6 ਦਿਨਾਂ ਲਈ ਸੋਸ਼ਲ ਮੀਡੀਆ ''ਤੇ ਲੱਗੇਗੀ ਪਾਬੰਦੀ, ਜਾਣੋ ਕਿਉਂ
Friday, Jul 05, 2024 - 10:23 AM (IST)
ਲਾਹੌਰ (ਭਾਸ਼ਾ)- ਮੁਹੱਰਮ ਦੌਰਾਨ 'ਨਫ਼ਰਤ ਫੈਲਾਉਣ ਵਾਲੀ ਸਮੱਗਰੀ' ਨੂੰ ਕੰਟਰੋਲ ਕਰਨ ਦੇ ਉਦੇਸ਼ ਨਾਲ ਸੋਸ਼ਲ ਮੀਡੀਆ ਮੰਚ 'ਯੂਟਿਊਬ', 'ਵਟਸਐੱਪ', 'ਫੇਸਬੁੱਕ', 'ਇੰਸਟਾਗ੍ਰਾਮ' ਅਤੇ 'ਟਿਕਟਾਕ' 'ਤੇ 13 ਤੋਂ 18 ਜੁਲਾਈ ਤੱਕ ਪਾਬੰਦੀ ਲਗਾਉਣ ਦਾ ਫ਼ੈਸਲਾ ਲਿਆ ਹੈ। ਇਹ ਫ਼ੈਸਲਾ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਵਲੋਂ ਲਿਆ ਗਿਆ ਹੈ। ਇਸ ਤੋਂ ਪਹਿਲੇ ਪੰਜਾਬ ਸੂਬੇ ਦੀ ਸਰਕਾਰ ਨੇ ਚਾਰ ਮਹੀਨਿਆਂ ਤੋਂ ਵੱਧ ਸਮੇਂ ਤੱਕ 'ਐਕਸ' (ਪਹਿਲਾਂ ਟਵਿੱਟਰ) 'ਤੇ ਪਾਬੰਦੀ ਲਗਾਈ ਹੋਈ ਸੀ। ਪੰਜਾਬ ਸਰਕਾਰ ਵਲੋਂ ਵੀਰਵਾਰ ਦੇਰ ਰਾਤ ਜਾਰੀ ਕੀਤੀ ਗਈ ਇਕ ਨੋਟੀਫਿਕੇਸ਼ਨ ਅਨੁਸਾਰ, ਮੁੱਖ ਮੰਤਰੀ ਮਰੀਅਮ ਨਵਾਜ਼ ਦੀ ਕਾਨੂੰਨ ਅਤੇ ਵਿਵਸਥਾ ਸੰਬੰਧੀ ਕੈਬਨਿਟ ਕਮੇਟੀ ਨੇ 12 ਕਰੋੜ ਤੋਂ ਵੱਧ ਦੀ ਆਬਾਦੀ ਵਾਲੇ ਸੂਬੇ 'ਚ 13-18 ਜੁਲਾਈ ਦੌਰਾਨ ਸਾਰੇ ਸੋਸ਼ਲ ਮੀਡੀਆ ਮੰਚ-ਯੂਟਿਊਬ, ਐਕਸ, ਵਟਸਐੱਪ, ਫੇਸਬੁੱਕ, ਇੰਸਟਾਗ੍ਰਾਮ ਅਤੇ ਟਿਕਟਾਕ ਆਦਿ 'ਤੇ ਪਾਬੰਦੀ ਲਗਾਉਣ ਦੀ ਸਿਫਾਰਿਸ਼ ਕੀਤੀ ਹੈ ਤਾਂ ਕਿ ਨਫ਼ਰਤ ਫੈਲਾਉਣ ਵਾਲੀ ਸਮੱਗਰੀ ਅਤੇ ਗਲਤ ਸੂਚਨਾਵਾਂ 'ਤੇ ਕੰਟਰੋਲ ਕੀਤਾ ਜਾ ਸਕੇ ਅਤੇ ਫਿਰਕੂ ਹਿੰਸਾ ਤੋਂ ਬਚਿਆ ਜਾ ਸਕੇ।
ਮਰੀਅਮ ਨਵਾਜ਼ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੇ ਚਾਚਾ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਸਰਕਾਰ 6 ਦਿਨਾਂ (13-18 ਜੁਲਾਈ) ਲਈ ਇੰਟਰਨੈੱਟ 'ਤੇ ਸਾਰੇ ਸੋਸ਼ਲ ਮੀਡੀਆ ਮੰਚਾਂ ਨੂੰ ਮੁਅੱਤਲ ਕਰਨ ਦੀ ਨੋਟੀਫਿਕੇਸ਼ਨ ਜਾਰੀ ਕਰੇ। ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਆਸੀਮ ਮੁਨੀਰ ਪਹਿਲੇ ਹੀ ਸੋਸ਼ਲ ਮੀਡੀਆ ਨੂੰ 'ਦੁਸ਼ਟ ਮੀਡੀਆ' ਅਤੇ 'ਡਿਜੀਟਲ ਅੱਤਵਾਦ' ਕਰਾਰ ਦੇ ਚੁੱਕੇ ਹਨ। ਨਾਲ ਹੀ ਉਨ੍ਹਾਂ ਨੇ ਇਨ੍ਹਾਂ ਸੋਸ਼ਲ ਮੀਡੀਆ ਮੰਚਾਂ ਨਾਲ ਲੜਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ। ਪਾਕਿਸਤਾਨ ਦੇ ਉੱਪ ਪ੍ਰਧਾਨ ਮੰਤਰੀ ਇਸ਼ਾਕ ਡਾਰ ਨੇ ਵੀ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e