ਕਲਰਕ ’ਤੇ ਰਿਸ਼ਵਤ ਮੰਗਣ ਦਾ ਦੋਸ਼

Thursday, Jul 05, 2018 - 12:15 AM (IST)

ਗੁਰੂਹਰਸਹਾਏ(ਆਵਲਾ)-ਐੱਸ. ਡੀ. ਐੱਮ. ਦਫਤਰ ਦੇ ਇਕ ਕਲਰਕ ਵੱਲੋਂ ਰਿਸ਼ਵਤ ਮੰਗਣ ਦੇ ਮਾਮਲੇ ’ਚ ਇਕ ਵਿਅਕਤੀ ਨੇ ਐੱਸ. ਡੀ. ਐੱਮ. ਗੁਰੂਹਰਸਹਾਏ ਨੂੰ ਸ਼ਿਕਾਇਤ ਦਿੰਦੇ ਹੋਏ ਕਲਰਕ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।  ਜਸਕਰਨ ਸਿੰਘ ਬੇਦੀ ਪੁੱਤਰ ਅਨਿਲਜੀਤ ਸਿੰਘ ਬੇਦੀ ਨੇ ਦਿੱਤੀ ਸ਼ਿਕਾਇਤ ’ਚ ਦੋਸ਼ ਲਾਇਆ ਕਿ ਉਹ ਆਪਣਾ ਲਰਨਿੰਗ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਐੱਸ. ਡੀ. ਐੱਮ. ਦਫਤਰ ’ਚ ਗਿਆ ਸੀ ਤੇ ਉਸ ਨੇ ਫਾਈਲ ਵਿਚ ਸਾਰੇ ਦਸਤਾਵੇਜ਼ ਨੱਥੀ ਕਰ ਕੇ ਅਤੇ ਆਨਲਾਈਨ ਫੀਸ ਭਰ ਕੇ ਸਬੰਧਤ ਕਲਰਕ ਨੂੰ ਆਪਣੀ ਫਾਈਲ ਦਿੱਤੀ। ਸ਼ਿਕਾਇਤਕਰਤਾ ਅਨੁਸਾਰ ਕਲਰਕ ਨੇ ਫਾਈਲ ਚੈੱਕ ਕਰਨ ਤੋਂ ਬਾਅਦ ਲਰਨਿੰਗ ਲਾਇਸੈਂਸ ਟੈਸਟ ਪਾਸ ਕਰਨ ਲਈ 500 ਰੁਪਏ ਦੀ ਮੰਗ ਕੀਤੀ ਤੇ ਜਦ ਸ਼ਿਕਾਇਤਰਕਤਾ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਕਲਰਕ ਜਗਸੀਰ ਸਿੰਘ ਨੇ ਉਸ ਨਾਲ ਦੁਰਵਿਵਹਾਰ ਕੀਤਾ। ਉਸ ਨੇ ਐੱਸ. ਡੀ. ਐੱਮ. ਗੁਰੂਹਰਸਹਾਏ ਨੂੰ ਸ਼ਿਕਾਇਤ ਦਿੰਦੇ ਹੋਏ ਉਕਤ ਕਲਰਕ   ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਦਫਤਰ ਦੇ ਕਲਰਕ ਨੇ ਆਪਣਾ ਪੱਖ ਦਿੰਦੇ ਹੋਏ ਸਾਰੇ ਦੋਸ਼ਾਂ ਨੂੰ ਨਾਕਾਰਿਆ ਹੈ ਤੇ ਦੱਸਿਆ ਕਿ ਉਸ ਸਮੇਂ ਚੰਡੀਗਡ਼੍ਹ ਤੋਂ ਆਡਿਟ ਵਾਲੇ ਚੈਕਿੰਗ ਲਈ ਆਏ ਸਨ। ਇਸ ਲਈ ਕੁਝ ਸਮਾਂ ਦਫਤਰ ’ਚ ਕੰਮ ਬੰਦ ਕਰਨਾ ਪਿਆ, ਜਿਸ ਕਾਰਨ ਸ਼ਿਕਾਇਤਕਰਤਾ ਨੇ ਉਸ ’ਤੇ ਗਲਤ ਦੋਸ਼ ਲਾਏ ਹਨ।
 


Related News