ਗੋਲ-ਗੱਪਿਆਂ ਦੀ ਰੇਹੜੀ ’ਤੇ ਹੋਏ ਮਾਮੂਲੀ ਵਿਵਾਦ ਮਗਰੋਂ ਬਰਫ਼ ਵਾਲਾ ਸੂਆ ਮਾਰ ਕੀਤਾ ਨੌਜਵਾਨ ਦਾ ਕਤਲ

Tuesday, Jul 19, 2022 - 12:07 PM (IST)

ਭਗਤਾ ਭਾਈ (ਪਰਵੀਨ) :  ਗੋਲਗੱਪਿਆਂ ਦੀ ਰੇਹੜੀ ’ਤੇ ਹੋਏ ਮਾਮੂਲੀ ਵਿਵਾਦ ਨੇ ਇਕ ਨੌਜਵਾਨ ਦੀ ਜਾਨ ਲੈ ਲਈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪਾਲਾ ਸਿੰਘ ਵਾਸੀ ਆਕਲੀਆ ਜਲਾਲ ਨੇ ਦੱਸਿਆ ਕਿ ਉਸ ਦਾ ਪੁੱਤਰ ਬੋਹੜ ਸਿੰਘ (26) ਮਿਹਨਤ-ਮਜ਼ਦੂਰੀ ਕਰਦਾ ਸੀ ਤੇ ਉਨ੍ਹਾਂ ਦੇ ਨਾਲ ਹੀ ਰਹਿੰਦਾ ਸੀ। ਉਸ ਨੇ ਦੱਸਿਆ ਕਿ ਬੀਤੀ ਰਾਤ ਬੋਹੜ ਸਿੰਘ ਰਾਤ ਦਾ ਖਾਣਾ ਖਾਣ ਤੋਂ ਬਾਅਦ ਘਰ ਤੋਂ ਬਾਹਰ ਟਹਿਲਣ ਲਈ ਚਲਾ ਗਿਆ।  ਬੋਹੜ ਸਿੰਘ ਦੇ ਬਾਹਰ ਜਾਣ ਤੋਂ ਬਾਅਦ ਪਾਲਾ ਸਿੰਘ ਵੀ ਆਪਣੀ ਪਤਨੀ ਕੁਲਵੰਤ ਕੌਰ ਸਮੇਤ ਟਹਿਲਣ ਦੇ ਮਕਸਦ ਨਾਲ ਬੋਹੜ ਸਿੰਘ ਦੇ ਪਿੱਛੇ ਹੀ ਚਲਾ ਗਿਆ। ਕੁਝ ਅੱਗੇ ਜਾ ਕੇ ਵੇਖਿਆ ਤਾਂ ਸਾਈਕਲ ਸਵਾਰ ਭਜਨ ਸਿੰਘ ਅਤੇ ਉਸ ਦਾ ਭਤੀਜਾ ਸੰਨੀ ਮੇਨ ਸੜਕ ਤੋਂ ਉਸ ਦੇ ਪੁੱਤਰ ਕੋਲ ਜਾ ਰਹੇ ਸਨ ਅਤੇ ਇਨ੍ਹਾਂ ਦੋਵੇਂ ਵਿਅਕਤੀਆਂ ਨੇ ਬੋਹੜ ਸਿੰਘ ਕੋਲ ਜਾ ਕੇ ਉਸ ’ਤੇ ਬਰਫ਼ ਵਾਲੇ ਸੂਏ ਨਾਲ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ- ਪਟਿਆਲਾ ਪੁਲਸ ਨੇ ਗ੍ਰਿਫ਼ਤਾਰ ਕੀਤਾ ਅਲੜ ਉਮਰ ਦਾ ਮੁੰਡਾ, ਕਰਤੂਤ ਸੁਣ ਉੱਡਣਗੇ ਹੋਸ਼

ਪਾਲਾ ਸਿੰਘ ਦੇ ਦੱਸਣ ਅਨੁਸਾਰ ਭਜਨ ਸਿੰਘ ਨੇ ਉਸ ਨੂੰ ਫੜ ਲਿਆ ਅਤੇ ਸੰਨੀ ਨੇ ਸੂਏ ਦੇ ਲਗਾਤਾਰ ਸਿੱਧੇ ਵਾਰ ਬੋਹੜ ਸਿੰਘ ਉੱਪਰ ਕਰ ਦਿੱਤੇ। ਜਦ ਉਹ ਆਪਣੇ ਪੁੱਤਰ ਨੂੰ ਬਚਾਉਣ ਲਈ ਉਸ ਕੋਲ ਗਏ ਤਾਂ ਉਪਰੋਕਤ ਦੋਵੇਂ ਹਮਲਾਵਰ ਉਨ੍ਹਾਂ ਨਾਲ ਧੱਕਾ-ਮੁੱਕੀ ਕਰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪਿੰਡ ਦੇ ਲੋਕ ਇਕੱਤਰ ਹੋਣੇ ਸ਼ੁਰੂ ਹੋ ਗਏ ਅਤੇ ਬੋਹੜ ਸਿੰਘ ਨੂੰ ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ ਭਗਤਾ ਭਾਈ ਅਤੇ ਫਿਰ ਸਿਵਲ ਹਸਪਤਾਲ ਰਾਮਪੁਰਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਦੀ ਟੀਮ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ- ਵੱਡੀ ਵਾਰਦਾਤ : ਕੋਠੀ ਮਾਲਕ ਦੇ ਘਰ 14 ਸਾਲਾ ਕੁੜੀ ਦੀ ਫ਼ਾਹੇ ਨਾਲ ਲਟਕਦੀ ਮਿਲੀ ਲਾਸ਼, ਭੜਕ ਉੱਠੇ ਲੋਕ (ਤਸਵੀਰਾਂ)

ਪਾਲਾ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਕਤ ਕਥਿਤ ਦੋਸ਼ੀਆਂ ਭਜਨ ਸਿੰਘ ਅਤੇ ਸੰਨੀ ਦਾ ਪਿੰਡ ਵਿਚ ਲੱਗੀ ਹੋਈ ਗੋਲਗੱਪਿਆਂ ਦੀ ਰੇਹੜੀ ਉੱਪਰ ਚੱਲ ਰਹੇ ਗੀਤਾਂ ਨੂੰ ਲੈ ਕੇ ਵਿਵਾਦ ਹੋ ਗਿਆ ਸੀ ਅਤੇ ਉੱਥੇ ਹਾਜਰ ਲੋਕਾਂ ਨੇ ਉਨ੍ਹਾਂ ਨੂੰ ਸਮਝਾ ਕੇ ਘਰਾਂ ਨੂੰ ਭੇਜ ਦਿੱਤਾ ਸੀ। ਉਸ ਨੇ ਕਿਹਾ ਕਿ ਭਜਨ ਸਿੰਘ ਅਤੇ ਸੰਨੀ ਨੇ ਰੰਜਿਸ਼ ਤਹਿਤ ਉਸ ਦੇ ਪੁੱਤਰ ਦਾ ਕਤਲ ਕਰ ਦਿੱਤਾ। ਥਾਣਾ ਮੁਖੀ ਹਰਨੇਕ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕਰ ਕੇ ਸੰਨੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News