ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਅੰਨ੍ਹੇ ਵਾਹ ਫਾਇਰਿੰਗ 'ਚ ਇਕ ਦੀ ਮੌਤ, ਤਿੰਨ ਗੰਭੀਰ ਜ਼ਖਮੀ

07/20/2017 7:26:15 PM

ਖਾਲੜਾ/ਤਰਨਤਾਰਨ (ਰਾਜੂ,ਰਾਜੀਵ ਕੁਮਾਰ) -ਪੁਲਸ ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਮਾੜੀ ਕੰਬੋਕੇ ਵਿਖੇ ਜ਼ਮੀਨ 'ਚੋਂ ਲੰਘਦੇ ਰਸਤੇ ਤੋਂ ਮਿੱਟੀ ਹਟਾਉਣੋਂ ਰੋਕ ਕੇ ਇਸ ਧਿਰ ਵੱਲ ਅੰਨੇਵਾਹ ਕੀਤੀ ਗਈ ਫਾਇਰਿੰਗ ਵਿਚ ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਗੰਭੀਰ ਜਖਮੀ ਹੋ ਗਏ। ਜਿਨ੍ਹਾਂ ਨੂੰ ਭਿੱਖੀਵਿੰਡ ਦੇ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ। ਇਸ ਮੌਕੇ ਗੰਭੀਰ ਫੱਟੜ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅਸੀਂ ਆਪਣੀ ਜ਼ਮੀਨ ਵਿਚ ਰਸਤਾ ਪਾਇਆ ਹੋਇਆ ਹੈ ਅਤੇ ਸਾਡੀ ਜ਼ਮੀਨ ਉੱਚੀ ਹੈ, ਜਦੋਂ ਕਿ ਸਾਡੇ ਨਾਲ ਦੀ ਜ਼ਮੀਨ ਸੁਖਚੈਨ ਸਿੰਘ ਵਗੈਰਾ ਦੀ ਹੈ ਅਤੇ ਬਰਸਾਤ ਦਾ ਪਾਣੀ ਸੁਖਚੈਨ ਸਿੰਘ ਹੋਰਾਂ ਦੀ ਜਮੀਨ ਵਿਚ ਇਕੱਠਾ ਹੋ ਗਿਆ।
ਜਿਸ ਨੂੰ ਕੱਢਣ ਲਈ ਅੱਜ ਸੁਖਚੈਨ ਸਿੰਘ ਟ੍ਰੈਕਟਰ ਨਾਲ ਲੈ ਕੇ ਆਪਣੇ ਕਰੀਬ 25-30 ਸਾਥੀਆਂ ਨਾਲ ਰਫਲਾਂ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਲੈ ਕੇ ਸਾਡੇ ਰਸਤੇ ਤੋਂ ਮਿੱਟੀ ਲਾਉਣੀ ਸ਼ੁਰੂ ਕਰ ਦਿੱਤੀ ਅਤੇ ਪਾਣੀ ਸਾਡੀ ਜ਼ਮੀਨ ਵਿਚ ਪਾਉਣ ਲੱਗੇ ਜਿਸ ਤੋਂ ਅਸੀਂ ਚਾਰੋਂ ਘਰ ਦੇ ਜੀਅ ਇਨ੍ਹਾਂ ਨੂੰ ਰੋਕਣ ਲਈ ਗਏ ਤਾਂ ਸੁਖਚੈਨ ਸਿੰਘ ਅਤੇ ਉਸਦੇ ਸਾਥੀ ਸੁਖਰਾਜ ਸਿੰਘ, ਹਰਪਾਲ ਸਿੰਘ, ਦਲਜੀਤ ਸਿੰਘ, ਰਣਜੀਤ ਸਿੰਘ, ਨਿਰਵੈਲ ਸਿੰਘ ਅਤੇ ਇਲਾਕੇ ਦੇ ਕਰੀਬ 25-30 ਸਾਥੀਆਂ ਨੇ ਸਾਡੇ 'ਤੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਸੁਖਬੀਰ ਸਿੰਘ (35) ਪੁੱਤਰ ਬਾਜ ਸਿੰਘ ਦੀ ਮੌਤ ਹੋ ਗਈ, ਜਦੋਂ ਕਿ ਮੇਰੇ ਸਮੇਤ ਨਿਸ਼ਾਨ ਸਿੰਘ ਪੁੱਤਰ ਕਾਰਜ ਸਿੰਘ ਅਤੇ ਪ੍ਰਗਟ ਸਿੰਘ ਪੁੱਤਰ ਜੋਗਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਏ। ਘਟਨਾ ਦੀ ਖਬਰ ਮਿਲਦਿਆਂ ਹੀ ਪੁਲਸ ਵੱਡੀ ਗਿਣਤੀ ਵਿਚ ਭਿੱਖੀਵਿੰਡ ਦੇ ਨਿੱਜੀ ਹਸਪਤਾਲ ਪਹੁੰਚੀ ਅਤੇ ਬਿਆਨ ਦਰਜ ਕੀਤੇ। ਡੀ.ਐਸ.ਪੀ. ਭਿੱਖੀਵਿੰਡ ਸੁਲੱਖਣ ਸਿੰਘ ਮਾਨ ਵੀ ਘਟਨਾ ਸਥਾਨ 'ਤੇ ਪਹੁੰਚੇ, ਜਿਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੋਸ਼ੀ ਬਖਸ਼ੇ ਨਹੀਂ ਜਾਣਗੇ।


Related News