ਸਰਹੱਦੀ ਖੇਤਰ ਅੰਦਰ ਗੰਨੇ ਦੀ ਫਸਲ ’ਤੇ ਹੋਇਆ ਰੱਤਾ ਰੋਗ ਦਾ ਹਮਲਾ

Saturday, Aug 28, 2021 - 06:13 PM (IST)

ਸਰਹੱਦੀ ਖੇਤਰ ਅੰਦਰ ਗੰਨੇ ਦੀ ਫਸਲ ’ਤੇ ਹੋਇਆ ਰੱਤਾ ਰੋਗ ਦਾ ਹਮਲਾ

ਗੁਰਦਾਸਪੁਰ (ਹਰਮਨ) : ਸਰਹੱਦੀ ਖੇਤਰ ਅੰਦਰ ਇਸ ਸਾਲ ਗੰਨੇ ਦੀ ਕਿਸਮ ਸੀਓ-0238 ਨੂੰ ਰੱਤਾ ਰੋਗ ਨੇ ਪ੍ਰਭਾਵਤ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਤੋਂ ਸਮੂਹ ਗੰਨਾ ਕਾਸ਼ਤਕਾਰਾਂ ਨੂੰ ਸੁਚੇਤ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਗੰਨਾ ਸ਼ਾਖਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਸਾਂਝੀ ਟੀਮ ਨੇ ਪਿੰਡ ਕੋਹਲੀਆਂ, ਕੁੱਲੀਆਂ,ਗੋਧਰਾ ਦਾ ਦੌਰਾ ਕਰਕੇ ਪ੍ਰਭਾਵਤ ਫਸਲ ਦਾ ਨਿਰੀਖਣ ਕੀਤਾ। ਗੰਨਾ ਮਾਹਿਰਾਂ ਦੀ ਸਾਂਝੀ ਟੀਮ ਵਿਚ ਡਾ.ਅਮਰੀਕ ਸਿੰਘ ਸਹਾਇਕ ਗੰਨਾ ਵਿਕਾਸ ਅਫਸਰ, ਡਾ. ਗੁਲਜ਼ਾਰ ਸਿੰਘ ਸੰਘੇੜਾ ਸੀਨੀਅਰ ਗੰਨਾ ਵਿਗਿਆਨੀ, ਡਾ. ਪਰਮਿੰਦਰ ਕੁਮਾਰ ਖੇਤੀਬਾੜੀ ਵਿਕਾਸ ਅਫਸਰ, ਡਾ. ਵਿਕਰਾਂਤ ਸਿੰਘ ਗੰਨਾ ਬਰੀਡਰ ਖੋਜ ਕੇਂਦਰ ਗੁਰਦਾਸਪੁਰ, ਡਾ. ਅਨੁਰਾਧਾ ਪੌਦ ਰੋਗ ਮਾਹਰ ਅਤੇ ਗੰਨਾ ਮਿੱਲ ਅਧਿਕਾਰੀ ਵਿਨੋਦ ਤਿਵਾੜੀ ਸਮੇਤ ਸਮੂਹ ਫੀਲਡ ਸਟਾਫ ਦੇ ਮੈਂਬਰ ਸ਼ਾਮਿਲ ਸਨ। ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਸਹਾਇਕ ਗੰਨਾ ਵਿਕਾਸ ਅਫਸਰ ਨੇ ਦੱਸਿਆ ਕਿ ਚੱਡਾ ਸ਼ੂਗਰ ਮਿਲ ਕੀੜੀ ਅਤੇ ਇੰਡੀਅਨ ਸੂਕਰੋਜ ਲਿਮਿਟਡ ਮੁਕੇਰੀਆਂ ਦੇ ਗੰਨਾ ਅਧਿਕਾਰੀਆਂ ਨੇ ਇਸ ਸਮੱਸਿਆ ਬਾਰੇ ਗੰਨਾ ਕਮਿਸ਼ਨਰ ਨੂੰ ਜਾਣਕਾਰੀ ਦਿੱਤੀ ਸੀ ਜਿਸ ’ਤੇ ਕਾਰਵਾਈ ਕਰਦਿਆਂ ਅੱਜ ਟੀਮ ਨੇ ਪ੍ਰਭਾਵਤ ਪਿੰਡਾਂ ਵਿਚ ਪਹੁੰਚ ਕੇ ਗੰਨੇ ਦੀ ਫਸਲ ਦਾ ਨਿਰੀਖਣ ਕੀਤਾ ।

ਗੰਨੇ ਦੀ ਕਿਸਮ ਸੀਉ-0238 ਕਿਸਮ ਉੱਪਰ ਰੱਤਾ ਰੋਗ ਦਾ ਹਮਲਾ ਹੋਇਆ ਹੈ ਜਿਸ ਤੋਂ ਗੰਨਾ ਕਾਸ਼ਤਕਾਰਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਗੰਨੇ ਦੀ ਫਸਲ ਦਾ ਨਿਰੰਤਰ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਇਸ ਵੇਲੇ ਸੀ ਓ-0238 ਕਿਸਮ ਤਕਰੀਬਨ 70 ਫੀਸਦੀ ਰਕਬੇ ਵਿਚ ਕਾਸ਼ਤ ਕੀਤੀ ਜਾਂਦੀ ਹੈ। ਡਾ. ਗੁਲਜ਼ਾਰ ਸਿੰਘ ਸੰਘੇੜਾ ਨੇ ਦੱਸਿਆ ਕਿ ਵਿਸ਼ਵ ਵਿਚ ਸਭ ਤੋਂ ਪਹਿਲਾਂ ਇਸ ਬਿਮਾਰੀ ਨੇ 1895-1901 ਦੌਰਾਨ ਆਂਧਰਾ ਪ੍ਰਦੇਸ਼ ਦੇ ਗੋਦਾਵਰੀ ਡੈਲਟਾ ਵਿਚ ਨਿਮਾਲੂ, ਕੇਲੀ, ਐਸ਼ੀ ਮਾਰੀਸ਼ੀਅਸ, ਸਟਰਾਈਪਡ ਮਾਰੀਸ਼ੀਅਸ ਕਿਸਮਾਂ ਨੂੰ ਪ੍ਰਭਾਵਤ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਉੱਤਰ ਪ੍ਰਦੇਸ਼ ਵਿਚ ਰੱਤਾ ਰੋਗ ਨੇ ਸੀਓ0238 ਕਿਸਮ ਨੂੰ ਭਾਰੀ ਨੁਕਸਾਨ ਕੀਤਾ ਸੀ ਜਿਸ ਕਾਰਨ ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਕਿਸਮ ਹੇਠੋਂ ਰਕਬਾ ਕੱਢ ਕੇ ਹੋਰਨਾਂ ਕਿਸਮਾਂ ਹੇਠ ਲਿਆਉਣ ਦਾ ਫੈਸਲਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਇਸ ਬਿਮਾਰੀ ਕਾਰਨ ਪੌਦੇ ਦੇ ਸਿਰੇ ਵਾਲੇ ਪੱਤਿਆਂ ਦਾ ਰੰਗ ਬਦਲ ਕੇ ਪੀਲਾ ਪੈ ਜਾਂਦਾ ਹੈ ਅਤੇ ਫਿਰ ਸਾਰੇ ਪੱਤੇ ਮੁਰਝਾਅ ਜਾਂਦੇ ਹਨ। ਉਨ੍ਹਾਂ ਕਿਹਾ ਕਿ ਚੀਰੇ ਹੋਏ ਗੰਨਿਆਂ ਦਾ ਅੰਦਰੋਂ ਗੁੱਦਾ ਲਾਲ ਹੋ ਜਾਂਦਾ ਹੈ ਪਰ ਇਹ ਲਾਲੀ ਇਕਸਾਰ ਨਹੀਂ ਹੁੰਦੀ ਸਗੋਂ ਇਸ ਵਿਚ ਚਿੱਟੇ ਲੰਬੂਤਰੇ ਧੱਬੇ ਗੰਨੇ ਦੀ ਚੌੜਾਈ ਦੇ ਰੁੱਖ ਕੱਟਦੇ ਨਜ਼ਰ ਆਉਂਦੇ ਹਨ। ਜਿਸ ਖੇਤ ਵਿਚ ਇਸ ਬਿਮਾਰੀ ਦਾ ਹਮਲਾ ਹੋਵੇ ਉਸ ਖੇਤ ਵਿਚ ਅਗਲੇ ਇਕ ਦੋ ਸਾਲ ਗੰਨੇ ਦੀ ਫਸਲ ਦੀ ਬਿਜਾਈ ਨਾ ਕੀਤੀ ਜਾਵੇ। ਗੰਨੇ ਦੀ ਫਸਲ ਦੇ ਪ੍ਰਭਾਵਤ ਬੂਟਿਆਂ ਨੂੰ ਜੜੋਂ ਪੁੱਟ ਕੇ ਸਾੜ ਦੇਣਾ ਚਾਹੀਦਾ ਹੈ। ਰੋਗੀ ਫ਼ਸਲ ਅਗੇਤੀ ਪੀੜ ਲੈਣੀ ਚਾਹੀਦੀ ਹੈ ਅਤੇ ਖੇਤ ਛੇਤੀ ਤੋਂ ਛੇਤੀ ਵਾਹ ਕੇ ਮੁੱਢ ਇਕੱਠੇ ਕਰਕੇ ਨਸ਼ਟ ਕਰ ਦੇਣੇ ਚਾਹੀਦੇ ਹਨ।

 


author

Gurminder Singh

Content Editor

Related News