ਝਾਕੀਆਂ ਬਣਾਉਣ ਵਾਲੇ ਦਾ ਹੈਲਪਰ ਆਇਆ ਟਰੇਨ ਦੀ ਲਪੇਟ ''ਚ, ਮੌਤ
Monday, Aug 14, 2017 - 06:11 AM (IST)
ਜਲੰਧਰ (ਪ੍ਰੀਤ, ਗੁਲਸ਼ਨ) - ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ 'ਤੇ ਸ਼੍ਰੀ ਦੇਵੀ ਤਲਾਬ ਮੰਦਰ ਤੋਂ ਕੱਢੀ ਜਾ ਰਹੀ ਸ਼ੋਭਾ ਯਾਤਰਾ 'ਚ ਇਕ ਝਾਕੀ 'ਚ ਸਵਾਰ ਹੈਲਪਰ ਨੌਜਵਾਨ ਰੇਲਵੇ ਕ੍ਰਾਸਿੰਗ 'ਤੇ ਟਰੇਨ ਦੀ ਲਪੇਟ 'ਚ ਆ ਗਿਆ। ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਰਾਮਜੀ ਸਿੰਘ ਵਾਸੀ ਸੁਨੇਰ, ਜ਼ੀਰਾ (ਫਿਰੋਜ਼ਪੁਰ) ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ 'ਤੇ ਸ਼੍ਰੀ ਦੇਵੀ ਤਲਾਬ ਮੰਦਰ ਤੋਂ ਬੀਤੇ ਦਿਨ ਸ਼ੋਭਾ ਯਾਤਰਾ ਕੱਢੀ ਜਾ ਰਹੀ ਸੀ। ਸ਼ੋਭਾ ਯਾਤਰਾ 'ਚ ਮੋਗੇ ਤੋਂ ਆਈ ਝਾਕੀ 'ਚ ਸਵਾਰ ਗੁਰਪ੍ਰੀਤ ਸਿੰਘ (19) ਦੂਸਰੀ ਝਾਕੀ ਵੱਲ ਗਿਆ ਤੇ ਟਾਂਡਾ ਰੇਲਵੇ ਫਾਟਕ 'ਚ ਟਰੇਨ ਦੀ ਲਪੇਟ 'ਚ ਆ ਗਿਆ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਦੇਰ ਰਾਤ ਸੂਚਨਾ ਮਿਲਣ 'ਤੇ ਜੀ. ਆਰ. ਪੀ. ਦੇ ਏ. ਐੱਸ. ਆਈ. ਸਤਵੰਤ ਸਿੰਘ, ਹੈੱਡ ਕਾਂਸਟੇਬਲ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਜਾਂਚ ਤੋਂ ਬਾਅਦ ਬੀਤੀ ਦੇਰ ਰਾਤ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਰਖਵਾ ਦਿੱਤੀ। ਐਤਵਾਰ ਸਵੇਰੇ ਗੁਰਪ੍ਰੀਤ ਦੇ ਪਿਤਾ ਰਾਮਜੀ ਸਿੰਘ ਆਪਣੇ ਪਿੰਡ ਦੇ ਸਰਪੰਚ ਕਰਮਜੀਤ ਸਿੰਘ, ਰਘਬੀਰ ਸਿੰਘ, ਪੰਚਾਇਤ ਮੈਂਬਰ ਸੁਰਿੰਦਰ ਕੌਰ, ਅੰਗਰੇਜ਼ ਸਿੰਘ ਤੇ ਹਰਜੀਤ ਸਿੰਘ ਨਾਲ ਜਲੰਧਰ ਪਹੁੰਚੇ।
ਮ੍ਰਿਤਕ ਦੇ ਪਿਤਾ ਰਾਮਜੀ ਸਿੰਘ ਨੇ ਜਾਂਚ ਅਧਿਕਾਰੀ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸ ਦੇ 5 ਬੱਚੇ ਹਨ। ਗੁਰਪ੍ਰੀਤ ਉਸ ਦਾ ਸਭ ਤੋਂ ਛੋਟਾ ਲੜਕਾ ਸੀ। ਉਸ ਨੇ ਦੱਸਿਆ ਕਿ ਉਹ ਮੋਗਾ 'ਚ ਝਾਕੀਆਂ ਬਣਾਉਣ ਵਾਲੇ ਅੰਕੁਸ਼ ਕੋਲ ਬਤੌਰ ਹੈਲਪਰ ਕੰਮ ਕਰਦਾ ਸੀ। ਸ਼ਨੀਵਾਰ ਨੂੰ ਉਹ ਅੰਕੁਸ਼ ਅਤੇ ਹੋਰਨਾਂ ਦੇ ਨਾਲ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸ਼ੋਭਾ ਯਾਤਰਾ 'ਚ ਸ਼ਾਮਿਲ ਹੋਣ
ਲਈ ਜਲੰਧਰ ਆਇਆ ਸੀ। ਸ਼ੋਭਾ ਯਾਤਰਾ ਦੌਰਾਨ ਟਾਂਡਾ ਰੇਲਵੇ ਫਾਟਕ 'ਤੇ ਉਹ ਟਰੇਨ ਨਾਲ ਟਕਰਾਅ ਗਿਆ।
ਰਾਮਜੀ ਸਿੰਘ ਨੇ ਦੱਸਿਆ ਕਿ ਇਸ ਘਟਨਾ ਦੇ ਬਾਰੇ ਉਸ ਨੂੰ ਅੰਕੁਸ਼ ਨੇ ਜਾਣਕਾਰੀ ਦਿੱਤੀ ਹੈ। ਜੀ. ਆਰ. ਪੀ. ਦੇ ਏ. ਐੱਸ. ਆਈ. ਸਤਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਰਾਮਜੀ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਸੀ. ਆਰ. ਪੀ. ਸੀ. ਦੇ ਤਹਿਤ ਕਾਰਵਾਈ ਕਰ ਕੇ ਲਾਸ਼ ਪੋਸਟਮਾਰਟਮ ਕਰਵਾ ਕੇ ਦੁਪਹਿਰ ਵੇਲੇ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।
ਪੀੜਤ ਪਰਿਵਾਰ ਨੂੰ ਮੁਆਵਜ਼ਾ ਦਿਵਾ ਕੇ ਸ਼ੀਤਲ ਵਿਜ ਨੇ ਕਰਵਾਇਆ ਮਾਮਲਾ ਖਤਮ
ਬੀਤੀ ਸ਼ਾਮ ਵਾਪਰੀ ਘਟਨਾ ਤੋਂ ਬਾਅਦ ਬਿਨਾਂ ਕਾਰਵਾਈ ਦੇ ਗੁਰਪ੍ਰੀਤ ਦੀ ਮ੍ਰਿਤਕ ਦੇਹ ਪਿੰਡ ਸੁਨੇਰ ਲਿਜਾਈ ਗਈ। ਟਾਂਡਾ ਫਾਟਕ 'ਤੇ ਕਥਿਤ ਲਾਪ੍ਰਵਾਹੀ ਦੇ ਕਾਰਨ ਵਾਪਰੀ ਘਟਨਾ ਦੀ ਜਾਣਕਾਰੀ ਮਿਲਣ 'ਤੇ ਗੁੱਸੇ 'ਚ ਆਏ ਮ੍ਰਿਤਕ ਦੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਲਾਪ੍ਰਵਾਹੀ ਸਬੰਧੀ ਕਾਰਵਾਈ ਕਰਵਾਉਣ ਲਈ ਲਾਸ਼ ਸ਼ਨੀਵਾਰ ਦੇਰ ਰਾਤ ਜਲੰਧਰ ਲੈ ਆਏ। ਐਤਵਾਰ ਸਵੇਰੇ ਸਿਵਲ ਹਸਪਤਾਲ 'ਚ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਲਾਪ੍ਰਵਾਹੀ ਦੇ ਦੋਸ਼ ਲਾਏ। ਚਰਚਾ ਹੈ ਕਿ ਸਵੇਰੇ ਘਟਨਾ ਦਾ ਪਤਾ ਲੱਗਦਿਆਂ ਹੀ ਸ਼੍ਰੀ ਦੇਵੀ ਤਲਾਬ ਮੰਦਰ ਕਮੇਟੀ ਪ੍ਰਧਾਨ ਸ਼ੀਤਲ ਵਿਜ ਖੁਦ ਸਿਵਲ ਹਸਪਤਾਲ ਪਹੁੰਚਿਆ। ਕਿਹਾ ਜਾ ਰਿਹਾ ਹੈ ਕਿ ਸ਼ੀਤਲ ਵਿਜ ਨੇ ਮਾਮਲੇ 'ਚ ਦਖਲਅੰਦਾਜ਼ੀ ਕਰ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੂੰ ਮਨਾਇਆ ਅਤੇ ਆਪਣੇ ਦਫਤਰ ਬੁਲਾ ਕੇ ਮੁਆਵਜ਼ਾ ਦੇ ਕੇ ਮਾਮਲਾ ਖਤਮ ਕਰਵਾ ਦਿੱਤਾ। ਚਰਚਾ ਹੈ ਕਿ ਪੀੜਤ ਪਰਿਵਾਰ ਨੂੰ ਕਾਰਵਾਈ ਨਾ ਕਰਨ ਲਈ 3 ਲੱਖ ਰੁਪਏ ਦਿੱਤੇ ਗਏ। ਥਾਣੇ 'ਚ ਚਰਚਾ ਰਹੀ ਕਿ ਸ਼ੀਤਲ ਵਿਜ ਜੀ. ਆਰ. ਪੀ. ਕਰਮਚਾਰੀਆਂ ਨਾਲ ਫੋਨ 'ਤੇ ਲਗਾਤਾਰ ਸੰਪਰਕ 'ਚ ਰਹੇ।
