'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ, ਪਾਣੀ ਲਈ ਤੜਫ਼ਦਾ ਰਿਹਾ ਮੁੰਡਾ, ਸ਼ੱਕੀ ਹਾਲਾਤ 'ਚ ਹੋਈ ਮੌਤ
Friday, Sep 11, 2020 - 09:37 PM (IST)
ਗੋਰਾਇਆ (ਮੁਨੀਸ਼ ਬਾਵਾ)— ਪ੍ਰੇਮ-ਵਿਆਹ ਕਰਵਾਉਣ ਵਾਲੇ ਲੜਕੇ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਇਸ ਨੂੰ ਹੱਤਿਆ ਦੱਸਿਆ ਹੈ। ਜਦਕਿ ਪੁਲਸ ਵੱਲੋਂ ਖ਼ਦਕੁਸ਼ੀ ਲਈ ਮਜਬੂਰ ਕਰਕੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹੀ ਜਾ ਰਹੀ ਹੈ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਜੋਗਾ ਰਾਮ ਵਾਸੀ ਪਿੰਡ ਖੇੜਾ ਥਾਣਾ ਸਤਨਾਮਪੁਰਾ ਫਗਵਾੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੇ ਪੁੱਤਰ ਦੀਪਕ ਲਗਾਹ ਉਰਫ ਦੀਪੂ ਨੇ 'ਲਵ ਮੈਰਿਜ' ਕਰੀਬ ਦੋ ਸਾਲ ਪਹਿਲਾਂ ਗੋਰਾਇਆ ਦੇ ਪਿੰਡ ਵਿਰਕਾਂ ਦੀ ਰਹਿਣ ਵਾਲੀ ਸਲਮਾ ਪੁੱਤਰੀ ਮੁਹੱਮਦ ਰਫੀਕ ਦੇ ਨਾਲ ਘਰਵਾਲਿਆਂ ਦੀ ਸਹਿਮਤੀ ਨਾਲ ਕਰਵਾਇਆ ਸੀ।
ਵਿਆਹ ਦੇ ਕੁਝ ਮਹੀਨੇ ਬਾਅਦ ਹੀ ਪਤਨੀ ਨੇ ਘਰਦਿਆਂ ਤੋਂ ਕੀਤਾ ਵੱਖ
ਵਿਆਹ ਦੇ ਕੁਝ ਮਹੀਨੇ ਬਾਅਦ ਹੀ ਦੀਪਕ ਦੀ ਪਤਨੀ ਸਲਮਾ ਉਸ ਦੇ ਨਾਲ ਝਗੜਾ ਕਰਨ ਲੱਗੀ ਅਤੇ ਉਸ ਨੂੰ ਆਪਣੇ ਪਰਿਵਾਰ ਤੋਂ ਵੱਖ ਰਹਿਣ ਲਈ ਕਹਿਣ ਲੱਗੀ। ਜਿਸ ਤੋਂ ਬਾਅਦ ਉਹ ਦੋਵੇਂ ਕਦੀ ਵਿਰਕਾਂ, ਗੋਰਾਇਆ ਅਤੇ ਹੁਣ ਗੋਰਾਇਆ ਦੇ ਪਿੰਡ ਰੁੜਕਾ ਕਲਾਂ 'ਚ ਕਿਰਾਏ ਦੇ ਮਕਾਨ 'ਚ ਰਹਿ ਰਹੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਲੜਕੇ ਨੇ ਕਈ ਵਾਰ ਦੱਸਿਆ ਸੀ ਕਿ ਉਸ ਦੀ ਪਤਨੀ, ਸਹੁਰਾ ਅਤੇ ਸੱਸ ਉਸ ਨੂੰ ਤੰਗ ਪਰੇਸ਼ਾਨ ਕਰਦੇ ਰਹਿੰਦੇ ਹਨ ਅਤੇ ਕਈ ਵਾਰ ਉਸ ਦੀ ਪਤਨੀ ਉਸ ਨਾਲ ਕੁੱਟਮਾਰ ਵੀ ਕਰ ਚੁੱਕੀ ਹੈ। ਉਸ ਦੇ ਖ਼ਿਲਾਫ਼ ਪੁਲਸ ਨੂੰ ਝੂਠੀ ਸ਼ਿਕਾਇਤ ਵੀ ਦੇ ਚੁੱਕੀ ਹੈ।
ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਪਤਨੀ, ਸੱਸ, ਸਹੁਰਾ ਤੇ ਪੁਲਸ 'ਤੇ ਲਾਏ ਸਨ ਗੰਭੀਰ ਦੋਸ਼
ਕਈ ਵਾਰ ਉਨ੍ਹਾਂ ਦੋਹਾਂ ਦਾ ਪੰਚਾਇਤ 'ਚ ਰਾਜ਼ੀਨਾਮਾ ਵੀ ਹੋ ਚੁਕਾ ਹੈ। ਜੋਗਾ ਰਾਮ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਏ. ਸੀ. ਮਕੈਨਿਕ ਸੀ। ਦੀਪਕ ਨੇ ਸ਼ੋਸ਼ਲ ਮੀਡੀਆ 'ਤੇ ਵੀ ਆਪਣੀ ਆਈ. ਡੀ 'ਤੇ ਲਾਈਵ ਹੋ ਕੇ ਅਗਸਤ ਮਹੀਨੇ ਦੀ ਰੋਂਦੇ ਹੋਏ ਆਪਣੀ ਪਤਨੀ, ਸੱਸ, ਸਹੁਰਾ ਅਤੇ ਪੁਲਸ ਵਾਲਿਆਂ 'ਤੇ ਤੰਗ ਪਰੇਸ਼ਾਨ ਕਰਨ ਦੇ ਦੋਸ਼ ਵੀ ਲਗਾਏ ਗਏ ਸਨ ਅਤੇ ਪੁਲਸ ਵੱਲੋਂ ਵੀ ਉਸ ਦੀ ਕੋਈ ਸੁਣਵਾਈ ਨਾ ਕਰਨ ਦੇ ਦੋਸ਼ ਲਗਾਏ ਸਨ। ਉਸ ਸਮੇਂ ਵੀ ਉਸ ਨੇ ਸੁਸਾਈਡ ਕਰਨ ਦੀ ਧਮਕੀ ਵੀ ਦਿੱਤੀ ਸੀ ਪਰ ਉਸ ਦੇ ਮਿੱਤਰ, ਰਿਸ਼ਤੇਦਾਰ ਅਤੇ ਪਰਿਵਾਰਿਕ ਮੈਂਬਰਾਂ ਨੇ ਦੀਪਕ ਨੂੰ ਸਮਝਾ ਕੇ ਇਹਦਾ ਦਾ ਕੋਈ ਵੀ ਕਦਮ ਨਾ ਉਠਾਉਣ ਲਈ ਸਮਝਾਇਆ ਅਤੇ ਕਈ ਦਿਨ ਉਹ ਆਪਣੇ ਚਾਚੇ ਦੇ ਲੜਕੇ ਦੇ ਕੋਲ ਵੀ ਰਿਹਾ।
ਬੀਤੀ ਰਾਤ ਉਸ ਦੀ ਪਤਨੀ ਸਲਮਾ ਨੇ ਪਹਿਲਾਂ ਨਕੋਦਰ ਵਿਖੇ ਰਹਿੰਦੇ ਦੀਪਕ ਦੇ ਮਿੱਤਰਾਂ ਨੂੰ ਫੋਨ ਕਰਵਾ ਕੇ ਮੌਕੇ 'ਤੇ ਬੁਲਾਇਆ। ਇਸ ਤੋਂ ਬਾਅਦ ਫਿਰ ਦੀਪਕ ਦੇ ਦੋਸਤਾਂ ਨੇ ਦੀਪਕ ਦੇ ਪਰਿਵਾਰ ਨੂੰ ਫੋਨ ਕਰਕੇ ਸਾਰੀ ਘਟਨਾ ਦੀ ਸੂਚਨਾ ਦਿੱਤੀ। ਉਹ ਵੀ ਮੌਕੇ 'ਤੇ ਪਹੁੰਚੇ। ਮੌਕੇ 'ਤੇ ਪਹੁੰਚੇ ਪਰਿਵਾਰ ਵੱਲੋਂ ਦੀਪਕ ਦੀ ਹਾਲਤ ਨੂੰ ਵੇਖਦੇ ਪਹਿਲਾਂ ਫਗਵਾੜੇ ਦੇ ਨਿੱਜੀ ਹਸਪਤਾਲ ਵੀ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਕਰ ਦਿੱਤਾ। ਦੀਪਕ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਜਦ ਉਹ ਰੁੜਕਾ ਕਲਾਂ ਪਹੁੰਚੇ ਤਾਂ ਨੇੜੇ ਦੇ ਲੋਕ ਦੱਸਦੇ ਰਹੇ ਕਿ ਉਨ੍ਹਾਂ ਦਾ ਪੁੱਤਰ ਪਾਣੀ ਲਈ ਤੜਫ਼ਦਾ ਰਿਹਾ ਪਰ ਉਸ ਨੂੰ ਪਾਣੀ ਤੱਕ ਨਹੀਂ ਦਿੱਤਾ ਅਤੇ ਉਸ ਦੇ ਨਾਲ ਕੁੱਟ ਮਾਰਵੀ ਕੀਤੀ।
ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਦੀਪਕ
ਦੀਪਕ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ।ਜਿਸ ਦੀਆਂ ਦੋ ਭੈਣਾਂ ਵਿਆਹੁਤਾ ਹਨ। ਜਿਸ ਦੀ ਇਕ ਭੈਣ ਵਿਦੇਸ਼ 'ਚ ਹੈ, ਦੂਜੀ ਲੁਧਿਆਣਾ 'ਚ ਵਿਆਹੀ ਹੈ ਜੋਕਿ ਦੀਪਕ ਤੋਂ ਵੱਡੀ ਹੈ। ਜਦਕਿ ਇਕ ਛੋਟੀ ਭੈਣ ਮਾਤਾ-ਪਿਤਾ ਦੇ ਕੋਲ ਹੀ ਰਹਿੰਦੀ ਹੈ। ਉਸ ਦੇ ਪਿਤਾ ਪਿੰਡ ਦੇ ਇਕ ਧਾਰਮਿਕ ਸਥਾਨ 'ਤੇ ਪਾਠੀ ਹਨ।
ਪਤਨੀ, ਸੱਸ, ਸਹੁਰਾ 'ਤੇ ਕੀਤਾ ਮਾਮਲਾ ਦਰਜ
ਐੱਸ. ਐੱਚ. ਓ. ਕੇਵਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਜੋਗਾ ਰਾਮ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਦੀਪਕ ਦੀ ਪਤਨੀ ਸਲਮਾ, ਸੱਸ ਬਲਵੀਰ ਕੌਰ, ਸਹੁਰਾ ਮੁਹੱਮਦ ਰਫੀਕ ਉਰਫ ਨਿੰਦੀ ਢੋਲੀ ਪੁੱਤਰ ਸ਼ਾਹ ਮੁਹੰਮਦ ਦੇ ਖ਼ਿਲਾਫ਼ ਥਾਣਾ ਗੁਰਾਇਆ 'ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਭੇਜਿਆ ਗਿਆ, ਜਿੱਥੇ ਪੋਸਟਮਾਰਟਮ ਤੋਂ ਬਾਅਦ ਪਿੰਡ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।