ਚਿੱਟ ਫੰਡ ਕੰਪਨੀਆਂ ਦਾ ਪੁਤਲਾ ਫੂਕਿਆ
Monday, Oct 23, 2017 - 02:03 AM (IST)
ਸੰਗਰੂਰ, (ਵਿਵੇਕ ਸਿੰਧਵਾਨੀ, ਯਾਦਵਿੰਦਰ)— ਲਾਲ ਬੱਤੀ ਚੌਕ 'ਚ ਚਿੱਟ ਫੰਡ ਕੰਪਨੀਆਂ ਦੇ ਵਿਰੋਧ 'ਚ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਅਤੇ ਨੌਜਵਾਨ ਭਾਰਤ ਸਭਾ ਦੇ ਝੰਡੇ ਹੇਠ ਬਣੀ ਐਕਸ਼ਨ ਕਮੇਟੀ ਨੇ ਚਿੱਟ ਫੰਡ ਕੰਪਨੀਆਂ ਵੱਲੋਂ ਲੋਕਾਂ ਦੇ ਪੈਸੇ ਵਾਪਸ ਨਾ ਕਰਨ ਦੀ ਸੂਰਤ 'ਚ ਕੰਪਨੀਆਂ ਦੀਆਂ ਜਾਇਦਾਦਾਂ 'ਤੇ ਕਬਜ਼ੇ ਕਰਨ ਦਾ ਐਲਾਨ ਵੀ ਕੀਤਾ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਜ਼ਿਲਾ ਪ੍ਰਧਾਨ ਬਿੱਕਰ ਹਥੋਆ ਅਤੇ ਐਂਟੀ ਚਿੱਟ ਫੰਡ ਐਕਸ਼ਨ ਕਮੇਟੀ ਦੇ ਪ੍ਰਧਾਨ ਨਵਦੀਪ ਸਿੰਘ ਮੰਨਵੀ ਨੇ ਕਿਹਾ ਕਿ ਵੱਖ-ਵੱਖ ਚਿੱਟ ਫੰਡ ਕੰਪਨੀਆਂ ਨੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਹੜੱਪੀ ਹੈ ਅਤੇ ਪੈਸੇ ਦੀ ਵਾਪਸੀ ਦਾ ਕੋਈ ਰਾਹ ਨਹੀਂ ਛੱਡਿਆ। ਸਰਕਾਰ ਦਾ ਵੀ ਇਸ ਮਾਮਲੇ ਵੱਲ ਕੋਈ ਧਿਆਨ ਨਹੀਂ, ਜਿਸ ਕਾਰਨ ਕੰਪਨੀਆਂ ਦੇ ਸਤਾਏ ਲੋਕ ਖੁਦਕੁਸ਼ੀਆਂ ਕਰ ਰਹੇ ਹਨ। ਇਸ ਦੌਰਾਨ ਕਮਲਜੀਤ ਸਿੰਘ ਕਨਵੀਨਰ, ਰੂਪ ਸਿੰਘ, ਹਰਪ੍ਰੀਤ ਸਿੰਘ, ਸੁਰਜੀਤ ਸਿੰਘ, ਵਿਨੋਦ ਕੁਮਾਰ ਬੰਟੀ, ਜਤਿੰਦਰ ਕੁਮਾਰ, ਗੁਰਜੀਤ ਸਿੰਘ, ਜਗਦੀਸ਼ ਸਿੰਘ, ਵੀਰੋ ਸਿੰਘ, ਰਘੁਵੀਰ ਚੰਦ, ਬਲਵੀਰ ਸਿੰਘ ਤੇ ਮੈਡਮ ਕਮਲਜੀਤ ਕੌਰ ਬਰਨਾਲਾ ਆਦਿ ਹਾਜ਼ਰ ਸਨ।
ਐੱਸ. ਐੱਸ. ਪੀ. ਨੂੰ ਵੀ ਦਿੱਤੀ ਸੀ ਦਰਖਾਸਤ : ਐਕਸ਼ਨ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਜਨਵਰੀ 'ਚ ਵੀ ਇਨ੍ਹਾਂ ਚਿੱਟ ਫੰਡ ਕੰਪਨੀਆਂ ਬਾਰੇ ਇਕ ਦਰਖਾਸਤ ਸਾਂਝੇ ਤੌਰ 'ਤੇ ਐੱਸ. ਐੱਸ. ਪੀ. ਨੂੰ ਦਿੱਤੀ ਗਈ ਸੀ ਪਰ ਪ੍ਰਸ਼ਾਸਨ ਨੇ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਵਾਪਸ ਕਰਵਾਉਂਦੇ ਹੋਏ ਇਨ੍ਹਾਂ ਚਿੱਟ ਫੰਡ ਕੰਪਨੀਆਂ ਦੇ ਮਾਲਕਾਂ ਖਿਲਾਫ ਮਾਮਲਾ ਦਰਜ ਕਰ ਕੇ ਇਨ੍ਹਾਂ ਨੂੰ ਜੇਲਾਂ 'ਚ ਨਾ ਸੁੱਟਿਆ ਤਾਂ ਐਕਸ਼ਨ ਕਮੇਟੀ ਸਾਂਝੇ ਤੌਰ 'ਤੇ ਕੰਪਨੀ ਮਾਲਕਾਂ ਦੀਆਂ ਜਾਇਦਾਦਾਂ 'ਤੇ ਕਬਜ਼ੇ ਕਰੇਗੀ।
