ਕੈਨੇਡਾ ਤੋਂ ਪੁੱਜੀ ਇਕਲੌਤੇ ਪੁੱਤ ਦੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
Wednesday, Mar 30, 2022 - 06:32 PM (IST)
ਬਟਾਲਾ (ਗੁਰਪ੍ਰੀਤ)- ਕੈਨੇਡਾ ਵਿਚ ਵਾਪਰੇ ਹਾਦਸੇ ਦੌਰਾਨ ਮਾਰੇ ਗਏ ਪੰਜ ਪੰਜਾਬੀ ਵਿਦਿਆਰਥੀਆਂ ਵਿਚੋਂ ਕਰਨਪਾਲ ਸਿੰਘ ਦੀ ਮ੍ਰਿਤਕ ਦੇਹ 20 ਦਿਨ ਬਾਅਦ ਜੱਦੀ ਪਿੰਡ ਪਹੁੰਚੀ, ਜਿੱਥੇ ਉਸ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਬਟਾਲਾ ਦੇ ਨਜ਼ਦੀਕੀ ਪਿੰਡ ਅਮੋਨੰਗਲ ਵਿੱਚ ਮਾਹੌਲ ਉਸ ਵੇਲੇ ਗਮਗੀਨ ਹੋ ਗਿਆ ਜਦੋਂ ਨੌਜਵਾਨ ਕਰਨਪਾਲ ਸਿੰਘ ਦੀ ਮ੍ਰਿਤਕ ਦੇਹ ਕਰੀਬ 20 ਦਿਨ ਬਾਅਦ ਕੈਨੇਡਾ ਤੋਂ ਪਿੰਡ ਉਨ੍ਹਾਂ ਦੇ ਘਰ ਪਹੁੰਚੀ। ਤਿੰਨ ਪਰਿਵਾਰਾਂ ਦੇ ਇਕਲੌਤੇ ਪੁੱਤਰ ਦੀ ਮ੍ਰਿਤਕ ਦੇਹ ਵੇਖ ਕੇ ਹਰ ਇਕ ਦੀ ਅੱਖ ਨਮ ਵਿਖਾਈ ਦਿੱਤੀ।
ਕਰਨਪਾਲ ਸਿੰਘ ਦਾ ਅੰਤਿਮ ਸੰਸਕਾਰ ਉਸ ਦੇ ਦੇ ਪਿੰਡ ਵਿੱਚ ਉਸ ਦੀ ਜੱਦੀ ਜਮੀਨ ਵਿੱਚ ਕੀਤਾ ਗਿਆ ਹੈ। ਆਪਣੇ ਪੁੱਤਰ ਨੂੰ ਮੁੱਖ ਅਗਨੀ ਪਿਤਾ ਪਰਜੀਤ ਸਿੰਘ ਨੇ ਦਿੱਤੀ। ਦੱਸ ਦਈਏ ਕਿ ਬੀਤੀ 11 ਮਾਰਚ ਨੂੰ ਕੈਨੇਡਾ ਵਿਚ ਆਪਣਾ ਪੇਪਰ ਦੇ ਕੇ ਟੈਕਸੀ ਜ਼ਰੀਏ ਵਾਪਿਸ ਆਪਣੀ ਰਿਹਾਇਸ਼ 'ਤੇ ਆਉਂਦੇ ਸਮੇਂ ਟਰਾਲਾ ਨਾਲ ਹੋਈ ਜ਼ਬਰਦਸਤ ਟੱਕਰ ਦੇ ਵਿਚ ਟੈਕਸੀ ਸਵਾਰ ਪੰਜ ਪੰਜਾਬੀ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ। ਇਨ੍ਹਾਂ ਵਿਚੋਂ ਇਕ ਕਰਨਪਾਲ ਸਿੰਘ ਵੀ ਸੀ, ਜੋ 2021 ਜਨਵਰੀ ਨੂੰ ਆਪਣੇ ਅਤੇ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਦੇ ਸੁਫ਼ਨੇ ਸੰਜੋ ਕੇ ਕੈਨੇਡਾ ਗਿਆ ਸੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਸੰਦੀਪ ਨੰਗਲ ਅੰਬੀਆਂ ਕਤਲ ਮਾਮਲੇ 'ਚ ਯਾਦਵਿੰਦਰ ਯਾਦਾ ਗ੍ਰਿਫ਼ਤਾਰ, ਸਾਹਮਣੇ ਆਈ ਇਹ ਗੱਲ
ਕਰਨਪਾਲ ਸਿੰਘ ਆਪਣੇ ਨਾਨਕੇ ਅਤੇ ਦਾਦਕਿਆਂ ਸਮੇਤ ਤਿੰਨ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਪਰਿਵਾਰਿਕ ਮੈਂਬਰਾਂ ਅਤੇ ਦੋਸਤਾਂ ਨੇ ਜਿੱਥੇ ਕੈਨੇਡਾ ਅਤੇ ਭਾਰਤ ਦੇਸ਼ਾਂ ਦੀਆਂ ਸਰਕਾਰਾਂ ਨੂੰ ਕੋਸਿਆ ਓਥੇ ਹੀ ਕੈਨੇਡਾ ਵਿੱਚ ਵੱਸਦੇ ਪੰਜਾਬੀਆਂ ਅਤੇ ਪੰਜਾਬੀ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਕਿਹਾ ਕਿ ਕੈਨੇਡਾ ਵਿੱਚ ਹੋਏ ਇਸ ਹਾਦਸੇ ਵਿਚ ਮਾਰੇ ਗਏ ਪੰਜ ਪੰਜਾਬੀ ਵਿਦਿਆਰਥੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਪੰਜਾਬ ਲਿਆਉਣ ਵਿਚ ਦੋਵੇ ਦੇਸ਼ਾਂ ਦੀਆਂ ਸਰਕਾਰਾਂ ਨੇ ਕੋਈ ਮਦਦ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਵੱਸਦੇ ਪੰਜਾਬੀਆਂ ਅਤੇ ਪੰਜਾਬੀ ਵਿਦਿਆਰਥੀਆਂ ਨੇ ਹੀ ਪੈਸੇ ਇਕੱਠੇ ਕਰਕੇ ਇਨ੍ਹਾਂ ਪੰਜਾਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਉਨ੍ਹਾਂ ਦੇ ਘਰਾਂ ਤਕ ਪਹੁੰਚਾਇਆ ਹੈ।
ਇਹ ਵੀ ਪੜ੍ਹੋ: ਫਿਲੌਰ ਵਿਖੇ ਮਾਂ ਨੂੰ ਭਿਆਨਕ ਮੌਤ ਦੇਣ ਵਾਲੀ ਧੀ ਨੇ ਕੀਤੇ ਹੈਰਾਨੀਜਨਕ ਖ਼ੁਲਾਸੇ
ਮਲਕੀਤ ਸਿੰਘ ਮਾਮਾ, ਰਜਵੰਤ ਕੌਰ ਦਾਦੀ ਨੇ ਕਿਹਾ ਕਿ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਨੇਤਾ ਪਰਿਵਾਰ ਦਾ ਹਾਲ ਜਾਨਣ ਨਹੀਂ ਆਇਆ ਅਤੇ ਨਾ ਹੀ ਪਰਿਵਾਰ ਦਾ ਕਿਸੇ ਨੇ ਦੁੱਖ਼ ਵੰਡਾਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰਾਂ ਨੌਜਵਾਨਾਂ ਲਈ ਦੇਸ਼ ਵਿਚ ਹੀ ਰੋਜ਼ਗਾਰ ਮੁਹੱਈਆ ਕਰਵਾਉਣ ਤਾਂ ਕੋਈ ਵੀ ਪਰਿਵਾਰ ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਦੀ ਧਰਤੀ 'ਤੇ ਰੋਜ਼ਗਾਰ ਲਈ ਨਾ ਭੇਜਣ।
ਉਨ੍ਹਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨਿਕ ਤਾਣਾ ਬਾਣਾ ਭ੍ਰਿਸ਼ਟ ਹੋ ਚੁੱਕਿਆ ਹੈ। ਹਰ ਜਗ੍ਹਾ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਰਿਸ਼ਵਤ ਤੋਂ ਬਗੈਰ ਕੋਈ ਕੰਮ ਨਹੀਂ ਹੁੰਦਾ। ਉਨ੍ਹਾਂ ਅਪੀਲ ਕੀਤੀ ਕਿ ਸਰਕਾਰਾਂ ਨੂੰ ਆਪਣੀ ਜਨਤਾ ਬਾਰੇ ਸੋਚਣਾ ਚਾਹੀਦਾ ਹੈ ਤਾਂਕਿ ਕਿਸੇ ਪਰਿਵਾਰ ਨੂੰ ਅਜਿਹੇ ਦਿਨ ਨਾ ਵੇਖਣੇ ਪੈਣ। ਉਨ੍ਹਾਂ ਕਿਹਾ ਸਰਕਾਰਾਂ ਰੋਜ਼ਗਾਰ ਦੇ ਕੇ ਪੰਜਾਬ ਦੀ ਨੌਜਵਾਨੀ ਅਤੇ ਪੰਜਾਬ ਨੂੰ ਬਚਾਉਣ ਦਾ ਉਪਰਾਲਾ ਕਰਨ।
ਇਹ ਵੀ ਪੜ੍ਹੋ: ਕਪੂਰਥਲਾ 'ਚ ਦਰਿੰਦਗੀ ਦੀਆਂ ਹੱਦਾਂ ਪਾਰ, 5 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ