12ਵੀਂ 'ਚ ਪੜ੍ਹਦੇ ਮੁੰਡੇ ਦੀ ਸ਼ੱਕੀ ਹਾਲਾਤ 'ਚ ਮਿਲੀ ਲਾਸ਼, ਪਰਿਵਾਰ ਨੇ ਕਿਹਾ ਕਤਲ ਹੋਇਆ
Saturday, Jun 22, 2024 - 04:02 PM (IST)

ਭਵਾਨੀਗੜ੍ਹ (ਕਾਂਸਲ, ਵਿਕਾਸ) : ਸਥਾਨਕ ਸ਼ਹਿਰ ਦੀ ਤੂਰ ਪੱਤੀ ਨੇੜੇ ਸਥਿਤ ਇਕ ਟਿਊਬਵੈਲ ਦੇ ਕਮਰੇ ਦੇ ਪਿਛੋਂ ਇਕ ਨੌਜਵਾਨ ਦੀ ਭੇਦ ਭਰੇ ਹਾਲਾਤ ’ਚ ਲਾਸ਼ ਮਿਲਣ 'ਤੇ ਇਲਾਕੇ ’ਚ ਸਨਸਨੀ ਫੈਲ ਗਈ। ਪੁਲਸ ਵੱਲੋਂ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਅਧਾਰ ’ਤੇ ਨਾ-ਮਾਲੂਮ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਮ੍ਰਿਤਕ ਗੁਰਜੀਤ ਸਿੰਘ ਉਰਫ ਜਸ਼ਨ ਦੇ ਪਿਤਾ ਜਗਤਾਰ ਸਿੰਘ ਪੁੱਤਰ ਲੇਟ ਛੋਟਾ ਸਿੰਘ ਵਾਸੀ ਚਹਿਲਾ ਪੱਤੀ ਭਵਾਨੀਗੜ੍ਹ ਨੇ ਸਥਾਨਕ ਪੁਲਸ ਨੂੰ ਲਿਖ਼ਾਏ ਬਿਆਨਾਂ ’ਚ ਦੱਸਿਆ ਕਿ ਉਸ ਦਾ 19 ਸਾਲਾ ਪੁੱਤਰ ਗੁਰਜੀਤ ਸਿੰਘ ਉਰਫ਼ ਜਸ਼ਨ ਜੋ ਕਿ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ 12 ਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਉਹ ਪੜ੍ਹਾਈ ਦੇ ਨਾਲ-ਨਾਲ ਏ.ਸੀ. ਰਿਪੇਅਰਿੰਗ ਦਾ ਕੰਮ ਵੀ ਸਿੱਖ ਰਿਹਾ ਸੀ। ਸਕੂਲ ’ਚ ਛੁੱਟੀਆਂ ਹੋਣ ਕਾਰਨ ਬੀਤੇ ਦਿਨੀਂ ਉਸ ਦਾ ਪੁੱਤਰ ਸਵੇਰੇ 10 ਵਜੇ ਘਰੋਂ ਇਹ ਕਹਿ ਕੇ ਚਲਾ ਗਿਆ ਕਿ ਉਹ ਕੰਮ ਕਰਨ ਲਈ ਜਾ ਰਿਹਾ ਹੈ ਪਰ ਜਦੋਂ ਉਹ ਦੁਪਹਿਰ ਤੱਕ ਘਰ ਵਾਪਸ ਨਾ ਆਇਆ ਤਾਂ ਉਸ ਨੂੰ ਕਈ ਵਾਰੀ ਫ਼ੋਨ ਕੀਤਾ ਗਿਆ ਪਰ ਉਸ ਨੇ ਫ਼ੋਨ ਨਾ ਚੁੱਕਿਆ। ਇਸ ਤੋਂ ਬਾਅਦ ਜਦੋਂ ਅਸੀ ਉਸ ਨੂੰ ਵਾਰ ਵਾਰ ਫ਼ੋਨ ਕਰਦੇ ਰਹੇ ਤਾਂ ਸ਼ਾਮ ਨੂੰ ਕਿਸੇ ਵਿਅਕਤੀ ਨੇ ਉਸ ਦਾ ਫ਼ੋਨ ਚੁੱਕ ਕੇ ਸਾਨੂੰ ਦੱਸਿਆ ਕਿ ਤੁਹਾਡਾ ਲੜਕਾ ਤੂਰ ਪੱਤੀ ਭਵਾਨੀਗੜ੍ਹ ਨੂੰ ਜਾਂਦੀ ਸੜਕ 'ਤੇ ਬੰਦ ਪਏ ਟੌਬੇ ਨੇੜੇ ਸਥਿਤ ਇਕ ਟਿਊਬਵੈਲ ਦੇ ਕਮਰੇ ਦੇ ਪਿੱਛੇ ਪਿਆ ਹੈ।
ਇਸ ਦੌਰਾਨ ਮੈਂ ਆਪਣੀ ਪਤਨੀ ਅਤੇ ਹੋਰ ਵਿਅਕਤੀਆਂ ਨੂੰ ਨਾਲ ਲੈ ਕੇ ਜਦੋਂ ਉਕਤ ਸਥਾਨ ’ਤੇ ਪਹੁੰਚਿਆ ਤਾਂ ਦੇਖਿਆ ਕਿ ਮੇਰਾ ਲੜਕਾ ਇਥੇ ਬੇਹੋਸ਼ੀ ਦੀ ਹਾਲਤ ’ਚ ਡਿੱਗਿਆ ਪਿਆ ਸੀ। ਜਿਸ ਨੂੰ ਚੁੱਕ ਕੇ ਅਸੀਂ ਸਥਾਨਕ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਲਿਆਂਦਾ ਜਿੱਥੇ ਡਾਕਟਰਾਂ ਨੇ ਮੇਰੇ ਲੜਕੇ ਦੀ ਹਾਲਤ ਗੰਭੀਰ ਹੋਣ ਸਬੰਧੀ ਕਹਿ ਕੇ ਸਾਨੂੰ ਇਸ ਨੂੰ ਤੁਰੰਤ ਕਿਸੇ ਹੋਰ ਹਸਪਤਾਲ ਲਿਜਾਣ ਲਈ ਕਿਹਾ ਤਾਂ ਅਸੀ ਉਸ ਨੂੰ ਤੁਰੰਤ ਸਥਾਨਕ ਸਰਕਾਰੀ ਹਸਪਤਾਲ ਵਿਖੇ ਲੈ ਕੇ ਗ ਜਿੱਥੇ ਮੌਜੂਦ ਡਾਕਟਰ ਨੇ ਲੜਕੇ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਦੇ ਪਿਤਾ ਨੇ ਸ਼ੱਕ ਜ਼ਾਹਿਰ ਕੀਤਾ ਕਿ ਉਸ ਦੇ ਲੜਕੇ ਗੁਰਜੀਤ ਸਿੰਘ ਉਰਫ਼ ਜਸ਼ਨ ਨੂੰ ਕਿਸੇ ਨਾ-ਮਾਲੂਮ ਵਿਅਕਤੀਆਂ ਨੇ ਕਤਲ ਕਰਕੇ ਇੱਥ ਟਿਊਬਵੈਲ ਵਾਲੇ ਕਮਰੇ ਦੇ ਪਿੱਛੇ ਸੁੱਟ ਦਿੱਤਾ ਹੈ।
ਇਸ ਸਬੰਧੀ ਸਥਾਨਕ ਥਾਣਾ ਮੁਖੀ ਸਬ ਇੰਸਪੈਕਟਰ ਗੁਰਨਾਮ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੇ ਪਿਤਾ ਜਗਤਾਰ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਕਾਰਵਾਈ ਕਰਦੇ ਹੋਏ ਨਾ-ਮਾਲੂਮ ਵਿਅਕਤੀ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਅਗਲੀ ਕਾਰਵਾਈ ਆਰੰਭ ਦਿੱਤੀ ਹੈ।