ਖੂਨੀ ਮੋੜ ਨੇ ਲਈਆਂ 3 ਜਾਨਾਂ

Sunday, Jun 11, 2017 - 06:15 AM (IST)

ਖੂਨੀ ਮੋੜ ਨੇ ਲਈਆਂ 3 ਜਾਨਾਂ

ਚੀਮਾ ਮੰਡੀ/ਸੁਨਾਮ, (ਬੇਦੀ, ਗੋਇਲ, ਮੰਗਲਾ, ਬੇਦੀ)— ਸੁਨਾਮ-ਮਾਨਸਾ ਮੁੱਖ ਸੜਕ 'ਤੇ ਡੇਰਾ ਗਿਜਰੀ ਵਾਲਾ ਕੋਲ ਪੈਂਦੇ ਖੂਨੀ ਮੋੜ 'ਤੇ ਹੋਏ ਹਾਦਸੇ ਵਿਚ 2 ਔਰਤਾਂ ਤੇ ਇਕ ਬੱਚੀ ਦੀ ਮੌਤ ਹੋ ਗਈ ਅਤੇ 7 ਜਣੇ ਜ਼ਖਮੀ ਹੋ ਗਏ। ਜਾਣਕਾਰੀ ਦਿੰਦਿਆਂ ਥਾਣਾ ਚੀਮਾ ਦੇ ਏ. ਐੱਸ. ਆਈ. ਕਰਮ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ 8 ਕੁ ਵਜੇ ਸੂਮੋ ਗੱਡੀ ਵਿਚ ਸਵਾਰ 8 ਵਿਅਕਤੀ ਤੇ 3 ਬੱਚੇ ਪਟਿਆਲਾ ਵਿਖੇ ਮਾਤਾ ਕਾਲੀ ਦੇਵੀ ਦੇ ਮੰਦਰ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਕਿ ਡੇਰਾ ਗਿਜਰੀ ਵਾਲਾ ਨੇੜੇ ਮੋੜ 'ਤੇ ਇਸ ਗੱਡੀ ਦੀ ਟੱਕਰ ਅੱਗਿਓਂ ਆ ਰਹੀ ਇਕ ਪ੍ਰਾਈਵੇਟ ਬੱਸ ਨਾਲ ਹੋ ਗਈ। ਇਸ ਹਾਦਸੇ ਵਿਚ ਬੀਰਮਤੀ ਪਤਨੀ ਜੋਗਾ ਸਿੰਘ ਵਾਸੀ ਰੋੜੀ, ਮਨਜੀਤ ਕੌਰ ਪਤਨੀ ਭੋਲਾ ਸਿੰਘ ਅਤੇ ਬੱਚੀ ਮਹਿਕ ਦੀ ਮੌਤ ਹੋ ਗਈ ਜਦੋਂਕਿ ਕੁਲਵਿੰਦਰ ਕੌਰ ਪਤਨੀ ਸਤਿੰਦਰ ਸਿੰਘ ਵਾਸੀ ਬਾਜੇਵਾਲਾ (ਮਾਨਸਾ), ਸਤਿੰਦਰ ਸਿੰਘ ਪੁੱਤਰ ਨਿੱਕਾ ਸਿੰਘ, ਮਰੀ ਕੌਰ ਪਤਨੀ ਨਿੱਕਾ ਸਿੰਘ ਵਾਸੀ ਬਾਜੇਵਾਲਾ, ਰਾਜਵੀਰ ਕੌਰ ਪਤਨੀ ਰਣਜੀਤ ਸਿੰਘ ਵਾਸੀ ਸਰੂ ਖੇੜਾ, ਡਰਾਈਵਰ ਦਰਸ਼ਨ ਸਿੰਘ ਅਤੇ ਦੋ ਬੱਚੇ ਖੁਸ਼ਪ੍ਰੀਤ ਤੇ ਗੋਲੂ ਜ਼ਖ਼ਮੀ ਹੋ ਗਏ।  ਸਹਾਇਕ ਥਾਣੇਦਾਰ ਕਰਮ ਸਿੰਘ ਦੀ ਅਗਵਾਈ ਹੇਠ ਪੁੱਜੀ ਥਾਣਾ ਚੀਮਾ ਦੀ ਪੁਲਸ ਨੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਸੁਨਾਮ ਵਿਖੇ ਦਾਖਲ ਕਰਵਾਇਆ ਜਿਨ੍ਹਾਂ ਵਿਚੋਂ 4 ਨੂੰ ਗੰਭੀਰ ਹਾਲਤ ਹੋਣ ਕਾਰਨ ਰਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ।
ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ : ਡੀ. ਐੱਸ. ਪੀ.
ਡੀ. ਐੱਸ. ਪੀ. ਸੁਨਾਮ ਵਿਲੀਅਮ ਜੇਜੀ ਨੇ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਵਿਅਕਤੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਖਬਰ ਲਿਖੇ ਜਾਣ ਤੱਕ ਇਕ ਸੰਬੰਧ ਵਿਚ ਕੋਈ ਗ੍ਰਿਫਤਾਰੀ ਨਹੀਂ ਹੋਈ ਸੀ।


Related News