14 ਹਜ਼ਾਰ ਕਰੋੜ ਦੀ ਬੋਗਸ ਬਿਲਿੰਗ ਦੇ ਮਾਮਲੇ 'ਚ ਕਾਰੋਬਾਰੀਆਂ 'ਤੇ ਵੱਡਾ ਐਕਸ਼ਨ, 2 ਗ੍ਰਿਫਤਾਰ
Friday, Aug 11, 2023 - 08:41 PM (IST)
![14 ਹਜ਼ਾਰ ਕਰੋੜ ਦੀ ਬੋਗਸ ਬਿਲਿੰਗ ਦੇ ਮਾਮਲੇ 'ਚ ਕਾਰੋਬਾਰੀਆਂ 'ਤੇ ਵੱਡਾ ਐਕਸ਼ਨ, 2 ਗ੍ਰਿਫਤਾਰ](https://static.jagbani.com/multimedia/2023_8image_20_25_458416320arrest.jpg)
ਲੁਧਿਆਣਾ, (ਗੌਤਮ)- ਫਰਜ਼ੀ ਫਰਮ ਖੋਲ੍ਹ ਕੇ ਸਰਕਰਾ ਦੇ ਰੈਵੇਨਿਊ 'ਚ ਕਰੋੜਾਂ ਦੀ ਟੈਕਸ ਚੋਰੀ ਕਰਨ ਦੇ ਮਾਮਲੇ 'ਚ ਕਾਰਵਾਈ ਕਰਦੇ ਹੋਏ ਡਾਇਰੈਕਟੋਰੇਟ ਜਨਰਲ ਆਫ ਗੁਡਸ ਐਂਡ ਸਰਵਿਸ ਟੈਕਸ ਇੰਟੈਲੀਜੈਂਸ ਦੀ ਟੀਮ ਨੇ 2 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦਕਿ ਉਨ੍ਹਾਂ ਦੇ ਹੋਰ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ।
ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਪਛਾਣ ਲੁਧਿਆਣਾ ਦੇ ਤੇਜੀ ਅਤੇ ਕੇ.ਪੀ. ਦੇ ਤੌਰ 'ਤੇ ਹੋਈ ਹੈ। ਸੂਤਰਾਂ ਮੁਤਾਬਕ, ਵਿਭਾਗ ਵਲੋਂ ਨੋਇਡਾ 'ਚ 14 ਹਜ਼ਾਰ ਕਰੋੜ ਰੁਪਏ ਦੀ ਬੋਗਸ ਬਿਲਿੰਗ ਦਾ ਮਾਮਲਾ ਫੜਿਆ ਗਿਆ ਸੀ, ਜਿਸ ਵਿਚ ਕਈ ਫਰਮਾਂ ਖੋਲ੍ਹ ਕੇ ਸਰਕਾਰ ਦੇ ਰੈਵੇਨਿਊ 'ਚ ਸੰਨ੍ਹ ਲਗਾਈ ਗਈ ਸੀ। ਜਾਂਚ 'ਚ ਪਤਾ ਚਲਿਆ ਸੀ ਕਿ ਉਕਤ ਲੋਕਾਂ ਦੀਆਂ ਫਰਮਾਂ ਵੀ ਇਸ ਵਿਚ ਸ਼ਾਮਲ ਸਨ। ਫਿਲਹਾਲ ਦੋਸ਼ੀਆਂ ਨੂੰ ਥਾਣਾ ਡਿਵਿਜ਼ਨ ਨੰਬਰ 5 'ਚ ਰੱਖਿਆ ਗਿਆ ਹੈ, ਜਿਨ੍ਹਾਂ ਨੂੰ ਵਿਭਾਗ ਵਲੋਂ ਸ਼ੁੱਕਰਵਾਰ ਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ। ਦੋਸ਼ੀਆਂ ਦੀ ਗ੍ਰਿਫਤਾਰੀ ਨਾਲ ਬੋਗਸ ਬਿਲਿੰਗ ਕਰਨ ਵਾਲਿਆਂ 'ਚ ਭਾਜੜਾ ਪੈ ਗਈਆਂ ਹਨ ਅਤੇ ਕੁਝ ਲੋਕ ਅੰਡਰਗ੍ਰਾਊਂਡ ਹੋ ਗਏ ਹਨ।
ਕਿਸੇ ਨੌਕਰ ਦੇ ਨਾਂ 'ਤੇ ਸੀ ਫਰਮ
ਸੂਤਰਾਂ ਮੁਤਾਬਕ, ਵਿਭਾਗ ਨੂੰ 14 ਹਜ਼ਾਰ ਕਰੋੜ ਦੀ ਬਿਲਿੰਗ ਦੇ ਮਾਮਲੇ ਦੀ ਜਾਂਚ ਤੋਂ ਬਾਅਦ ਪਤਾ ਚਲਿਆ ਕਿ ਉਕਤ ਲੋਕ ਏਰੇਨ ਐਂਟਰਪ੍ਰਾਈਜ਼ਿਜ਼ ਨਾਂ ਨਾਲ ਫਰਮ ਚਲਾ ਰਹੇ ਸਨ, ਜੋ ਕਿਸੇ ਨੌਕਰ ਦੇ ਨਾਂ ਤੋਂ ਸੀ। ਇਨ੍ਹਾਂ ਲੋਕਾਂ ਨੇ ਫਰਮ ਰਾਹੀਂ ਕਈ ਸੌ ਕਰੋੜ ਰੁਪਏ ਦੀ ਬਿਲਿੰਗ ਕੀਤੀ ਸੀ। ਇਸੇ ਫਰਮ ਤੋਂ ਅੱਗੇ ਵੀ ਕਈ ਫਰਮਾਂ ਦੇ ਨਾਲ ਕਾਰੋਬਾਰ ਹੋਇਆ ਸੀ। ਜਦਕਿ ਵਿਭਾਗ ਨੂੰ ਟੈਕਸ ਨਹੀਂ ਦਿੱਤਾ ਜਾ ਰਿਹਾ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।
ਕਿੰਗ ਪਿਨ ਦੇ ਨਾਲ ਸੰਬੰਧ
ਸੂਤਰਾਂ ਦਾ ਕਹਿਣਾ ਹੈ ਕਿ ਸੀ.ਜੀ.ਐੱਸ.ਟੀ. ਵਿਭਾਗ ਵਲੋਂ ਪਹਿਲਾਂ 70 ਫਰਮਾਂ ਚਲਾਉਣ ਵਾਲੇ ਇਕ ਕਿੰਗ ਪਿਨ ਨੂੰ ਗ੍ਰਿਫਤਾਰ ਕੀਤਾ ਸੀ। ਉਕਤ ਦੋਸ਼ੀ ਵੀ ਉਸਦੀ ਸ਼ਰਨ 'ਚ ਹੀ ਕਈ ਫਰਮਾਂ ਚਲਾ ਰਹੇ ਹਨ। ਜਿਨ੍ਹਾਂ ਨੇ ਬੋਗਸ ਬਿਲਿੰਗ ਕਰਨ ਵਾਲੇ ਲੋਕਾਂ 'ਤੇ ਆਪਣਾ ਦਬਦਬਾ ਬਣਾਇਆ ਹੋਇਆ ਹੈ। ਲੋਕਾਂ ਨੂੰ ਨੋਇਡਾ ਅਤੇ ਦਿੱਲੀ 'ਚ ਆਪਣੇ ਆਲਾ ਅਧਿਕਾਰੀਆਂ ਨਾਲ ਸੰਬੰਧ ਹੋਣ ਦੀ ਗੱਲ ਕਹਿ ਕੇ ਕਾਰੋਬਾਰ ਕਰ ਰਹੇ ਸਨ। ਅਧਿਕਾਰੀਆਂ ਮੁਤਾਬਕ, ਇਸ ਮਾਮਲੇ 'ਚ ਅਜੇ ਕਈ ਪਰਤਾਂ ਖੁੱਲ੍ਹਣ ਦੀ ਸੰਭਾਵਨਾ ਹੈ।