ਬੋਲੈਰੋ ਦਰੱਖਤ ਨਾਲ ਟਕਰਾਈ, ਲੜਕੀ ਸਮੇਤ 4 ਜ਼ਖਮੀ, 4 ਵਾਲ-ਵਾਲ ਬਚੇ
Saturday, Mar 24, 2018 - 02:39 AM (IST)

ਬਟਾਲਾ, (ਬੇਰੀ)- ਪਿੰਡ ਧੁੱਪਸੜੀ ਨੇੜੇ ਇਕ ਬੋਲੈਰੋ ਕਾਰ ਦੇ ਦਰੱਖਤ ਨਾਲ ਟਕਰਾਉਣ ਨਾਲ ਲੜਕੀ ਸਮੇਤ 4 ਜਣਿਆਂ ਦੇ ਜ਼ਖਮੀ ਹੋਣ ਤੇ 4 ਜਣਿਆਂ ਦੇ ਵਾਲ-ਵਾਲ ਬਚਣ ਦੀ ਖਬਰ ਹੈ।
ਇਸ ਸਬੰਧੀ ਬਟਾਲਾ ਦੇ ਜੌਹਲ ਹਸਪਤਾਲ ਵਿਖੇ ਇਲਾਜ ਅਧੀਨ ਗੁਰਮੁਖ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਭਿੰਡੀ ਸੈਦਾਂ, ਥਾਣਾ ਅਜਨਾਲਾ ਨੇ ਦੱਸਿਆ ਕਿ ਉਹ ਬੋਲੈਰੋ ਕਾਰ ਜਿਸ ਨੂੰ ਗੁਰਜੀਤ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਪਿੰਡ ਅਵਾਣ ਬਸਾਊ, ਥਾਣਾ ਰਮਦਾਸ ਚਲਾ ਰਿਹਾ ਸੀ, ਪਿੰਡ ਮਲਕਵਾਲ ਵਿਖੇ ਸ਼ਾਦੀ ਸਮਾਗਮ ਵਿਚ ਸ਼ਾਮਲ ਹੋਣ ਲਈ ਰਿਸ਼ਤੇਦਾਰਾਂ ਨਾਲ ਜਾ ਰਿਹਾ ਸੀ।
ਗੁਰਮੁਖ ਸਿੰਘ ਨੇ ਦੱਸਿਆ ਕਿ ਕਾਰ ਵਿਚ ਕੁਲ 8 ਜਣੇ ਸਵਾਰ ਸਨ। ਉਸ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਕਾਰ ਪਿੰਡ ਧੁੱਪਸੜ੍ਹੀ ਨੇੜੇ ਪਹੁੰਚੀ ਤਾਂ ਅਚਾਨਕ ਅੱਗੇ ਇਕ ਮੋਟਰਸਾਈਕਲ ਸਵਾਰ ਆ ਗਿਆ ਜਿਸ ਨੂੰ ਬਚਾਉਂਦੇ ਸਮੇਂ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਸੜਕ ਦੇ ਇਕ ਪਾਸੇ ਦਰੱਖਤ ਨਾਲ ਵੱਜ ਗਈ। ਗੁਰਮੁਖ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿਚ ਕੁਲ 4 ਜਣੇ ਜ਼ਖਮੀ ਹੋਏ ਸਨ ਜਿਸ ਵਿਚ ਉਹ ਖੁਦ, ਬੋਲੈਰੋ ਡਰਾਈਵਰ ਗੁਰਜੀਤ ਸਿੰਘ, ਜਸ਼ਨਪ੍ਰੀਤ ਕੌਰ ਪੁੱਤਰੀ ਕਰਨਬੀਰ ਸਿੰਘ ਵਾਸੀ ਤੋਲਾਨੰਗਲ ਥਾਣਾ ਅਜਨਾਲਾ, ਜਸਪ੍ਰੀਤ ਕੌਰ ਪਤਨੀ ਜਸਵਿੰਦਰ ਸਿੰਘ ਵਾਸੀ ਤੋਲਾਨੰਗਲ ਥਾਣਾ ਅਜਨਾਲਾ ਸ਼ਾਮਲ ਹਨ ਜਦਕਿ ਡਰਾਈਵਰ ਦੀ ਹਾਲਤ ਕਾਫੀ ਨਾਜ਼ੁਕ ਹੈ।