ਕਾਬੂ ਕੀਤੇ ਗਏ ਦੋਸ਼ੀ ਸਹਾਇਕ ਥਾਣੇਦਾਰ ਹਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸ਼ਿਕਾਇਤਕਰਤਾ ਦੇ ਦੋਸ਼ਾਂ ਨੂੰ ਝੂਠਾ ਦੱਸਦਿਆਂ ਉੱਚ ਪੱਧਰੀ ਜਾਂਚ ਕਰਨ ਦੀ ਮੰਗ ਕੀਤੀ।
ਕੀ ਹੋਈ ਪੁਲਸ ਕਾਰਵਾਈ
ਇਸ ਸਬੰਧੀ ਵਿਜੀਲੈਂਸ ਵਿਭਾਗ ਦੇ ਡੀ. ਐੱਸ. ਪੀ. ਪਲਵਿੰਦਰ ਸਿੰਘ ਨੇ ਦੱਸਿਆ ਕਿ ਨਵਜੀਤ ਸਿੰਘ ਪੁੱਤਰ ਤ੍ਰਿਲੋਕ ਸਿੰਘ ਦੀ ਸ਼ਿਕਾਇਤ 'ਤੇ ਥਾਣਾ ਵਿਜੀਲੈਂਸ ਵਿਭਾਗ, ਫਿਰੋਜ਼ਪੁਰ ਵੱਲੋਂ ਸਹਾਇਕ ਥਾਣੇਦਾਰ ਹਰਜੀਤ ਸਿੰਘ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਨੂੰ ਪੁੱਛਗਿੱਛ ਤੋਂ ਬਾਅਦ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।