ਜਾਣੋ ਖੂਨਦਾਨ ਅਤੇ ਪਲਾਜ਼ਮਾ ਦਾਨ ਵਿਚ ਆਖਰ ਕੀ ਹੈ ਅੰਤਰ (ਵੀਡੀਓ)

Thursday, May 07, 2020 - 05:57 PM (IST)

ਜਲੰਧਰ (ਬਿਊਰੋ) - ਕੋਰੋਨਾ ਵਾਇਰਸ ਦੇ ਇਲਾਜ ਲਈ ਅਜੇ ਤੱਕ ਕੋਈ ਵੈਕਸੀਨ ਨਹੀਂ ਬਣੀ, ਜਿਸ ਦੇ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰਯੋਗ ਕੀਤੇ ਜਾ ਰਹੇ ਹਨ। ਵਾਇਰਸ ਤੋਂ ਬਚਣ ਦੇ ਲਈ ਕਈ ਥਾਵਾਂ ’ਤੇ ਪਲਾਜ਼ਮਾ ਥੈਰੇਪੀ ਦਾ ਸਹਾਰਾ ਲਿਆ ਜਾ ਰਿਹਾ ਹੈ ਤੇ ਇਸ ਦੇ ਨਤੀਜੇ ਚੰਗੇ ਹੀ ਆ ਰਹੇ ਹਨ। ਇਸ ਲਈ ਕੋਰੋਨਾ ਵਾਇਰਸ ਦੀ ਲਾਗ ਤੋਂ ਠੀਕ ਹੋਏ ਬੰਦੇ ਆਪਣਾ ਪਲਾਜ਼ਮਾ ਦਾਨ ਕਰਨ ਲਈ ਅੱਗੇ ਆ ਰਹੇ ਨੇ ਤਾਂ ਜੋ ਹੋਰਾਂ ਨੂੰ ਵੀ ਇਸ ਮਹਾਮਾਰੀ ਤੋਂ ਬਚਾਇਆ ਜਾ ਸਕੇ। ਦੱਸ ਦੇਈਏ ਕਿ ਪਲਾਜ਼ਮਾ ਦਾਨ ਅਤੇ ਖੂਨਦਾਨ ਵਿਚ ਫ਼ਰਕ ਹੁੰਦਾ ਹੈ। ਉਦਾਹਰਨ ਵਜੋਂ ਖੂਨਦਾਨ ਵੇਲੇ ਬੰਦੇ ਦਾ 300-350 ਗ੍ਰਾਮ ਖੂਨ ਲਿਆ ਜਾਂਦਾ ਹੈ, ਜਿਸ ਵਿਚ ਲਾਲ ਤੇ ਚਿੱਟੇ ਰਕਤਾਣੂ ਅਤੇ ਪਲਾਜ਼ਮਾ ਵੀ ਹੁੰਦੇ ਹਨ।

ਪਲਾਜ਼ਮਾ ਦਾਨ ਵੇਲੇ ਇਕੱਲੇ ਪਲਾਜ਼ਮਾਂ ਹੀ ਲਏ ਜਾਂਦੇ ਹਨ, ਲਾਲ ਅਤੇ ਚਿੱਟੇ ਰਕਤਾਣੂ ਨਹੀਂ ਲਏ ਜਾਂਦੇ। ਇਸ ਕਰਕੇ ਬੰਦੇ ਨੂੰ ਅਜਿਹੀ ਕੋਈ ਕਮਜ਼ੋਰੀ ਵੀ ਮਹਿਸੂਸ ਨਹੀਂ ਹੁੰਦੀ, ਜਿਸ ਤਰ੍ਹਾਂ ਦੀ ਖ਼ੂਨਦਾਨ ਕਰਨ ਤੋਂ ਬਾਅਦ ਹੁੰਦੀ ਹੈ। ਜਿਸ ਤਰ੍ਹਾਂ ਸਿਹਤ ਮਾਹਿਰ ਕਹਿੰਦੇ ਹਨ ਕਿ 3 ਮਹੀਨੇ ਬਾਅਦ ਖੂਨਦਾਨ ਕੀਤਾ ਜਾ ਸਕਦਾ ਹੈ, ਉਸੇ ਤਰ੍ਹਾਂ ਪਲਾਜ਼ਮਾ ਸਿਰਫ਼ ਦਸ ਦਿਨਾਂ ਬਾਅਦ ਹੀ ਦਾਨ ਕੀਤਾ ਜਾ ਸਕਦਾ ਹੈ। ਤਕਰੀਬਨ ਚੌਵੀ ਘੰਟਿਆਂ ਵਿਚ ਕੱਢੇ ਹੋਏ ਪਲਾਜ਼ਮਾ ਪੂਰੇ ਹੋ ਜਾਂਦੇ ਹਨ। ਕੋਰੋਨਾ ਵਾਇਰਸ ਦੀ ਲਾਗ ਤੋਂ ਠੀਕ ਹੋਏ ਬੰਦੇ ਦੇ ਸਰੀਰ ਅੰਦਰ ਐਂਟੀਬਾਡੀਜ਼ ਵਿਕਸਤ ਹੋ ਜਾਂਦੀਆਂ ਹਨ। ਜਦੋਂ ਸਰੀਰ ’ਤੇ ਕੋਈ ਵਾਇਰਸ ਹਮਲਾ ਕਰਦਾ ਹੈ ਤਾਂ ਉਸ ਨਾਲ ਲੜਨ ਲਈ ਸਰੀਰ ਅੰਦਰ, ਜੋ ਪ੍ਰੋਟੀਨ ਬਣਦੇ ਹਨ, ਉਨ੍ਹਾਂ ਨੂੰ ਐਂਟੀ ਬਾਡੀਜ਼ ਕਿਹਾ ਜਾਂਦਾ ਹੈ। 

ਠੀਕ ਹੋਏ ਬੰਦੇ ਦੇ ਸਰੀਰ ’ਚੋਂ ਐਂਟੀ ਬਾਡੀਜ਼ ਜਾਂ ਪਲਾਜ਼ਮਾਂ ਕੱਢ ਕੇ ਕੋਰੋਨਾ ਗੰਭੀਰ ਮਰੀਜ਼ ਨੂੰ ਚੜ੍ਹਾ ਦਿੱਤੇ ਜਾਂਦੇ ਹਨ। ਇਸ ਤਰ੍ਹਾਂ ਕਰਨ ਨੂੰ ਹੀ ਪਲਾਜ਼ਮਾਂ ਥੈਰੇਪੀ ਕਿਹਾ ਜਾਂਦਾ ਹੈ। ਇਕ ਵਾਰ ਦਾਨ ਕਰਨ ਤੋਂ ਬਾਅਦ ਇਹ ਪਲਾਜ਼ਮਾ ਜਾਂ ਐਂਟੀਬਾਡੀਜ਼ ਖ਼ਤਮ ਨਹੀਂ ਹੁੰਦੀਆਂ ਅਤੇ ਨਾ ਹੀ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟਦੀ ਹੈ ਸਗੋਂ ਸਰੀਰ ਆਪਣੇ ਆਪ ਕੁਝ ਸਮੇਂ ’ਚ ਇਹ ਪੂਰਤੀ ਕਰ ਲੈਂਦਾ ਹੈ ਅਤੇ ਨਵੇਂ ਬਣੇ ਪ੍ਰੋਟੀਨ ਨਾਲ ਸਰੀਰ ਹੋਰ ਤਗੜਾ ਹੋ ਜਾਂਦਾ ਹੈ। ਇਸ ਦੇ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ....


author

rajwinder kaur

Content Editor

Related News