ਰੋਪੜ ਵਿਖੇ ਵਾਪਰਿਆ ਵੱਡਾ ਹਾਦਸਾ, ਸਤਲੁਜ ਦਰਿਆ 'ਚ ਪਲਟੀ ਕਿਸ਼ਤੀ, ਦੋ ਵਿਅਕਤੀ ਰੁੜੇ

05/08/2023 5:42:06 PM

ਰੂਪਨਗਰ/ਰੋਪੜ (ਭੰਡਾਰੀ)- ਰੂਪਨਗਰ ਵਿਖੇ ਸਤਲੁਜ ਦਰਿਆ ਵਿਚ ਕਿਸ਼ਤੀ ਪਲਟਣ ਕਾਰਨ ਵੱਡਾ ਹਾਦਸਾ ਹੋਣ ਦੀ ਖ਼ਬਰ ਮਿਲੀ ਹੈ। ਦੇਰ ਸ਼ਾਮ ਖੇਤਰ ਦੇ ਪਿੰਡ ਚੌਂਤਾ ਲਾਗੇ ਉਸ ਸਮੇਂ ਭਿਆਨਕ ਹਾਦਸਾ ਵਾਪਰਿਆ ਜਦੋਂ ਪਿੰਡ ਕੋਲੋਂ ਲੰਘਦੇ ਸਤਲੁਜ ਦਰਿਆ ’ਚ ਕਿਸ਼ਤੀ ਡੁੱਬਣ ਨਾਲ ਖੇਤਾਂ ਤੋਂ ਕੰਮ ਕਰਕੇ ਪਰਤ ਰਹੇ 2 ਵਿਅਕਤੀ ਦਰਿਆ ਵਿਚ ਡੁੱਬ ਗਏ। ਇਨ੍ਹਾਂ ਵਿਚੋਂ ਇਕ ਵਿਅਕਤੀ ਦੀ ਲਾਸ਼ ਬਰਾਮਦ ਕਰ ਲਈ ਗਈ ਜਦਕਿ ਦੂਜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਹੈ। ਕਿਸ਼ਤੀ ਵਿਚ ਸਵਾਰ 6 ਲੋਕਾਂ ਵਿਚੋਂ ਦੋ ਲੋਕ ਪਾਣੀ ਵਿਚ ਰੁੜ ਗਏ। ਦੋਵੇਂ ਵਿਅਕਤੀ ਨਜ਼ਦੀਕੀ ਪਿੰਡ ਮੂਸਾਪੁਰ ਦੇ ਰਹਿਣ ਵਾਲੇ ਸਨ। ਕਿਸ਼ਤੀ ’ਚ ਸਵਾਰ ਨੌਜਵਾਨ ਸੋਹਣ ਸਿੰਘ ਨੇ ਹਿੰਮਤ ਦਿਖਾਉਦਿਆਂ ਨਜ਼ਦੀਕ ਹੀ ਕੰਮ ਕਰ ਰਹੇ ਮਛੇਰਿਆਂ ਦੀ ਸਹਾਇਤਾ ਨਾਲ ਦਰਿਆ ’ਚ ਰੁੜੇ ਕਿਸ਼ਤੀ ਸਵਾਰ 1 ਵਿਅਕਤੀ ਅਤੇ 3 ਔਰਤਾਂ ਸਮੇਤ 4 ਨੂੰ ਬਚਾ ਲਿਆ। 

ਇਹ ਹਾਦਸਾ ਕਿਸ਼ਤੀ ਦੇ ਕਿਨਾਰੇ ਪਹੁੰਚਣ ਤੋਂ ਕੁਝ ਫੁੱਟ ਦੀ ਦੂਰੀ ’ਤੇ ਉਸ ਸਮੇਂ ਵਾਪਰਿਆ ਜਦੋਂ ਉਕਤ ਵਿਅਕਤੀ ਖੇਤਾਂ ’ਚ ਕੰਮ ਕਰਕੇ ਵਾਪਸ ਪਰਤ ਰਹੇ ਸਨ। ਇਸ ਹਾਦਸੇ ’ਚ 33 ਸਾਲਾ ਮੂਸਾਪੁਰ ਨਿਵਾਸੀ ਰਾਮ ਲੁਭਾਇਆ ਪੁੱਤਰ ਹਰਦੇਵ ਚੰਦ ਦੀ ਮੌਤ ਹੋ ਗਈ। ਜਦਕਿ ਦੂਜਾ 45 ਸਾਲਾ ਮੂਸਾਪੁਰ ਨਿਵਾਸੀ ਭਗਤ ਰਾਮ ਪੁੱਤਰ ਸਦਾ ਰਾਮ ਜੋ ਉਸ ਨਾਲ ਖੇਤਾਂ ’ਚ ਕੰਮ ਕਰਵਾਉਣ ਗਿਆ ਹੋਇਆ ਸੀ, ਪਾਣੀ ’ਚ ਡੁੱਬ ਗਿਆ ਜਿਸਦੀ ਅਜੇ ਲਾਸ਼ ਬਰਾਮਦ ਨਹੀਂ ਹੋਈ ਹੈ ਅਤੇ ਗੋਤਾਖੋਰਾਂ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ :ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਬਾਹਰ ਦੋ ਧਿਰਾਂ ਹੋਈਆਂ ਆਹਮੋ-ਸਾਹਮਣੇ, ਚੱਲੇ ਤੇਜ਼ਧਾਰ ਹਥਿਆਰ

PunjabKesari

ਘਟਨਾ ਸਬੰਧੀ ਜਾਣਕਾਰੀ ਦਿੰਦੇ ਪਿੰਡ ਮੂਸਾਪੁਰ ਦੇ ਪੰਚ ਅਵਤਾਰ ਬਿੱਲਾ ਅਤੇ ਪੰਚ ਊਸ਼ਾ ਰਾਣੀ ਦੇ ਪਤੀ ਧਰਮਪਾਲ ਨੇ ਦੱਸਿਆ ਕਿ ਪਿੰਡ ਦੇ ਉਕਤ ਵਿਅਕਤੀ ਚੌਂਤਾ ਪਿੰਡ ਦੀ ਦਰਿਆ ਤੋਂ ਪਾਰ ਕਿਸੇ ਤੋਂ ਖ਼ਰੀਦ ਕੀਤੀ ਤੂੜੀ ਲੈਣ ਗਏ ਸਨ।  ਜਦੋਂ ਉਹ ਵਾਪਸ ਪਰਤ ਰਹੇ ਸਨ ਤਾਂ ਅਚਾਨਕ ਸਤਲੁਜ ਕਿਨਾਰੇ ਪਹੁੰਚਣ ਤੋਂ ਪਹਿਲਾਂ ਉਕਤ ਕਿਸ਼ਤੀ ਦੇ ਡਾਵਾਂਡੋਲ ਹੋਣ ਨਾਲ ਉਸ ਵਿੱਚ ਪਾਣੀ ਭਰ ਗਿਆ, ਜੋ ਵੇਖਦੇ ਹੀ ਵੇਖਦੇ ਡੂੰਘੇ ਪਾਣੀ ’ਚ ਡੁੱਬ ਗਈ। ਕਿਸ਼ਤੀ ’ਚ ਪਿੰਡ ਬਜਰੂੜ ਦਾ ਹੀ ਇਕ ਵਿਅਕਤੀ ਸੋਹਣ ਸਿੰਘ ਡੁੱਬਣ ਵਾਲਿਆਂ ਦਾ ਰਿਸ਼ਤੇਦਾਰ ਲੱਗਦਾ ਸੀ ਅਤੇ ਉਹ ਕਿਸ਼ਤੀ ਵਿਚ ਸਵਾਰ ਸੀ।  ਉਸ ਨੇ ਤੈਰਾਕੀ ਆਉਣ ਕਰਕੇ ਕਿਸ਼ਤੀ ਸਵਾਰਾਂ ਨੂੰ ਬਚਾਉਣ ਲਈ ਤੁਰੰਤ ਦਰਿਆ ’ਚ ਛਾਲ ਮਾਰ ਕੇ ਲਾਗੇ ਹੀ ਕੰਮ ਕਰ ਰਹੇ ਮਛੇਰਿਆਂ ਦੀ ਸਹਾਇਤਾ ਨਾਲ ਪਾਣੀ ’ਚ ਡੁੱਬੀਆਂ 3 ਔਰਤਾਂ ’ਚ ਸ਼ਾਮਲ ਪਿੰਡ ਮੂਸਾਪੁਰ ਦੀ ਔਰਤ ਗੁਰਮੀਤ ਕੌਰ ਪਤਨੀ ਹਰਜੀਤ ਸਿੰਘ, ਮਿ੍ਰਤਕ ਰਾਮ ਲੁਭਾਇਆ ਦੀ ਪਤਨੀ ਬਲਜੀਤ ਕੌਰ ਅਤੇ ਪਿੰਡ ਬਜਰੂੜ ਤੋਂ ਉਸ ਦੀ ਭੂਆ ਸ਼ੀਲਾ ਦੇਵੀ ਅਤੇ ਉਸਦੇ ਲੜਕੇ ਹਰਮੋਹਣ ਸਿੰਘ ਨੂੰ ਬਚਾ ਲਿਆ ਗਿਆ। ਜਦਕਿ ਰਾਮ ਲੁਭਾਇਆ ਨੂੰ ਭਾਵੇਂ ਪਾਣੀ ’ਚੋਂ ਕੁਝ ਹੀ ਦੇਰ ਬਾਅਦ ਕੱਢ ਕੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਤੋਂ ਇਲਾਵਾ ਪਾਣੀ ’ਚ ਡੁੱਬੇ ਭਗਤ ਰਾਮ ਦੀ ਅੱਜ ਦੂਜੇ ਦਿਨ ਵੀ ਗੋਤਾਖੋਰਾਂ ਦੀ ਸਹਾਇਤਾ ਨਾਲ ਭਾਲ ਕੀਤੀ ਜਾ ਰਹੀ ਸੀ। 

ਮੌਕੇ ’ਤੇ ਪੁਲਸ ਪ੍ਰਸ਼ਾਸ਼ਨ ਤੋਂ ਅਧਿਕਾਰੀ ਵੀ ਪਹੁੰਚ ਗਏ ਜੋ ਵਿਅਕਤੀ ਦੀ ਭਾਲ ਲਈ ਕੀਤੀ ਜਾ ਰਹੇ ਕੰਮ ਦੀ ਨਿਗਰਾਨੀ ਕਰ ਰਹੇ ਹਨ। ਦੱਸਿਆ ਜਾ ਰਿਹਾ ਕਿ ਉਕਤ ਸਮੁੱਚੇ ਵਿਅਕਤੀ ਰਾਮ ਲੁਭਾਇਆ ਨਾਲ ਖੇਤਾਂ ਦੇ ਕੰਮ ’ਚ ਹੱਥ ਵਟਾਉਣ ਗਏ ਹੋਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ ਤੱਕ ਪਾਣੀ ’ਚ ਡੁੱਬੀ ਉਕਤ ਕਿਸ਼ਤੀ ਨੂੰ ਹਾਦਸੇ ਵਾਲੇ ਸਥਾਨ ਤੋਂ ਕਰੀਬ 3 ਤੋਂ 4 ਕਿਲੋਮੀਟਰ ਦੀ ਦੂਰੀ ਤੋਂ ਬਰਾਮਦ ਕਰ ਲਿਆ ਗਿਆ ਹੈ। 

ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਥਾਣੇਦਾਰ ਨਾਲ 2 ਵਿਅਕਤੀਆਂ ਨੇ ਕਰ ਦਿੱਤਾ ਕਾਂਡ, ਸੱਚ ਸਾਹਮਣੇ ਆਉਣ 'ਤੇ ਉੱਡੇ ਹੋਸ਼

ਪੀੜਤ ਪਰਿਵਾਰਾਂ ਦੀ ਪ੍ਰਸ਼ਾਸਨ ਵੱਲੋਂ ਹਰ ਯੋਗ ਸਹਾਇਤਾ ਕੀਤੀ ਜਾਵੇਗੀ: ਵਿਧਾਇਕ 
ਇਸ ਸਬੰਧੀ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਆਖਿਆ ਕਿ ਉਕਤ ਪਰਿਵਾਰਾਂ ਨਾਲ ਉਨ੍ਹਾਂ ਨੂੰ ਡੂੰਘੀ ਹਮਦਰਦੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨਾਲ ਲਗਾਤਾਰ ਰਾਬਤਾ ਕਾਇਮ ਰੱਖਿਆ ਹੋਇਆ ਹੈ ਅਤੇ ਪੀੜਤ ਪਰਿਵਾਰਾਂ ਦੀ ਹਰ ਪੱਖੋਂ ਯੋਗ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਨਿਜੀ ਤੌਰ ’ਤੇ ਆਪਣੇ ਕੰਮਕਾਰ ਲਈ ਕਿਸ਼ਤੀਆਂ ਦਾ ਇਸਤੇਮਾਲ ਕਰ ਰਹੇ ਲੋਕਾਂ ਨੂੰ ਆਪਣੀ ਜ਼ਿੰਦਗੀ ਦਾਅ ’ਤੇ ਲਗਾਉਣ ਦੀ ਬਜਾਏ ਸੁਰੱਖਿਆ ਉਪਰਕਨਾਂ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ। ਜਿਸ ਲਈ ਉਹ ਆਪਣੇ ਪੱਧਰ ’ਤੇ ਇਸ ਲਈ ਲੋੜਵੰਦਾਂ ਨੂੰ ਸਹਿਯੋਗ ਕਰਨਗੇ। ਇਸ ਦੌਰਾਨ ਵਿਧਾਇਕ ਵੱਲੋਂ 'ਆਪ' ਦੇ ਬਲਾਕ ਪ੍ਰਧਾਨ ਰਾਮ ਪ੍ਰਤਾਪ ਸਰਥਲੀ ਅਤੇ ਦਫ਼ਤਰ ਇੰਚਾਰਜ ਸਤਨਾਮ ਸਿੰਘ ਨਾਗਰਾ ’ਤੇ ਆਧਾਰਿਤ 'ਆਪ' ਦੀ ਟੀਮ ਨੂੰ ਵੀ ਮੌਕੇ ’ਤੇ ਲਾਪਤਾ ਵਿਅਕਤੀ ਦੇ ਭਾਲ ’ਚ ਚੱਲ ਰਹੇ ਕੰਮ ’ਚ ਸਹਿਯੋਗ ਕਰਨ ਲਈ ਭੇਜਿਆ ਗਿਆ।      

ਇਹ ਵੀ ਪੜ੍ਹੋ : ਗੜ੍ਹਸ਼ੰਕਰ ਵਿਖੇ CM ਮਾਨ ਨੇ ਰੱਖਿਆ ਚਿੱਟੀ ਵੇਈਂ ਪ੍ਰਾਜੈਕਟ ਦਾ ਨੀਂਹ ਪੱਥਰ, ਪਾਣੀਆਂ ਨੂੰ ਲੈ ਕੇ ਆਖੀ ਇਹ ਗੱਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ


shivani attri

Content Editor

Related News