ਭ੍ਰਿਸ਼ਟ ਏ. ਐੱਸ. ਆਈ. ''ਤੇ  ਈ. ਡੀ. ਵੱਲੋਂ ਕੱਸਿਆ ਜਾ ਸਕਦੈ ਸ਼ਿਕੰਜਾ

11/09/2017 5:03:26 AM

ਜਲੰਧਰ(ਪ੍ਰੀਤ)-ਇਕ ਟਰਾਂਸਪੋਰਟਰ ਕੋਲੋਂ 1.5 ਲੱਖ ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤੇ ਗਏ ਏ. ਐੱਸ. ਆਈ. ਰਮੇਸ਼ ਚੰਦਰ ਹੈਪੀ ਦੀਆਂ ਜੜ੍ਹਾਂ ਖੋਦਣ ਦੀ ਤਿਆਰੀ ਵਿਜੀਲੈਂਸ ਬਿਊਰੋ ਨੇ ਕਰ ਲਈ ਹੈ। ਬਿਊਰੋ ਵੱਲੋਂ ਹੈਪੀ ਦੇ ਘਰੋਂ ਮਿਲੀ ਵਿਦੇਸ਼ੀ ਕਰੰਸੀ ਦੇ ਆਧਾਰ 'ਤੇ ਰਿਪੋਰਟ ਤਿਆਰ ਕਰ ਕੇ ਈ. ਡੀ. ਨੂੰ ਕਾਰਵਾਈ ਲਈ ਭੇਜ ਦਿੱਤੀ ਗਈ ਹੈ। ਓਧਰ ਹੈਪੀ ਕੋਲੋਂ ਪੁੱਛਗਿੱਛ ਲਈ ਪੁਲਸ ਨੇ 10 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਹੈਪੀ ਨੂੰ ਬੁੱਧਵਾਰ ਵਿਜੀਲੈਂਸ ਬਿਊਰੋ ਨੇ ਅਦਾਲਤ ਵਿਚ ਪੇਸ਼ ਕੀਤਾ ਸੀ। ਡੀ. ਐੈੱਸ. ਪੀ. ਸਤਪਾਲ ਸਿੰਘ ਦੀ ਅਗਵਾਈ ਵਿਚ ਚੱਲ ਰਹੀ ਜਾਂਚ ਦੌਰਾਨ ਹੈਪੀ ਦੇ ਨੈੱਟਵਰਕ ਨੂੰ ਖੰਗਾਲਣ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ। ਪਤਾ ਲੱਗਾ ਹੈ ਕਿ ਬੁੱਧਵਾਰ ਇਕ ਟੀਮ ਨੇ ਹੁਸ਼ਿਆਰਪੁਰ ਦੇ ਆਰ. ਟੀ. ਏ. ਦੇ ਦਫਤਰ ਵਿਚ ਜਾ ਕੇ ਸਬੰੰਧਿਤ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਅਤੇ ਹੈਪੀ ਕੋਲੋਂ ਮਿਲੇ ਨਵੇਂ ਤੇ ਪੁਰਾਣੇ ਚਲਾਨ ਦਾ ਰਿਕਾਰਡ ਵੈਰੀਫਾਈ ਕੀਤਾ। ਵਿਜੀਲੈਂਸ ਬਿਊਰੋ ਦੇ ਐੱਸ. ਐੱਸ. ਪੀ. ਦਿਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਹੈਪੀ ਦਾ ਨੈੱਟਵਰਕ ਕਾਫੀ ਮਜ਼ਬੂਤ ਨਜ਼ਰ ਆ ਰਿਹਾ ਹੈ ਤੇ ਉਸ ਕੋਲੋਂ 10 ਦਿਨ ਦੇ ਰਿਮਾਂਡ ਦੌਰਾਨ ਹਰ ਪੱਖ ਖੰਗਾਲਿਆ ਜਾਏਗਾ। ਉਸ ਦੇ ਘਰੋਂ 6 ਲੱਖ 27 ਹਜ਼ਾਰ 970 ਰੁਪਏ ਦੀ ਨਵੀਂ ਕਰੰਸੀ, 6500 ਰੁਪਏ ਦੀ ਪੁਰਾਣੀ ਕਰੰਸੀ ਦੇ ਨਾਲ-ਨਾਲ 300 ਯੂਰੋ, 1980 ਡਾਲਰ ਅਤੇ 195 ਮਲੇਸ਼ੀਅਨ ਰਿੰਗਟ ਬਰਾਮਦ ਕੀਤੇ ਗਏ। ਇਸ ਸਬੰਧੀ ਸਾਰੀ ਜਾਣਕਾਰੀ ਈ. ਡੀ. ਨੂੰ ਦੇ ਦਿੱਤੀ ਗਈ ਹੈ। ਅਗਲੀ ਕਾਰਵਾਈ ਈ. ਡੀ. ਵੱਲੋਂ ਹੀ ਕੀਤੀ ਜਾਏਗੀ।
ਖੰਗਾਲੇ ਜਾਣਗੇ ਹੈਪੀ ਤੇ ਅਧਿਕਾਰੀਆਂ ਦੇ ਰਿਸ਼ਤੇ
ਵਿਜੀਲੈਂਸ ਦੇ ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਲਸ ਰਿਮਾਂਡ ਦੌਰਾਨ ਹੈਪੀ ਅਤੇ ਉਸ ਨਾਲ ਜੁੜੇ ਅਧਿਕਾਰੀਆਂ ਦੇ ਸਬੰਧਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਏਗੀ। ਇਹ ਪਰਖਿਆ ਜਾਏਗਾ ਕਿ ਹੈਪੀ ਦੀ ਕਿਹੜੇ ਅਧਿਕਾਰੀ ਨਾਲ ਗੰਢ-ਸੰਢ ਸੀ, ਜਿਸ ਦੇ ਆਧਾਰ 'ਤੇ ਉਹ ਹੁਸ਼ਿਆਰਪੁਰ, ਨਵਾਂਸ਼ਹਿਰ, ਰੋਪੜ ਅਤੇ ਜਲੰਧਰ ਖੇਤਰ ਵਿਚ ਟਰਾਂਸਪੋਰਟਰਾਂ ਕੋਲੋਂ ਵਸੂਲੀ ਕਰਦਾ ਸੀ। ਉਨ੍ਹਾਂ ਦੱਸਿਆ ਕਿ ਸੁਰਾਗ ਮਿਲਣ 'ਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾਏਗੀ। 
ਹੈਪੀ ਨੇ ਵਿਭਾਗ ਵਿਰੁੱਧ ਹੀ ਕੀਤੀ ਹੋਈ ਹੈ ਅਦਾਲਤ 'ਚ ਪਟੀਸ਼ਨ
ਸੂਤਰਾਂ ਨੇ ਦੱਸਿਆ ਕਿ ਥਾਣੇਦਾਰ ਹੈਪੀ ਟਰਾਂਸਪੋਰਟ ਵਿਭਾਗ ਵਿਚ ਲੰਮੇ ਸਮੇਂ ਤੋਂ ਤਾਇਨਾਤ ਹੈ। ਕਈ ਸਾਲ ਪਹਿਲਾਂ ਉਹ ਪੰਜਾਬ ਪੁਲਸ ਤੋਂ ਡੈਪੂਟੇਸ਼ਨ 'ਤੇ ਟਰਾਂਸਪੋਰਟ ਵਿਭਾਗ ਵਿਚ ਆਇਆ ਸੀ। ਕੁਝ ਸਾਲ ਪਹਿਲਾਂ ਵਿਭਾਗ ਨੇ ਉਸ ਦੀ ਟਰਾਂਸਫਰ ਕਰ ਦਿੱਤੀ ਪਰ ਹੈਪੀ ਨੇ ਵਿਭਾਗੀ ਹੁਕਮਾਂ ਨੂੰ ਟਿਚ ਜਾਣਦਿਆਂ ਤਬਾਦਲਾ ਰੱਦ ਕਰਵਾਉਣ ਲਈ ਵਿਭਾਗ ਦੇ ਵਿਰੁੱਧ ਹੀ ਅਦਾਲਤ ਵਿਚ ਪਟੀਸ਼ਨ ਦਾਇਰ ਕਰ ਦਿੱਤੀ। ਇਹ ਪਟੀਸ਼ਨ ਅਜੇ ਪੈਂਡਿੰਗ ਹੈ।
ਬੈਂਕ ਖਾਤੇ ਫਰੀਜ਼, ਮੰਗੀ ਇਕ ਸਾਲ ਦੀ ਅਕਾਊਂਟ ਸਟੇਟਮੈਂਟ
ਢਿੱਲੋਂ ਨੇ ਦੱਸਿਆ ਕਿ ਹੈਪੀ ਦੇ ਘਰੋਂ ਵੱਖ-ਵੱਖ ਬੈਂਕਾਂ ਦੀਆਂ 10 ਪਾਸ ਬੁੱਕਾਂ ਮਿਲੀਆਂ ਹਨ। ਇਸ ਦੇ ਨਾਲ ਹੀ 6 ਚੈੱਕ ਬੁੱਕਾਂ ਵੀ ਮਿਲੀਆਂ ਹਨ, ਜਿਨ੍ਹਾਂ ਵਿਚੋਂ 33 ਚੈੱਕ ਭਰੇ ਹੋਏ ਬਰਾਮਦ ਕੀਤੇ ਗਏ ਤੇ 28 ਖਾਲੀ ਸਨ। ਬੈਂਕ ਅਕਾਊਂਟਸ ਦੇ ਵੇਰਵਿਆਂ ਦੇ ਆਧਾਰ 'ਤੇ ਸਬੰਧਿਤ ਬੈਂਕਾਂ ਨੂੰ ਉਕਤ ਸਭ ਖਾਤੇ ਫਰੀਜ਼ ਕਰਨ ਲਈ ਲਿਖ ਦਿੱਤਾ ਗਿਆ ਹੈ। ਨਾਲ ਹੀ ਉਨ੍ਹਾਂ ਕੋਲੋਂ ਪਿਛਲੇ ਇਕ ਸਾਲ ਦੀ ਅਕਾਊਂਟ ਸਟੇਟਮੈਂਟ ਵੀ ਮੰਗੀ ਗਈ ਹੈ ਤਾਂ ਜੋ ਪਤਾ ਲੱਗ ਸਕੇ ਕਿ ਹੈਪੀ ਨਾਲ ਕਿਹੜੇ ਵਿਅਕਤੀਆਂ ਦੀ ਅਕਾਊਂਟ ਟਰਾਂਸਫਰ ਹੁੰਦੀ ਸੀ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਦੱਸਿਆ ਕਿ ਹੈਪੀ ਦੇ ਘਰੋਂ ਮਿਲੇ 28 ਖਾਲੀ ਚੈੱਕ ਵੱਖ-ਵੱਖ ਲੋਕਾਂ ਦੇ ਹਨ। ਇਨ੍ਹਾਂ ਹੇਠਾਂ ਹਸਤਾਖਰ ਹੋਏ ਹਨ ਅਤੇ ਇਹ ਹਸਤਾਖਰਸ਼ੁਦਾ ਬਲੈਂਕ ਚੈੱਕ ਹੈਪੀ ਕੋਲ ਕਿਵੇਂ ਪਹੁੰਚੇ, ਇਸ ਸਬੰਧੀ ਸਬੰਧਿਤ ਲੋਕਾਂ ਦੇ ਚੈੱਕਾਂ ਦੇ ਆਧਾਰ 'ਤੇ ਬੈਂਕਾਂ ਕੋਲੋਂ ਵੇਰਵੇ ਹਾਸਲ ਕੀਤੇ ਜਾਣਗੇ। ਅਜਿਹੀ ਸੰਭਾਵਨਾ ਹੈ ਕਿ ਹੈਪੀ ਵਿਆਜ 'ਤੇ ਰਕਮ ਦੇਣ ਦਾ ਕਾਰੋਬਾਰ ਵੀ ਕਰਦਾ ਸੀ, ਜਿਸ ਕਾਰਨ ਉਸ ਨੇ ਲੋਕਾਂ ਕੋਲੋਂ ਬਲੈਂਕ ਚੈੱਕ ਬਤੌਰ ਸਕਿਓਰਿਟੀ ਲਏ ਹੋਏ ਸਨ।


Related News