ਬਰੈਂਪਟਨ : ਪੰਜਾਬੀ ਵਿਅਕਤੀ ਨੂੰ ਕਾਰ ਹੇਠ ਦਰੜਣ ਵਾਲਾ 'ਪੰਜਾਬੀ' ਪੁਲਸ ਅੜਿੱਕੇ
Saturday, Dec 28, 2019 - 01:38 AM (IST)
ਬਰੈਂਪਟਨ - ਬਰੈਂਪਟਨ 'ਚ ਕ੍ਰਿਸਮਸ ਦੀ ਦੇਰ ਰਾਤ 11 ਵਜੇ ਇਕ ਕਾਰ ਚਾਲਕ ਵੱਲੋਂ 51 ਸਾਲਾ ਵਿਅਕਤੀ ਨੂੰ ਕਾਰ ਨਾਲ ਦਰੜ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ। ਪੀਲ ਪੁਲਸ ਵੱਲੋਂ ਪੀੜਤ ਵਿਅਕਤੀ ਦੀ ਪਛਾਣ ਬਲਵਿੰਦਰ ਬੈਂਸ ਦੇ ਨਾਂ ਵੱਜੋਂ ਕੀਤੀ ਗਈ ਹੈ। ਬਰੈਂਪਟਨ ਦੀ ਇਕ ਸਥਾਨਕ ਵੈੱਬਸਾਈਟ ਮੁਤਾਬਕ, ਬੈਂਸ ਨੂੰ ਜ਼ਖਮੀ ਹਾਲਤ 'ਚ ਨੇੜੇ ਦੇ ਇਕ ਹਸਪਤਾਲ 'ਚ ਦਾਖਲ ਕਰਾਇਆ ਗਿਆ ਸੀ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਪੀਲ ਪੁਲਸ ਨੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕੀਤੀ ਅਤੇ ਬਾਅਦ 'ਚ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ। ਪੁਲਸ ਵੱਲੋਂ ਉਸ ਦੋਸ਼ੀ ਵਿਅਕਤੀ ਦੀ ਪਛਾਣ ਅਮਰਜੀਤ ਲਾਂਬ (53) ਵੱਜੋਂ ਕੀਤੀ ਗਈ ਹੈ, ਜਿਹੜਾ ਕਿ ਬਰੈਂਪਟਨ ਦਾ ਵਾਸੀ ਹੈ। ਪੁਲਸ ਨੇ ਲਾਂਬ ਨੂੰ ਬਲਵਿੰਦਰ ਦੇ ਸੈਕਿੰਡ ਡਿਗਰੀ ਮਰਡਰ ਦੇ ਦੋਸ਼ 'ਚ ਹਿਰਾਸਤ 'ਚ ਲਿਆ ਹੈ। ਪੁਲਸ ਨੇ ਅੱਗੇ ਆਖਿਆ ਕਿ ਉਸ ਨੂੰ ਜਲਦ ਓਨਟਾਰੀਓ ਕੋਰਟ ਆਫ ਜਸਟਿਸ 'ਚ ਪੇਸ਼ ਕੀਤਾ ਜਾਵੇਗਾ।