ਸ਼ਰਾਬ ਦੀਆਂ ਬੋਤਲਾਂ ਨਾਲ ਵਾਇਰਲ ਤਸਵੀਰਾਂ ਕਾਰਨ ਐੱਸ. ਟੀ. ਸੀ. ਸਵਾਲਾਂ ਦੇ ਘੇਰੇ ''ਚ

Tuesday, Feb 25, 2020 - 04:55 PM (IST)

ਸ਼ਰਾਬ ਦੀਆਂ ਬੋਤਲਾਂ ਨਾਲ ਵਾਇਰਲ ਤਸਵੀਰਾਂ ਕਾਰਨ ਐੱਸ. ਟੀ. ਸੀ. ਸਵਾਲਾਂ ਦੇ ਘੇਰੇ ''ਚ

ਲੁਧਿਆਣਾ (ਵਿੱਕੀ) : ਸਪੋਰਟਸ ਅਥਾਰਟੀ ਆਫ ਇੰਡੀਆ (ਸਾਈਂ) ਵੱਲੋਂ ਲੁਧਿਆਣਾ 'ਚ ਚਲਾਏ ਜਾ ਰਹੇ ਸਾਈਂ ਟ੍ਰੇਨਿੰਗ ਸੈਂਟਰ (ਐੱਸ. ਟੀ. ਸੀ.) ਦੇ ਹੋਸਟਲ 'ਚ ਹੱਥ 'ਚ ਸ਼ਰਾਬ ਦੀਆਂ ਬੋਤਲਾਂ ਫੜੇ ਖਿਡਾਰੀਆਂ ਦੀ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਜਿੱਥੇ ਭੜਥੂ ਪੈ ਗਿਆ ਹੈ। ਇਸ ਦੇ ਨਾਲ ਹੀ ਉਕਤ ਕੇਸ ਲਾਪਰਵਾਹੀ ਵਰਤਣ ਵਾਲੇ ਸਟਾਫ ਦੇ ਗਲੇ ਦਾ ਫਾਹ ਵੀ ਬਣ ਗਿਆ ਹੈ। ਹੁਣ ਸਵਾਲ ਤਾਂ ਇਹ ਹੈ ਕਿ ਸੈਂਟਰ ਦੇ ਹੋਸਟਲ ਦੇ ਅੰਦਰ ਸ਼ਰਾਬ ਦੀਆਂ ਬੋਤਲਾਂ ਪੁੱਜੀਆਂ ਕਿਵੇਂ? ਇਸ ਗੱਲ ਦਾ ਜਵਾਬ ਦੇਣ ਨੂੰ ਕੋਈ ਵੀ ਤਿਆਰ ਨਹੀਂ। ਹੈਰਾਨੀਜਨਕ ਗੱਲ ਤਾਂ ਇਹ ਹੈ ਕਿ ਪਾਰਟੀ ਲਈ ਹੋਸਟਲ 'ਚ ਲਿਆਂਦੀਆਂ ਗਈਆਂ ਸ਼ਰਾਬ ਦੀਆਂ ਬੋਤਲਾਂ ਬਾਰੇ ਨਾ ਤਾਂ ਉਸ ਸਮੇਂ ਕਿਸੇ ਨੂੰ ਪਤਾ ਲੱਗਾ ਅਤੇ ਨਾ ਹੀ ਉਸ ਤੋਂ ਬਾਅਦ। ਕੇਸ ਦੀਆਂ ਪਰਤਾਂ ਉਦੋਂ ਖੁੱਲ੍ਹੀਆਂ ਜਦੋਂ ਇਨ੍ਹਾਂ ਹੀ 'ਚੋਂ ਕਿਸੇ ਟ੍ਰੇਨਾਂ ਨੇ ਸੋਸ਼ਲ ਮੀਡੀਆ 'ਤੇ ਫੋਟੋਜ਼ ਨੂੰ ਅਪਲੋਡ ਕਰ ਦਿੱਤਾ। ਜੇਕਰ ਸੋਸ਼ਲ ਮੀਡੀਆ 'ਤੇ ਇਹ ਫੋਟੋਆਂ ਅਪਲੋਡ ਨਾ ਹੁੰਦੀਆਂ ਤਾਂ ਸ਼ਾਇਦ ਅੱਜ ਵੀ ਕੇਸ ਧਿਆਨ 'ਚ ਨਾ ਆਉਂਦਾ। ਫੋਟੋਆਂ ਦੇ ਆਧਾਰ 'ਤੇ ਇਕ ਪ੍ਰਾਈਵੇਟ ਜੁਡੋ ਕੋਚ ਵਰਿੰਦਰਪਾਲ ਸਿੰਘ ਨੇ ਸਾਈਂ ਅਧਿਕਾਰੀਆਂ ਨੂੰ ਮੇਲ ਕਰ ਕੇ ਸ਼ਿਕਾਇਤ ਕੀਤੀ।

ਸ਼ਿਕਾਇਤ ਮਿਲਦੇ ਹੀ ਸਾਈਂ ਰਿਜਨਲ ਟ੍ਰੇਨਿੰਗ ਸੈਂਟਰ ਚੰਡੀਗੜ੍ਹ ਦੀ ਟੀਮ ਨੇ ਸੋਮਵਾਰ ਨੂੰ ਸਾਈਂ ਟ੍ਰੇਨਿੰਗ ਸੈਂਟਰ ਲੁਧਿਆਣਾ 'ਚ ਪੁੱਜ ਕੇ ਕੇਸ ਦੀ ਜਾਂਚ ਕੀਤੀ। 2 ਮੈਂਬਰੀ ਕਮੇਟੀ ਨੇ ਕਰੀਬ 7 ਘੰਟਿਆਂ ਤੱਕ ਸ਼ਿਕਾਇਤ ਨਾਲ ਜੁੜੇ ਪਹਿਲੂਆਂ ਨੂੰ ਬਾਰੀਕੀ ਨਾਲ ਜਾਂਚਿਆ ਅਤੇ ਹੋਸਟਲ 'ਚ ਰਹਿ ਰਹੇ ਸਾਰੇ ਖਿਡਾਰੀਆਂ ਦੇ ਬਿਆਨ ਵੀ ਲਏ। ਇਸ ਤੋਂ ਇਲਾਵਾ ਜਾਂਚ ਟੀਮ ਨੇ ਸ਼ਰਾਬ ਹੱਥ 'ਚ ਫੜੀ ਖਿਡਾਰੀਆਂ ਦੀਆਂ ਵਾਇਰਲ ਹੋਈਆਂ ਤਸਵੀਰਾਂ ਦੇ ਆਧਾਰ 'ਤੇ ਸਟਾਫ ਅਤੇ ਸਕਿਓਰਿਟੀ ਦੇ ਲਿਖਤੀ ਬਿਆਨ ਵੀ ਲਏ।

ਪ੍ਰਾਈਵੇਟ ਜੁਡੋ ਕੋਚ ਨੇ ਕੀਤੀ ਇਹ ਸ਼ਿਕਾਇਤ
ਜੁਡੋ ਦੀ ਪ੍ਰਾਈਵੇਟ ਕੋਚਿੰਗ ਦੇਣ ਵਾਲੇ ਕੋਚ ਵਰਿੰਦਰਪਾਲ ਸਿੰਘ ਜੋ ਕਿ ਆਪ ਵੀ ਨੈਸ਼ਨਲ ਪਲੇਅਰ ਹੈ, ਨੇ ਬੀਤੇ ਦਿਨ ਉਕਤ ਵਾਇਰਲ ਹੋਈਆਂ ਫੋਟੋਆਂ ਦੇ ਆਧਾਰ 'ਤੇ ਸਾਈਂ ਸੈਂਟਰ ਦਿੱਲੀ ਅਤੇ ਚੰਡੀਗੜ੍ਹ ਵਿਚ ਸ਼ਿਕਾਇਤ ਵੀ ਕੀਤੀ। ਸ਼ਿਕਾਇਤ ਵਿਚ ਵਰਿੰਦਰਪਾਲ ਨੇ ਸਾਈਂ ਟ੍ਰੇਨਿੰਗ ਸੈਂਟਰ ਦੇ ਖਿਡਾਰੀਆਂ ਨੂੰ ਦਿੱਤੀ ਜਾਣ ਵਾਲੀ ਕੋਚਿੰਗ 'ਤੇ ਸਵਾਲ ਖੜ੍ਹੇ ਕਰਦਿਆਂ ਕਈ ਦੋਸ਼ ਲਾਏ ਹਨ। ਉਨ੍ਹਾਂ ਸ਼ਿਕਾਇਤ ਦੇ ਨਾਲ ਫੋਟੋਆਂ ਭੇਜਦੇ ਹੋਏ ਲਿਖਿਆ ਹੈ ਕਿ ਉਕਤ ਤਸਵੀਰਾਂ ਸਾਈਂ ਹੋਸਟਲ ਦੀ ਕਾਰਜਸ਼ੈਲੀ ਨੂੰ ਆਪ ਹੀ ਬਿਆਨ ਕਰ ਰਹੀ ਹੈ। ਐੱਸ.ਟੀ.ਸੀ. ਦੇ ਕੋਚ ਵੀ ਸੈਂਟਰ ਦੇ ਡਿੱਗਦੇ ਪੱਧਰ ਲਈ ਜ਼ਿੰਮੇਦਾਰ ਹਨ। ਹਾਲਾਂਕਿ ਉਨ੍ਹਾਂ ਕਿਹਾ ਕਿ ਉਹ ਆਪਣੀ ਸ਼ਿਕਾਇਤ ਵਿਚ ਕਿਸੇ ਖਿਡਾਰੀ ਦਾ ਭਵਿੱਖ ਦਾਅ 'ਤੇ ਨਹੀਂ ਲਗਾਉਣਾ ਚਾਹੁੰਦੇ ਪਰ ਸਿਸਟਮ ਵਿਚ ਸੁਧਾਰ ਕਰਵਾਉਣਾ ਉਨ੍ਹਾਂ ਦਾ ਮਕਸਦ ਹੈ।

ਦਸੰਬਰ ਮਹੀਨੇ ਦੀਆਂ ਦੱਸੀਆਂ ਜਾ ਰਹੀਆਂ ਵਾਇਰਲ ਹੋਈਆਂ ਫੋਟੋਆਂ
ਐੱ
ਸ.ਟੀ.ਸੀ. ਸੂਤਰਾਂ ਨੇ ਦੱਸਿਆ ਕਿ ਵਾਇਰਲ ਹੋਈਆਂ ਫੋਟੋਆਂ ਦਸੰਬਰ ਮਹੀਨੇ ਦੀਆਂ ਹਨ। ਤਸਵੀਰਾਂ ਵਿਚ ਜਿਨ੍ਹਾਂ 5 ਖਿਡਾਰੀਆਂ ਨੇ ਹੱਥਾਂ ਵਿਚ ਸ਼ਰਾਬ ਦੀਆਂ ਬੋਤਲਾਂ ਫੜੀਆਂ ਹਨ, ਉਨ੍ਹਾਂ ਵਿਚੋਂ 1 ਖਿਡਾਰੀ ਦਸੰਬਰ ਮਹੀਨੇ ਦੇ ਅੰਤਿਮ ਹਫਤੇ ਵਿਚ ਐੱਸ.ਟੀ.ਸੀ. ਛੱਡ ਕੇ ਚਲਾ ਗਿਆ ਸੀ, ਜਦੋਂਕਿ 4 ਹੋਰ ਖਿਡਾਰੀ ਵੀ ਟ੍ਰੇਨਿੰਗ ਲੈ ਰਹੇ ਹਨ। ਇਥੇ ਦੱਸ ਦੇਈਏ ਕਿ ਐੱਸ.ਟੀ.ਸੀ. ਵਿਚ ਮੌਜੂਦਾ ਸਮੇਂ ਵਿਚ ਕੁਲ 26 ਖਿਡਾਰੀ ਹੋਸਟਲ ਵਿਚ ਰਹਿ ਰਹੇ ਹਨ ਜਿਨ੍ਹਾਂ ਵਿਚੋਂ ਹੈਂਡਬਾਲ ਦੇ 14, ਜੁਡੋ ਅਤੇ ਐਥਲੈਟਿਕਸ ਦੇ 6-6 ਖਿਡਾਰੀ ਹਨ।

ਅਸੀਂ ਅੱਜ ਕਰੀਬ 7 ਘੰਟੇ ਤੱਕ ਸ਼ਿਕਾਇਤ ਅਤੇ ਵਾਇਰਲ ਹੋਈਆਂ ਫੋਟੋਆਂ ਦੇ ਆਧਾਰ 'ਤੇ ਜਾਂਚ ਕੀਤੀ ਹੈ। ਜਾਂਚ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਜਾਵੇਗੀ। ਅਧਿਕਾਰੀਆਂ ਵੱਲੋਂ ਜੋ ਵੀ ਐਕਸ਼ਨ ਲਿਆ ਜਾਵੇਗਾ ਉਹ ਸਭ ਦੇ ਸਾਹਮਣੇ ਆ ਜਾਵੇਗਾ।- ਜਾਂਚ ਅਧਿਕਾਰੀ

ਐੱਸ.ਟੀ.ਸੀ. ਦੇ ਸਿਸਟਮ 'ਤੇ ਖੜ੍ਹੇ ਹੋਣ ਵਾਲੇ ਸਵਾਲ
ਹੁਣ ਗੱਲ ਜੇਕਰ ਐੱਸ.ਟੀ.ਸੀ. ਦੇ ਸਕਿਓਰਿਟੀ ਸਿਸਟਮ ਦੀ ਕਰੀਏ ਤਾਂ ਸਭ ਤੋਂ ਪਹਿਲਾ ਸਵਾਲ ਉੱਠਦਾ ਹੈ ਕਿ ਕੋਚਿੰਗ ਤੋਂ ਬਾਅਦ ਵਾਪਸ ਆਉਣ ਵਾਲੇ ਖਿਡਾਰੀਆਂ ਦੇ ਬੈਗ ਚੈੱਕ ਕਿਉਂ ਨਹੀਂ ਹੁੰਦੇ? ਜੇਕਰ ਬੈਗ ਚੈੱਕ ਕੀਤੇ ਹੁੰਦੇ ਤਾਂ ਸ਼ਾਇਦ ਸ਼ਰਾਬ ਦੀਆਂ ਬੋਤਲਾਂ ਹੋਸਟਲ ਦੇ ਅੰਦਰ ਨਾ ਪੁੱਜਦੀਆਂ। ਨਾਲ ਹੀ ਜਿਸ ਪਾਰਟੀ ਨੂੰ ਲੈ ਕੇ ਇਹ ਮਾਮਲਾ ਸ਼ੁਰੂ ਹੋਇਆ ਤਾਂ ਕੀ ਪਾਰਟੀ ਦੌਰਾਨ ਕੋਈ ਵਿਚ ਜ਼ਿੰਮੇਵਾਰ ਅਧਿਕਾਰੀ ਹਾਸਟਲ ਵਿਚ ਮੌਜੂਦ ਨਹੀਂ ਸੀ? ਜੇਕਰ ਸੀ ਤਾਂ ਉਸ ਨੂੰ ਵੀ ਹੱਥਾਂ ਵਿਚ ਸ਼ਰਾਬ ਦੀਆਂ ਬੋਤਲਾਂ ਹਿਲਾ ਕੇ ਫੋਟੋ ਖਿਚਵਾਉਂਦੇ ਖਿਡਾਰੀ ਦਿਖਾਈ ਕਿਉਂ ਨਹੀਂ ਦਿੱਤੇ?

ਪੀ.ਆਈ.ਐੱਸ. ਦੇ ਖਿਡਾਰੀਆਂ ਨੂੰ ਐੱਸ.ਟੀ.ਸੀ. ਦਾ ਹੋਸਟਲ ਦੇਵੇ ਸਰਕਾਰ : ਪਨੂੰ
ਉਧਰ ਦ੍ਰੋਣਾਚਾਰੀਆ ਐਵਾਰਡੀ ਕੋਚ ਅਤੇ ਐੱਸ.ਟੀ.ਸੀ. ਦੇ ਸਾਬਕਾ ਇੰਚਾਰਜ ਸੁਖਦੇਵ ਸਿੰਘ ਪਨੂੰ ਨੇ ਵੀ ਉਕਤ ਕੇਸ ਨੂੰ ਨਿੰਦਣਯੋਗ ਕਰਾਰ ਦਿੱਤਾ ਹੈ। ਪਨੂੰ ਨੇ ਕਿਹਾ ਕਿ ਸਾਈਂ ਦੇ ਅਧਿਕਾਰੀਆਂ ਨੂੰ ਉਕਤ ਕੇਸ ਦੀ ਤਹਿ ਤੱਕ ਜਾਂਚ ਕਰਨੀ ਚਾਹੀਦੀ ਹੈ ਤਾਂ ਕਿ ਲਾਪ੍ਰਵਾਹੀ ਕਰਨ ਵਾਲੇ ਸਾਹਮਣੇ ਆ ਸਕਣ। ਪਨੂੰ ਨੇ ਕਿਹਾ ਕਿ ਸਾਈਂ ਟ੍ਰੇਨਿੰਗ ਸੈਂਟਰ ਨੂੰ ਇਨੀਂ ਦਿਨੀਂ ਖਿਡਾਰੀ ਹੀ ਨਹੀਂ ਮਿਲ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਸਾਈਂ ਤੋਂ ਹੋਸਟਲ ਵਾਪਸ ਲੈ ਕੇ ਪੰਜਾਬ ਸਟੇਟ ਇੰਸਟੀਚਿਊਟ ਆਫ ਸਪੋਰਟਸ ਦੇ ਟ੍ਰੇਨੀਆਂ ਨੂੰ ਇਸ ਵਿਚ ਸਹੂਲਤਾਂ ਦਿੱਤੀਆਂ ਜਾਣ।
 


author

Anuradha

Content Editor

Related News