ਪਿਤਾ ਦੀ ਡਾਂਟ ਦਾ ਗੁੱਸਾ ਕਰਕੇ ਪੁੱਤ ਨੇ ਬੱਸ ਸਟੈਂਡ ''ਤੇ ਗੁਜ਼ਾਰੀ ਰਾਤ, ਅਗਲੇ ਦਿਨ ਖੁਦ ਹੀ ਪੁੱਜਾ ਥਾਣੇ
Wednesday, Oct 04, 2017 - 07:02 PM (IST)
ਜਲੰਧਰ(ਪ੍ਰੀਤ)— ਸੋਮਵਾਰ ਦੀ ਰਾਤ ਤੋਂ ਲਾਪਤਾ ਬੀਕਾਨੇਰ ਸਵੀਟਸ ਮਾਡਲ ਟਾਊਨ ਦੇ ਮਾਲਕ ਦਾ ਬੇਟਾ ਮੰਗਲਵਾਰ ਦੀ ਦੁਪਹਿਰ ਖੁਦ ਹੀ ਥਾਣੇ ਪਹੁੰਚ ਗਿਆ। ਸਵੀਟਸ ਸ਼ਾਪ ਦੇ ਮਾਲਕ ਅਕਸ਼ੈ ਕੁਮਾਰ ਦਾ ਬੇਟਾ ਪੰਕਜ ਘਰੇਲੂ ਪਰੇਸ਼ਾਨੀ ਕਾਰਨ ਘਰੋਂ ਚਲਾ ਗਿਆ ਸੀ। ਦਰਅਸਲ ਦੁਕਾਨਦਾਰੀ 'ਚ ਵਰਤੀ ਗਈ ਲਾਪਰਵਾਹੀ ਨੂੰ ਲੈ ਕੇ ਉਸ ਦੇ ਪਿਤਾ ਨੇ ਉਸ ਨੂੰ ਕੰਮ ਦੇ ਸਿਲਸਿਲੇ 'ਚ ਡਾਂਟਿਆ ਅਤੇ ਇਸੇ ਗੱਲ ਦਾ ਗੁੱਸਾ ਕਰਕੇ ਉਹ ਦੁਕਾਨ ਤੋਂ ਹੀ ਚਲਾ ਗਿਆ ਸੀ। ਪੁਲਸ ਨੇ ਪੰਕਜ ਨੂੰ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪਿਆ ਹੈ।
ਜ਼ਿਕਰਯੋਗ ਹੈ ਕਿ ਸੋਮਵਾਰ ਰਾਤ ਨੂੰ ਬੀਕਾਨੇਰ ਸਟੀਵਸ ਦੇ ਮਾਲਕ ਅਕਸ਼ੈ ਕੁਮਾਰ ਵਾਸੀ ਜੇ. ਪੀ. ਨਗਰ ਨੇ ਬਸਤੀ ਬਾਵਾ ਖੇਲ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਬੇਟਾ ਪੰਕਜ ਕੁਮਾਰ (17) ਲਾਪਤਾ ਹੈ। ਥਾਣਾ ਬਸਤੀ ਬਾਵਾ ਖੇਲ ਦੇ ਇੰਸਪੈਕਟਰ ਰੇਸ਼ਮਿੰਦਰ ਸਿੰਘ ਵੱਲੋਂ ਪੰਕਜ ਕੁਮਾਰ ਦੀ ਤਲਾਸ਼ ਸ਼ੁਰੂ ਕੀਤੀ ਗਈ ਅਤੇ ਕਮਿਸ਼ਨਰੇਟ ਦੇ ਸਾਰੇ ਥਾਣਿਆਂ ਅਤੇ ਆਲੇ-ਦੁਆਲਾ ਜ਼ਿਲਾ ਪੁਲਸ ਨੂੰ ਸੂਚਿਤ ਕੀਤਾ ਗਿਆ। ਪਤਾ ਲੱਗਾ ਹੈ ਕਿ ਰਾਤ ਕਰੀਬ 2 ਵਜੇ ਪੰਕਜ ਕੁਮਾਰ ਨੂੰ ਬੱਸ ਸਟੈਂਡ ਦੇ ਨੇੜੇ ਦੇਖਿਆ ਗਿਆ।
ਇੰਸਪੈਕਰ ਰੇਸ਼ਮਿੰਦਰ ਸਿੰਘ ਸਿੱਧੂ ਵੱਲੋਂ ਪੰਕਜ ਦੀ ਮੋਬਾਇਲ ਕਾਲ ਡਿਟੇਲ ਅਤੇ ਉਸ ਦੇ ਦੋਸਤਾਂ ਨਾਲ ਸੰਪਰਕ ਕਰਕੇ ਜਾਂਚ ਕੀਤੀ ਗਈ। ਇਸ ਦੌਰਾਨ ਪੰਕਜ ਦੀ ਇਕ ਗਰਲ ਫ੍ਰੈਂਡ ਦਾ ਨੰਬਰ ਸਾਹਮਣੇ ਆਇਆ ਅਤੇ ਪੁਲਸ ਨੇ ਉਸ ਨਾਲ ਸੰਪਰਕ ਕੀਤਾ। ਜਿਵੇਂ ਹੀ ਲੜਕੀ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਦੇ ਕੁਝ ਹੀ ਦੇਰ ਬਾਅਦ ਪੰਕਜ ਖੁਦ ਹੀ ਥਾਣਾ ਬਸਤੀ ਬਾਵਾ ਖੇਲ ਪਹੁੰਚ ਗਿਆ।
ਥਾਣਾ ਬਸਤੀ ਬਾਵਾ ਖੇਲ ਦੇ ਇੰਸਪੈਕਟਰ ਰੇਸ਼ਮਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਕਜ ਆਪਣੇ ਪਿਤਾ ਨਾਲ ਦੁਕਾਨ 'ਤੇ ਬੈਠਦਾ ਹੈ ਪਰ ਦੁਕਾਨਦਾਰੀ ਦੇ ਸਮੇਂ ਉਸ ਵੱਲੋਂ ਵਰਤੀ ਗਈ ਲਾਪਰਵਾਹੀ ਕਾਰਨ ਪਿਤਾ ਨੇ ਉਸ ਨੂੰ ਡਾਂਟਿਆ। ਇਸੇ ਗੱਲ ਤੋਂ ਗੁੱਸਾ ਹੋ ਕੇ ਪੰਕਜ ਦੁਕਾਨ ਤੋਂ ਘਰ ਲਈ ਨਿਕਲਿਆ ਪਰ ਘਰ ਨਹੀਂ ਪਹੁੰਚਿਆ। ਪੰਕਜ ਆਪਣਾ ਮੋਬਾਇਲ ਵੀ ਦੁਕਾਨ 'ਤੇ ਛੱਡ ਗਿਆ ਸੀ। ਇੰਸਪੈਕਟਰ ਰੇਸ਼ਮਿੰਦਰ ਸਿੰਘ ਸਿੱਧੂ ਮੁਤਾਬਕ ਪੰਕਜ ਸੋਮਵਾਰ ਰਾਤ ਬੱਸ ਸਟੈਂਡ 'ਤੇ ਹੀ ਰਿਹਾ। ਪੰਕਜ ਦੇ ਵਾਪਸ ਆਉਣ 'ਤੇ ਪਰਿਵਾਰ ਵਾਲਿਆਂ ਨੂੰ ਬੁਲਾਇਆ ਗਿਆ ਅਤੇ ਉਨ੍ਹਾਂ ਨੂੰ ਸੌਂਪ ਦਿੱਤਾ ਗਿਆ।
