ਕਿਤਾਬਾਂ ਦੇ ਸਟੋਰ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ
Wednesday, Jan 20, 2021 - 06:28 PM (IST)

ਰਾਮਪੁਰਾ ਫੂਲ (ਤਰਸੇਮ)- ਬੀਤੀ ਰਾਤ ਸਥਾਨਕ ਸ਼ਹਿਰ ਦੇ ਅਨਾਥ ਗਊ ਆਸ਼ਰਮ ਨਾਲ ਲੱਗਦੇ ਗੀਤਾ ਭਵਨ ਦੀਆਂ ਦੁਕਾਨਾਂ 'ਚ ਸਥਿਤ ਇਕ ਕਿਤਾਬਾਂ ਦੇ ਸਟੋਰ ਨੂੰ ਅੱਗ ਲੱਗ ਜਾਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਮੁਤਾਬਕ ਸ਼ਹਿਰ ਦੇ ਫੈਕਟਰੀ ਰੋਡ 'ਤੇ ਸਥਿਤ ਗੀਤਾ ਭਵਨ ਦੇ ਸਾਹਮਣੇ ਕਿਤਾਬਾਂ ਦੀ ਦੁਕਾਨ ਕਰਦੇ ਸਤੀਸ਼ ਕੁਮਾਰ ਪੁੱਤਰ ਰਾਮ ਨਿਵਾਸ ਵੱਲੋ ਉਕਤ ਗੀਤਾ ਭਵਨ ਦੀਆਂ ਦੁਕਾਨਾਂ 'ਚ ਇਕ ਦੁਕਾਨ ਵਿਚ ਆਪਣਾ ਸਟੋਰ ਬਣਾ ਰੱਖਿਆ ਸੀ। ਜਿੱਥੇ ਕਾਫੀ ਮਾਤਰਾ ਵਿਚ ਕਿਤਾਬਾਂ- ਕਾਪੀਆਂ ਅਤੇ ਸਟੇਸ਼ਨਰੀ ਦਾ ਕਾਫੀ ਸਮਾਨ ਸਟੋਰ ਕੀਤਾ ਹੋਇਆ ਸੀ।
ਪੀੜਤ ਦੁਕਾਨਦਾਰ ਨੇ ਦੱਸਿਆ ਅੱਜ ਸਵੇਰੇ ਕਰੀਬ 4 ਕੁ ਵਜੇ ਕਿਸੇ ਵਿਅਕਤੀ ਨੇ ਉਸਨੂੰ ਫੋਨ ਰਾਹੀ ਉਸਦੇ ਕਿਤਾਬਾਂ ਵਾਲੇ ਸਟੋਰ ਵਿਚੋਂ ਧੂਆਂ ਨਿਕਲਣ ਬਾਰੇ ਜਾਣਕਾਰੀ ਦਿੱਤੀ ਤਾਂ ਉਸਨੇ ਤੁਰੰਤ ਹੀ ਮੌਕੇ 'ਤੇ ਜਾ ਕੇ ਦੇਖਿਆ ਤੇ ਤੁਰੰਤ ਸਥਾਨਕ ਫਾਇਰ ਬਰਗੇਡ ਦੇ ਦਫਤਰ ਵਿਚ ਸੂਚਨਾ ਦਿੱਤੀ ਤਾਂ ਫਾਇਰ ਬਰਗੇਡ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ ਤੇ ਉਨ੍ਹਾਂ ਇਕੱਠੇ ਹੋਏ ਲੋਕਾਂ ਦੇ ਸਹਿਯੋਗ ਨਾਲ ਗਊਸ਼ਾਲਾ ਦੇ ਟਰੈਕਟਰ ਨਾਲ ਸਟੋਰ ਵਾਲੀ ਦੁਕਾਨ ਦਾ ਸ਼ਟਰ ਤੋੜਿਆ ਤਾਂ ਵੇਖਿਆ ਕਿ ਉਸ ਸਮੇ ਤੱਕ ਸਟੋਰ ਅੰਦਰ ਪਿਆ ਸਾਰਾ ਸਮਾਨ ਸੜ੍ਹ ਕੇ ਸੁਆਹ ਹੋ ਚੁੱਕਿਆ ਸੀ। ਪੀੜਤ ਨੇ ਦੱਸਿਆ ਕਿ ਇਸ ਵਿਚ ਉਸਦਾ ਲੱਖਾ ਰੁਪਏ ਦਾ ਨੁਕਸਾਨ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਅੱਗ ਸ਼ਰਟ ਸਰਕਟ ਦੇ ਕਾਰਨ ਹੀ ਲੱਗੀ ਜਾਪਦੀ ਹੈ।