ਗੜ੍ਹਸ਼ੰਕਰ ਵਿਖੇ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ (ਵੀਡੀਓ)

Wednesday, Dec 11, 2019 - 06:56 PM (IST)

ਗੜ੍ਹਸ਼ੰਕਰ (ਸ਼ੋਰੀ)— ਗੜ੍ਹਸ਼ੰਕਰ ਦੇ ਪਿੰਡ ਸੇਖੋਵਾਲ (ਬੀਤ) 'ਚ ਦਿਨ-ਦਿਹਾੜੇ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਦਵਿੰਦਰ ਪ੍ਰਕਾਸ਼ ਸਿੰਘ ਉਰਫ ਬੰਟੀ (26) ਪੁੱਤਰ ਜਸ਼ਪਾਲ ਸਿੰਘ ਵਾਸੀ ਪਿੰਡ ਸੇਖੋਵਾਲ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬਾਅਦ ਦੁਪਹਿਰ ਅੱਧੀ ਦਰਜ ਦੇ ਕਰੀਬ ਹਮਲਾਵਾਰਾਂ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਦਵਿੰਦਰ ਨੂੰ ਮੌਤ ਦੇ ਘਾਟ ਉਤਾਰਿਆ। 

ਮਿਲੀ ਜਾਣਕਾਰੀ ਅਨੁਸਾਰ ਜਿਸ ਸਮੇਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਉਸ ਸਮੇਂ ਦਵਿੰਦਰ ਬੰਟੀ ਆਪਣੇ ਘਰ 'ਚ ਹੀ ਸੀ। ਦਵਿੰਦਰ 'ਤੇ ਨਜ਼ਦੀਕੀ ਪਿੰਡ ਆਦਰਸ਼ ਨਗਰ (ਹੈਬੋਵਾਲ) ਦੇ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਇਸ ਹਮਲੇ 'ਚ ਉਕਤ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਦਵਿੰਦਰ ਨੂੰ ਤੁਰੰਤ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਲੋਕਾਂ 'ਚ ਇਹ ਵੀ ਚਰਚਾ ਹੈ ਕਿ ਮੌਕੇ 'ਤੇ ਦੋ ਫਾਇਰਾਂ ਦੀ ਅਵਾਜ਼ ਵੀ ਸੁਣੀ ਗਈ ਹੈ । 

ਹਮਲੇ 'ਚ ਜਖਮੀ ਦਵਿੰਦਰ ਬੰਟੀ ਨੂੰ ਸਾਰੇ ਹਮਲਾਵਾਰਾਂ ਦੀ ਪਛਾਣ ਹੋ ਗਈ ਦੱਸੀ ਜਾ ਰਹੀ ਹੈ। ਮੌਕੇ 'ਤੇ ਐੱਸ. ਪੀ. ਡੀ. ਧਰਮਵੀਰ ਸਿੰਘ, ਡੀ. ਐੱਸ. ਪੀ. ਸਤੀਸ਼ ਕੁਮਾਰ, ਗੜ੍ਹਸ਼ੰਕਰ ਥਾਣੇ ਤੋਂ ਓਮਪ੍ਰਕਾਸ਼ ਏ. ਐੱਸ. ਆਈ. ਅਤੇ ਬੀਨੇਵਾਲ ਚੌਂਕੀ ਦੇ ਇੰਚਾਰਜ਼ ਵਾਸਦੇਵ ਮੌਕੇ 'ਤੇ ਪਹੁੰਚ ਕੇ ਤਫਤੀਸ਼ 'ਚ ਲੱਗ ਗਏ ਸਨ। ਕਤਲ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

shivani attri

Content Editor

Related News