ਭੂਤ-ਪ੍ਰੇਤ ਜਾਂ ਵਹਿਮ, ਇਥੇ ਰਾਤ ਹੁੰਦੇ ਹੀ ਘਰ ਛੱਡ ਕੇ ਚਲੇ ਜਾਂਦੇ ਨੇ ਲੋਕ

Monday, Aug 20, 2018 - 06:51 PM (IST)

ਭੂਤ-ਪ੍ਰੇਤ ਜਾਂ ਵਹਿਮ, ਇਥੇ ਰਾਤ ਹੁੰਦੇ ਹੀ ਘਰ ਛੱਡ ਕੇ ਚਲੇ ਜਾਂਦੇ ਨੇ ਲੋਕ

ਮਾਛੀਵਾੜਾ ਸਾਹਿਬ (ਟੱਕਰ)— ਮਾਛੀਵਾੜਾ ਦੀ ਇਕ ਕਾਲੋਨੀ 'ਚ ਅਜੀਬ ਤਰ੍ਹਾਂ ਦਾ ਅੰਧ ਵਿਸ਼ਵਾਸ਼ ਲੋਕਾਂ 'ਚ ਪਲ ਰਿਹਾ ਹੈ ਅਤੇ ਲੋਕ ਡਰ ਦੇ ਮਾਰੇ ਰਾਤ ਨੂੰ ਆਪਣੇ ਘਰਾਂ ਨੂੰ ਛੱਡ ਕੇ ਕਿਸੇ ਨਜ਼ਦੀਕੀ ਦੇ ਘਰ ਰਹਿਣ ਲਈ ਚਲੇ ਜਾਂਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਦੀ ਇਕ ਕਾਲੋਨੀ ਦੇ ਇਕ ਘਰ 'ਚ ਹੀ ਕੁਝ ਦਿਨ ਪਹਿਲਾਂ 2 ਮੌਤਾਂ ਹੋ ਗਈਆਂ ਸਨ, ਜਿਸ ਕਾਰਨ ਇਸ ਕਾਲੋਨੀ ਦੀ ਸਿਰਫ ਇਕ ਗਲੀ ਦੇ ਲੋਕ ਐਨੇ ਸਹਿਮ ਗਏ ਹਨ ਕਿ ਉਨ੍ਹਾਂ ਨੂੰ ਭੂਤ-ਪ੍ਰੇਤ ਦੇ ਸਾਏ ਦਾ ਵਹਿਮ ਹੋ ਗਿਆ ਹੈ। ਲੋਕਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਇਕ ਵਿਅਕਤੀ ਰਤਨ ਪੰਡਿਤ ਦੀ ਬਿਨ੍ਹਾਂ ਕਿਸੇ ਬੀਮਾਰੀ ਦੇ ਮੌਤ ਹੋ ਗਈ ਸੀ ਅਤੇ ਉਸ ਨੇ ਮਰਨ ਤੋਂ ਪਹਿਲਾਂ ਕਿਹਾ ਕਿ ਉਸ ਦੀ ਗਰਦਨ ਦਬ ਰਹੀ ਹੈ ਅਤੇ ਸਾਹ ਲੈਣ 'ਚ ਪਰੇਸ਼ਾਨੀ ਆ ਰਹੀ ਹੈ ਅਤੇ ਇਸ ਤਰ੍ਹਾਂ ਉਸ ਦੀ ਮੌਤ ਹੋ ਗਈ। ਉਸੇ ਤਰ੍ਹਾਂ ਉਨ੍ਹਾਂ ਦੇ ਘਰ 'ਚ ਕਿਰਾਏਦਾਰ ਸੰਤੋਸ਼ ਦੀ ਮੌਤ ਵੀ ਉਸੇ ਢੰਗ ਨਾਲ ਹੋ ਗਈ, ਜਿਸ ਕਾਰਨ ਕਾਲੌਨੀ ਦੀ ਇਕ ਗਲੀ ਜਿਸ 'ਚ ਜ਼ਿਆਦਾਤਰ ਪ੍ਰਵਾਸੀ ਮਜ਼ਦੂਰਾਂ ਦੇ ਘਰ ਹਨ, ਉਨ੍ਹਾਂ 'ਚ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ। 
ਸਹਿਮੇ ਹੋਏ ਲੋਕ ਪਾਖੰਡੀ ਬਾਬਿਆਂ ਦੇ ਚੱਕਰਾਂ 'ਚ ਫਸ ਕੇ ਤਾਂਤ੍ਰਿਕਾਂ ਨੂੰ ਪੂਜਾ ਪਾਠ ਲਈ ਬੁਲਾ ਰਹੇ ਹਨ ਅਤੇ ਦਿਨ 'ਚ ਤਾਂ ਉਨ੍ਹਾਂ ਦੇ ਹਾਲਾਤ ਠੀਕ ਰਹਿੰਦੇ ਹਨ ਪਰ ਰਾਤ ਨੂੰ ਲੋਕਾਂ ਦੇ ਮਨਾਂ 'ਚ ਇਹ ਵਹਿਮ ਭਰ ਗਿਆ ਹੈ ਕਿ ਕੋਈ ਗੈਬੀ ਸ਼ਕਤੀ ਹੈ, ਜਿਸ ਕਾਰਨ ਇਹ ਮੌਤਾਂ ਹੋਈਆਂ ਹਨ। ਕਾਲੋਨੀ 'ਚ ਅਜੀਬ ਤਰੀਕੇ ਨਾਲ ਹੋ ਰਹੀਆਂ ਮੌਤਾਂ ਰਹੱਸ ਬਣੀਆਂ ਹੋਈਆਂ ਹਨ ਅਤੇ ਲੋਕ ਇਸ ਦਹਿਸ਼ਤ ਤੋਂ ਛੁਟਕਾਰਾ ਪਾਉਣ ਲਈ ਲੋਕ ਪਾਠ-ਪੂਜਾ ਕਰ ਰਹੇ ਹਨ। ਕਾਲੋਨੀ 'ਚ ਹੋ ਰਹੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਬਾਰੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਮਹਿਜ਼ ਅੰਧ ਵਿਸ਼ਵਾਸ਼ ਹੈ ਅਤੇ ਹੋ ਸਕਦਾ ਹੈ ਜੋ ਮੌਤਾਂ ਹੋਈਆਂ ਹਨ ਉਹ ਕਿਸੇ ਜਾਨਵਰ ਦੇ ਕੱਟਣ ਕਾਰਨ ਹੋਈਆਂ ਹੋਣ। 
ਇਸ ਦੇ ਨਾਲ ਹੀ ਕਈ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹਾ ਕੋਈ ਵੀ ਭੂਤ-ਪ੍ਰੇਤ ਜਾਂ ਗੈਬੀ ਸ਼ਕਤੀ ਦਾ ਪ੍ਰਭਾਵ ਨਹੀਂ ਦਿਖਦਾ ਅਤੇ ਉਨ੍ਹਾਂ ਦਾਅਵਾ ਕੀਤਾ ਕਿ ਇਹ ਸਿਰਫ ਇਕ ਗਲੀ 'ਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੇ ਭਾਈਚਾਰੇ ਵਾਲੇ ਲੋਕਾਂ ਨੂੰ ਵਹਿਮ ਹੋ ਗਿਆ ਹੈ ਕਿ ਇਥੇ ਕੋਈ ਭੂਤ-ਪ੍ਰੇਤ ਹੈ। ਹੋਰ ਤਾਂ ਹੋਰ ਇਸ ਗਲੀ ਦੇ ਲੋਕਾਂ ਵੱਲੋਂ ਆਪਣੇ ਘਰਾਂ ਦੇ ਦਰਵਾਜ਼ਿਆਂ 'ਤੇ ਨਿੰਬੂ, ਲਸਣ, ਮਿਰਚਾਂ ਅਤੇ ਬਾਬਿਆਂ ਤੋਂ ਤਵੀਤ ਕਰਵਾ ਕੇ ਟੰਗੇ ਹੋਏ ਹਨ ਤਾਂ ਜੋ ਭੂਤ-ਪ੍ਰੇਤ ਦਾ ਸਾਇਆ ਉਨ੍ਹਾਂ ਦੇ ਘਰ ਨਾ ਆਵੇ ਜਦਕਿ ਸੱਚ ਇਹ ਹੈ ਕਿ ਉਨ੍ਹਾਂ ਦੇ ਮਨਾਂ 'ਚ ਸਿਰਫ ਵਹਿਮ ਹੈ, ਜਿਸ ਨੂੰ ਦੂਰ ਕਰਨ ਲਈ ਪ੍ਰਸਾਸ਼ਨ ਅਤੇ ਤਰਕਸ਼ੀਲਾਂ ਨੂੰ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਇਹ ਲੋਕ ਪਾਖੰਡੀ ਬਾਬਿਆਂ ਦੀ ਲੁਟ ਤੋਂ ਬਚ ਸਕਣ ਅਤੇ ਆਪਣੇ ਘਰਾਂ 'ਚ ਚੈਨ ਨਾਲ ਰਹਿ ਸਕਣ।


Related News