ਰਿਸ਼ਤਿਆਂ ਦੇ ਖੂਨ ਨੇ ਸਮਾਜ ਨੂੰ ਕੀਤਾ ਸ਼ਰਮਸਾਰ

03/04/2018 12:45:13 PM

ਸੁਲਤਾਨਪੁਰ ਲੋਧੀ (ਧੀਰ)— ਰਿਸ਼ਤੇ ਸਮਾਜ ਨੂੰ ਪਿਆਰ, ਏਕਤਾ ਅਤੇ ਮਿਲਵਰਤਣ ਦੀ ਡੋਰ 'ਚ ਬੰਨ੍ਹ ਕੇ ਰੱਖਦੇ ਹਨ ਅਤੇ ਇਨ੍ਹਾਂ ਰਿਸ਼ਤਿਆਂ ਸਹਾਰੇ ਹੀ ਸਮਾਜ ਵੱਧ-ਫੁੱਲ ਸਕਦਾ ਹੈ ਪਰ ਆਏ ਦਿਨ ਰਿਸ਼ਤਿਆਂ ਦੇ ਕਤਲ, ਖੁਦਕੁਸ਼ੀਆਂ ਦੀਆਂ ਖਬਰਾਂ ਆਮ ਇਨਸਾਨ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਸਮਾਜ ਵਿਚ ਸਕੇ ਪੁੱਤ ਵੱਲੋਂ ਆਪਣੇ ਪਿਓ ਦਾ ਕਤਲ ਜਾਂ ਪਿਓ ਵਲੋਂ ਆਪਣੇ ਬੱਚਿਆਂ ਨੂੰ ਮੌਤ ਦੇ ਘਾਟ ਉਤਾਰਨਾ ਅੰਦਰੋਂ-ਅੰਦਰੀ ਮੁਰਝਾ ਰਹੇ ਰਿਸ਼ਤਿਆਂ ਦੀ ਤਸਵੀਰ ਨੂੰ ਜਗ ਜ਼ਾਹਿਰ ਕਰਦਾ ਹੈ। ਇਸ ਤਰ੍ਹਾਂ ਦੀਆਂ ਵਾਰਦਾਤਾਂ ਹਰ ਕਿਸੇ ਨੂੰ ਦੁਖੀ ਕਰਦੀਆਂ ਹਨ ਪਰ ਇਹ ਘਟਨਾਵਾਂ ਰੁਕਣ ਦੀ ਬਜਾਏ ਦਿਨੋਂ-ਦਿਨ ਵੱਧ ਰਹੀਆਂ ਹਨ। ਇਨ੍ਹਾਂ ਘਟਨਾਵਾਂ ਲਈ ਰਿਸ਼ਤਿਆਂ ਦਾ ਟੁੱਟਣਾ ਅਤੇ ਸਮਾਜ ਵਿਚ ਆਈ ਨੈਤਿਕ ਖੜੋਤ ਨੂੰ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ, ਜਿਸ ਕਾਰਨ ਨਾਜਾਇਜ਼ ਸੰਬੰਧ, ਧੋਖਾਧੜੀ, ਫਰੇਬ, ਪੈਸਾ, ਜ਼ਮੀਨ-ਜਾਇਦਾਦ ਲਈ ਆਪਸੀ ਨਫਰਤ, ਪ੍ਰੇਮ ਸਬੰਧ ਆਦਿ ਹਨ।
ਬੁਰੀਆਂ ਆਦਤਾਂ ਨੂੰ ਕਹੋ ਅਲਵਿਦਾ: ਮੇਜਰ ਸਿੰਘ ਵਿਰਦੀ
ਸਮਾਜ ਸੇਵੀ ਮੇਜਰ ਸਿੰਘ ਵਿਰਦੀ ਨੇ ਕਿਹਾ ਕਿ ਨਸ਼ਾ, ਦੜਾ-ਸੱਟਾ, ਜੂਆ, ਬੇਈਮਾਨ, ਹੇਰਾਫੇਰੀ, ਲੜਾਈ ਝਗੜੇ ਆਦਿ ਬੁਰੀਆਂ ਆਦਤਾਂ ਅਕਸਰ ਹੱਸਦੇ-ਵੱਸਦੇ ਪਰਿਵਾਰਾਂ ਨੂੰ ਬਰਬਾਦ ਕਰ ਦਿੰਦੀਆਂ ਹਨ। ਇਸ ਲਈ ਰਿਸ਼ਤੇ ਨੂੰ ਤੋੜਨ ਤੋਂ ਪਹਿਲਾਂ ਇਨ੍ਹਾਂ ਬੁਰੀਆਂ ਆਦਤਾਂ ਨੂੰ ਅਲਵਿਦਾ ਕਹਿੰਦੇ ਹੋਏ ਪਰਿਵਾਰ ਨੂੰ ਟੁੱਟਣ ਤੋਂ ਬਚਾਉਣਾ ਚਾਹੀਦਾ ਹੈ।
ਸ਼ੱਕ ਬਣਦਾ ਹੈ ਰਿਸ਼ਤਿਆਂ ਦੀ ਟੁੱਟ-ਭੱਜ ਦਾ ਕਾਰਨ: ਰੋਟੇ. ਜੈਲਦਾਰ ਅਜੀਤਪਾਲ ਸਿੰਘ ਬਾਜਵਾ
ਰੋਟੇ. ਜੈਲਦਾਰ ਅਜੀਤਪਾਲ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਵਿਆਹ ਸਮੇਂ ਜਨਮ-ਜਨਮ ਦਾ ਸਾਥ ਦੇਣ ਦਾ ਵਾਅਦਾ ਕਰਨ ਵਾਲੇ ਪਤੀ-ਪਤਨੀ 'ਚ ਜਦੋਂ ਕਿਸੇ ਕਾਰਨ ਕੋਈ ਸ਼ੱਕ ਪੈਦਾ ਹੁੰਦਾ ਹੈ ਤਾਂ ਹੌਲੀ-ਹੌਲੀ ਉਨ੍ਹਾਂ ਦੇ ਰਿਸ਼ਤੇ 'ਚ ਦਰਾਰ ਪੈਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਪਤੀ ਪਤਨੀ ਜਾਂ ਫਿਰ ਕਿਸੇ ਹੋਰ ਰਿਸ਼ਤੇ ਨੂੰ ਖਤਮ ਹੋਣ ਤੋਂ ਬਚਾਉਣ ਲਈ ਆਪਸ 'ਚ ਬੈਠ ਕੇ ਸਾਰੇ ਗਿਲੇ-ਸ਼ਿਕਵੇ ਦੂਰ ਕਰ ਲੈਣੇ ਚਾਹੀਦੇ ਹਨ ਨਹੀਂ ਤਾਂ ਬਣੇ ਬਣਾਏ ਰਿਸ਼ਤੇ ਟੁੱਟ ਜਾਂਦੇ ਹਨ। 
ਰਿਸ਼ਤਿਆਂ ਦੀ ਕਦਰ ਕਰਨੀ ਜ਼ਰੂਰੀ : ਏ. ਐੱਸ. ਆਈ. ਅਮਰਜੀਤ ਸਿੰਘ, ਐਡਵੋਕੇਟ ਜਰਨੈਲ ਸਿੰਘ ਸੰਧਾ
ਏ. ਐੱਸ. ਆਈ. ਅਮਰਜੀਤ ਸਿੰਘ ਅਤੇ ਐਡਵੋਕੇਟ ਜਰਨੈਲ ਸਿੰਘ ਸੰਧਾ ਨੇ ਕਿਹਾ ਕਿ ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਹੈ, ਜਿਸ ਨਾਲ ਸਮਾਜ 'ਚ ਆਪਸ ਵਿਚ ਵਿਸ਼ਵਾਸ ਮਜ਼ਬੂਤ ਹੁੰਦਾ ਹੈ। ਗੂੜੇ ਰਿਸ਼ਤਿਆਂ ਨੂੰ ਉਮਰ ਭਰ ਨਿਭਾਉਣ ਲਈ ਆਪਣੇ ਤੋਂ ਵੱਡਿਆਂ ਦੀ ਕਦਰ ਕਰਨਾ ਤੇ ਛੋਟਿਆਂ ਨੂੰ ਪਿਆਰ ਦੇਣ ਵਰਗੀਆਂ ਚੰਗੀਆਂ ਆਦਤਾਂ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
ਸਮਾਜ ਨੂੰ ਪ੍ਰੇਮ ਪਿਆਰ ਦੀ ਡੋਰੀ 'ਚ ਪਿਰੋਂਦੇ ਹਨ ਰਿਸ਼ਤੇ : ਜੋਗਾ ਸਿੰਘ ਯੂ. ਕੇ. 
ਸਮਾਜ ਸੇਵੀ ਜੋਗਾ ਸਿੰਘ ਯੂ. ਕੇ. ਨੇ ਕਿਹਾ ਕਿ ਰਿਸ਼ਤਾ ਭਾਵੇਂ ਕੋਈ ਵੀ ਹੋਵੇ, ਸਮਾਜ ਨੂੰ ਪ੍ਰੇਮ ਪਿਆਰ ਦੀ ਡੋਰ 'ਚ ਪਿਰੋ ਕੇ ਰੱਖਦਾ ਹੈ, ਇਨ੍ਹਾਂ ਰਿਸ਼ਤਿਆਂ ਨਾਲ ਹੀ ਖੂਬਸੂਰਤ ਸਮਾਜ ਦੀ ਸਿਰਜਨਾ ਹੁੰਦੀ ਹੈ।


Related News