ਦਿੱਲੀ ਏਅਰਪੋਰਟ ਜਾਣ ਵਾਲਿਆਂ ਲਈ ਖ਼ੁਸ਼ਖ਼ਬਰੀ, ਜਲੰਧਰ ਤੋਂ ਚੱਲਣ ਵਾਲੀਆਂ 4 ਵੋਲਵੋ ਬੱਸਾਂ ਦੀ ‘ਬੁਕਿੰਗ ਸ਼ੁਰੂ’
Thursday, Jun 09, 2022 - 12:54 PM (IST)
ਜਲੰਧਰ (ਪੁਨੀਤ)–ਬੱਸਾਂ ਰਾਹੀਂ ਦਿੱਲੀ ਏਅਰਪੋਰਟ ਜਾਣ ਵਾਲੇ ਯਾਤਰੀਆਂ ਲਈ ਖ਼ੁਸ਼ਖਬਰੀ ਹੈ ਕਿਉਂਕਿ ਹੁਣ ਉਨ੍ਹਾਂ ਨੂੰ ਪ੍ਰਾਈਵੇਟ ਬੱਸਾਂ ਵਿਚ 2500 ਤੋਂ 3000 ਰੁਪਏ ਕਿਰਾਇਆ ਖਰਚ ਕਰਨ ਦੀ ਲੋੜ ਨਹੀਂ ਹੈ। ਸਰਕਾਰੀ ਵੋਲਵੋ ਬੱਸਾਂ ਰਾਹੀਂ ਯਾਤਰੀ ਸਿਰਫ਼ 1170 ਰੁਪਏ ਵਿਚ ਲਗਜ਼ਰੀ ਸਫ਼ਰ ਕਰਕੇ ਦਿੱਲੀ ਏਅਰਪੋਰਟ ਜਾ ਸਕਣਗੇ। ਦਿੱਲੀ ਏਅਰਪੋਰਟ ਲਈ ਵੋਲਵੋ ਬੱਸਾਂ ਦੀ ਬੁਕਿੰਗ ਮਹਿਕਮੇ ਨੇ ਬੁੱਧਵਾਰ ਦੁਪਹਿਰ ਜਲੰਧਰ ਤੋਂ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤ ਵਿਚ ਜਲੰਧਰ ਤੋਂ ਇਕ ਦਿਨ ਵਿਚ 4 ਬੱਸਾਂ ਰਵਾਨਾ ਹੋਣਗੀਆਂ, ਜਦਕਿ ਆਉਣ ਵਾਲੇ ਸਮੇਂ ਵਿਚ ਬੱਸਾਂ ਦੀ ਗਿਣਤੀ ਵਧਾਈ ਜਾ ਸਕਦੀ ਹੈ।
ਪਨਬੱਸ ਆਨਲਾਈਨ ਡਾਟ ਕਾਮ ’ਤੇ ਜਾ ਕੇ ਯਾਤਰੀ ਆਨਲਾਈਨ ਟਿਕਟ ਬੁੱਕ ਕਰ ਸਕਣਗੇ ਅਤੇ ਆਪਣੀ ਪਸੰਦ ਅਨੁਸਾਰ ਖਿੜਕੀ ਵਾਲੀ ਜਾਂ ਹੋਰ ਸੀਟ ਲੈ ਸਕਦੇ ਹਨ। ਜਲੰਧਰ ਤੋਂ 15 ਜੂਨ ਨੂੰ ਸ਼ੁਰੂ ਹੋਣ ਵਾਲੀਆਂ ਵੋਲਵੋ ਬੱਸਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਹਰੀ ਝੰਡੀ ਦੇਣਗੇ। ਪਿਛਲੇ ਕੁਝ ਦਿਨਾਂ ਤੋਂ ਸੀ. ਐੱਮ. ਦੇ ਪ੍ਰੋਗਰਾਮ ਨੂੰ ਲੈ ਕੇ ਅਟਕਲਾਂ ਚੱਲ ਰਹੀਆਂ ਸਨ ਪਰ ਹੁਣ ਪ੍ਰੋਗਰਾਮ ਫਾਈਨਲ ਹੋ ਗਿਆ ਹੈ। ਮਹਿਕਮੇ ਦੀ ਵੈੱਬਸਾਈਟ ’ਤੇ ਬੱਸਾਂ ਦੀ ਬੁਕਿੰਗ 15 ਜੂਨ ਤੋਂ ਪਹਿਲਾਂ ਨਹੀਂ ਹੋ ਸਕੇਗੀ, ਇਸ ਦੇ ਲਈ ਯਾਤਰੀ ਬੱਸ ਅੱਡੇ ਵਿਚ ਆ ਕੇ ਵੀ ਟਿਕਟ ਬੁੱਕ ਕਰਵਾ ਸਕਦੇ ਹਨ। ਜਲੰਧਰ ਤੋਂ ਬੱਸਾਂ ਦੇ ਚੱਲਣ ਦਾ ਸਮਾਂ ਦੁਪਹਿਰ 1.15 ਰੱਖਿਆ ਗਿਆ ਹੈ, ਜਿਸ ਨੂੰ ਝੰਡੀ ਦਿੱਤੀ ਜਾਣੀ ਹੈ। ਇਸ ਤੋਂ ਇਲਾਵਾ ਦੁਪਹਿਰ 2 ਵਜੇ, ਰਾਤ 8.30 ਵਜੇ ਅਤੇ ਦੇਰ ਰਾਤ 11 ਵਜੇ ਦਾ ਸਮਾਂ ਵੀ ਸ਼ੁਰੂ ਕੀਤਾ ਗਿਆ ਹੈ। ਬੱਸਾਂ ਦਾ ਕਿਰਾਇਆ 1170 ਰੁਪਏ ਹੋਵੇਗਾ।
ਇਹ ਵੀ ਪੜ੍ਹੋ: ਮਾਈਨਿੰਗ ’ਚ ਸ਼ਾਮਲ ਰਹੇ ਸਾਬਕਾ ਕਾਂਗਰਸ ਨੇਤਾਵਾਂ ’ਤੇ ਵੀ ਮਾਨ ਸਰਕਾਰ ਦੀਆਂ ਨਜ਼ਰਾਂ
ਉਕਤ ਬੱਸਾਂ ਦਿੱਲੀ ਦੇ ਕਸ਼ਮੀਰੀ ਗੇਟ ਬੱਸ ਅੱਡੇ ਤੋਂ ਹੁੰਦੇ ਹੋਏ ਏਅਰਪੋਰਟ ਨੂੰ ਰਵਾਨਾ ਹੋਵੇਗੀ। ਵਿਭਾਗੀ ਅਧਿਕਾਰੀਆਂ ਨੇ ਦੱਸਿ ਕਿ ਪਹਿਲਾਂ ਯੋਜਨਾ ਬਣਾਈ ਜਾ ਰਹੀ ਸੀ ਕਿ ਏਅਰਪੋਰਟ ਵਾਲੀਆਂ ਬੱਸਾਂ ਨੂੰ ਵੱਖਰਾ ਰੱਖਿਆ ਜਾਵੇ ਜੋਕਿ ਸਿੱਧਾ ਏਅਰਪੋਰਟ ਤੱਕ ਜਾਣ ਪਰ ਫਾਈਨਲ ਫ਼ੈਸਲੇ ਦੇ ਮੁਤਾਬਕ ਬੱਸਾਂ ਨੂੰ ਕਸ਼ਮੀਰੀ ਗੇਟ ਬੱਸ ਅੱਡੇ ’ਚ ਕੁਝ ਮਿੰਟਾਂ ਲਈ ਰੋਕਿਆ ਜਾਵੇਗਾ। ਜਲੰਧਰ ਤੋਂ ਚੱਲ ਕੇ ਦਿੱਲੀ ਏਅਰਪੋਰਟ ਤੱਕ ਪਹੁੰਚਣ ’ਚ ਉਕਤ ਬੱਸ ਕਰੀਬ 7.30 ਘੰਟੇ ਦਾ ਸਮਾਂ ਲਵੇਗੀ। ਉਥੇ ਹੀ ਜੋ ਬੱਸਾਂ ਦਿੱਲੀ ਏਅਰੋਪਰਟ ਤੱਕ ਜਾਣਗੀਆਂ ਉਹ ਅਗਲੀ ਫਲਾਈਟ ਦੇ ਆਉਣ ਤੋਂ ਬਾਅਦ ਯਾਤਰੀਆਂ ਨੂੰ ਲੈ ਕੇ ਵਾਪਸ ਲੈ ਕੇ ਰਵਾਨਾ ਹੋਵੇਗੀ। ਵਾਪਸੀ ’ਚ ਬੱਸ ਕਸ਼ਮੀਰੀ ਗੇਟ ਬੱਸ ਅੱਡੇ ਤੋਂ ਹੋ ਕੇ ਨਿਕਲੇਗੀ।
ਵੈੱਲਡਰੈੱਸ ਹੋਣਗੇ ਚਾਲਕ ਬੱਸ ’ਚ ਮਿਲਣਗੀਆਂ ਕਈ ਸਹੂਲਤਾਂ
ਮੁੱਖ ਮੰਤਰੀ ਵੱਲੋਂ ਬੱਸ ਨੂੰ ਹਰੀ ਝੰਡੀ ਦਿੱਤੀ ਜਾਣੀ ਹੈ, ਉਸ ਨੂੰ ਵਧੀਆ ਢੰਗ ਨਾਲ ਸਜਾਇਆ ਜਾਵੇਗਾ। ਇਸ ਬੱਸ ਦੀ ਟੈਸਟ ਡਰਾਈਵ ਲਈ ਜਾ ਚੁੱਕੀ ਹੈ। ਏਅਰਪੋਰਟ ਤੱਕ ਜਾ ਵਾਲੀਆਂ ਸਾਰੀਆਂ ਬੱਸਾਂ ਦੇ ਅੰਦਰ ਸੀਟ ਕਵਰ ਧਵਾਏ ਅਤੇ ਸਾਫ਼ ਕਰਵਾਏ ਗਏ ਹਨ। ਬੱਸਾਂ ਦੇ ਚਾਲਕਾਂ ਨੂੰ ਲੈ ਕੇ ਮਹਿਕਮਾ ਕਾਫ਼ੀ ਗੰਭੀਰ ਹੈ। ਸਟਾਫ਼ ਵੈੱਲਡਰੈੱਸ ’ਚ ਹੋਵੇਗਾ। ਬੱਸ ’ਚ ਪੀਣ ਦਾ ਪਾਣੀ, ਨੈਪਕਿਨ ਸਮੇਤ ਕਈ ਸਹੂਲਤਾਂ ਦਿੱਤੀਆਂ ਜਾਣਗੀਆਂ। ਯਾਤਰੀਆਂ ਨੂੰ ਲਗਜ਼ਰੀ ਬੱਸ ’ਚ ਸਫ਼ਰ ਕਰਨ ਦਾ ਆਨੰਦ ਦਿਵਾਉਣ ਨੂੰ ਲੈ ਕੇ ਮਹਿਕਮਾ ਗੰਭੀਰ ਹੈ।
ਇਹ ਵੀ ਪੜ੍ਹੋ: ਅਹਿਮ ਖ਼ਬਰ, ਇਸ ਦਿਨ ਤੋਂ ਚੱਲੇਗੀ ਦਿੱਲੀ ਏਅਰਪੋਰਟ ਲਈ ਵੋਲਵੋ ਬੱਸ, ਅੱਧੇ ਕਿਰਾਏ ’ਚ ਮਿਲੇਗਾ ‘ਲਗਜ਼ਰੀ ਸਫ਼ਰ’
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ