ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝੀ
Wednesday, Sep 13, 2017 - 05:42 AM (IST)
ਫ਼ਤਿਹਗੜ੍ਹ ਸਾਹਿਬ, (ਜਗਦੇਵ, ਮੱਗੋ)- ਜ਼ਿਲਾ ਪੁਲਸ ਫ਼ਤਿਹਗੜ੍ਹ ਸਾਹਿਬ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਗੋਬਿੰਦਗੜ੍ਹ ਦੇ ਵਾਸੀ ਜੋਗਿੰਦਰ ਪਾਲ ਸਿੰਗਲਾ ਸਾਬਕਾ ਚੇਅਰਮੈਨ ਜ਼ਿਲਾ ਪਲਾਨਿੰਗ ਬੋਰਡ ਦੇ ਨੌਕਰ ਰਾਏ ਬਹਾਦਰ ਦੇ ਕਾਤਲ ਉਨ੍ਹਾਂ ਦੀ ਗ੍ਰਿਫ਼ਤ 'ਚ ਆ ਗਏ।
ਇਸ ਸੰਬੰਧੀ ਪ੍ਰੈੱਸ ਕਾਨਫਰੰਸ 'ਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਸ ਮੁਖੀ ਅਲਕਾ ਮੀਨਾ ਨੇ ਦੱਸਿਆ ਐੱਸ. ਪੀ. ਡੀ. ਦਲਜੀਤ ਸਿੰਘ ਰਾਣਾ, ਡੀ. ਐੱਸ. ਪੀ. ਅਮਲੋਹ ਮਨਪ੍ਰੀਤ ਸਿੰਘ, ਇੰਸਪੈਕਟਰ ਮਹਿੰਦਰ ਸਿੰਘ ਅਤੇ ਪੁਲਸ ਟੀਮ ਨੇ ਗੰਭੀਰਤਾ ਨਾਲ ਜਾਂਚ ਕਰਦੇ ਹੋਏ ਇਸ ਕਤਲ ਦੀ ਗੁੱਥੀ ਸੁਲਝਾਈ ਹੈ। ਉਨ੍ਹਾਂ ਦੱਸਿਆ ਕਿ 17 ਫਰਵਰੀ 2012 ਨੂੰ ਮੰਡੀ ਗੋਬਿੰਦਗੜ੍ਹ ਵਿਖੇ ਰਾਏ ਬਹਾਦਰ ਨਾਂ ਦੇ ਵਿਅਕਤੀ ਦਾ ਕਤਲ ਹੋਇਆ ਸੀ ਪਰ ਉਸ ਸਮੇਂ ਕਾਤਲ ਜੋਗਿੰਦਰ ਪਾਲ ਸਿੰਗਲਾ ਦੇ ਰੱਖੇ ਕੁੱਤੇ ਦੇ ਭੌਂਕਣ ਕਾਰਨ ਉੱਥੋਂ ਫਰਾਰ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਰਾਏ ਬਹਾਦਰ ਨੇ ਮੌਤ ਤੋਂ ਕੁਝ ਦਿਨ ਪਹਿਲਾਂ ਆਪਣੇ ਨਜ਼ਦੀਕੀ ਗੋਪਾਲ ਸ਼ਰਮਾ ਨੂੰ ਦੱਸ ਦਿੱਤਾ ਸੀ ਕਿ ਉਸ ਦੇ ਮਾਲਕ ਘਰ ਤੋਂ ਬਾਹਰ ਜਾ ਰਹੇ ਹਨ ਅਤੇ ਘਰ ਦੀਆਂ ਚਾਬੀਆਂ ਉਸ ਕੋਲ਼ ਹੁੰਦੀਆਂ ਹਨ।
ਉਸ ਸਮੇਂ ਗੋਪਾਲ ਸ਼ਰਮਾ ਦੇ ਮਨ 'ਚ ਬੇਈਮਾਨੀ ਆ ਗਈ ਅਤੇ ਉਸ ਨੇ ਆਪਣੇ ਸਾਥੀ ਸੰਨੀ ਕੁਮਾਰ ਨਾਲ ਗੱਲ ਕਰ ਕੇ ਸਾਬਕਾ ਚੇਅਰਮੈਨ ਦੇ ਘਰ ਚੋਰੀ ਕਰਨ ਦਾ ਪਲਾਨ ਤਿਆਰ ਕਰ ਦਿੱਤਾ। ਵਰਾਦਾਤ ਵਾਲੇ ਦਿਨ ਚੋਰੀ ਕਰਨ ਦੇ ਇਰਾਦੇ ਨਾਲ ਜਦੋਂ ਉਕਤ ਦੋਸ਼ੀ ਘਰ ਵਿਚ ਦਾਖਲ ਹੋਏ ਤਾਂ ਆਪਣੀ ਪਛਾਣ ਨੂੰ ਗੁਪਤ ਰੱਖਣ ਖਾਤਿਰ ਘਰ ਦੇ ਨੌਕਰ ਰਾਏ ਬਹਾਦਰ ਦਾ ਬੇਸਮੈਂਟ 'ਚ ਕਤਲ ਕਰ ਦਿੱਤਾ। ਘਰ ਦੀਆਂ ਚਾਬੀਆਂ ਲੈ ਕੇ ਜਦੋਂ ਕਾਤਲ ਚੋਰੀ ਕਰਨ ਲਈ ਅੰਦਰ ਵੜਨ ਲੱਗੇ ਤਾਂ ਕੁੱਤੇ ਦੇ ਭੌਂਕਣ ਕਾਰਨ ਫੜੇ ਜਾਣ ਦੇ ਡਰੋਂ ਆਪਣੇ ਦੋਸਤ ਦੀ ਮਦਦ ਨਾਲ ਮੌਕੇ ਤੋਂ ਸਪਲੈਂਡਰ ਮੋਟਰਸਾਈਕਲ 'ਤੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਸੀ. ਆਈ. ਏ. ਸਟਾਫ਼ ਵੱਲੋਂ ਮੰਡੀ ਗੋਬਿੰਦਗੜ੍ਹ ਤੋਂ ਗੋਪਾਲ ਸ਼ਰਮਾ ਅਤੇ ਸੰਨੀ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਇਨ੍ਹਾਂ ਦਾ ਤੀਸਰਾ ਸਾਥੀ ਅਜੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ।
ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਜਿਹੜਾ ਵਾਰਦਾਤ 'ਚ ਹਥਿਆਰ ਵਰਤਿਆ ਗਿਆ ਉਸ ਤੋਂ ਇਲਾਵਾ ਗੋਪਾਲ ਸ਼ਰਮਾ ਕੋਲ ਇਕ 32 ਬੋਰ ਦਾ ਨਾਜਾਇਜ਼ ਪਿਸਟਲ ਵੀ ਸੀ ਜੋ ਬਾਅਦ ਵਿਚ ਉਸ ਕੋਲ਼ੋਂ ਬਰਾਮਦ ਹੋਇਆ। ਇਸ ਸੰਬੰਧੀ 14 ਦਸੰਬਰ 2012 ਨੂੰ ਥਾਣਾ ਸਿਟੀ ਖੰਨਾ ਵਿਖੇ ਮਾਮਲਾ ਦਰਜ ਹੈ। ਇਸੇ ਤਰ੍ਹਾਂ ਦਾ ਇਕ ਮਾਮਲਾ ਮੰਡੀ ਗੋਬਿੰਦਗੜ੍ਹ ਵਿਖੇ 21 ਨਵੰਬਰ 2014 ਨੂੰ ਆਰਮਜ਼ ਐਕਟ ਦੇ ਤਹਿਤ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ ਪੇਸ਼ੇਵਰ ਕ੍ਰਿਮੀਨਲ ਹੈ ਜਦਕਿ ਦੋਸ਼ੀ ਗੋਪਾਲ ਸ਼ਰਮਾ 9ਵੀਂ ਪਾਸ ਹੈ ਅਤੇ ਟਿਊਬਵੈੱਲ ਨੰਬਰ 6 ਮੰਡੀ ਗੋਬਿੰਦਗੜ੍ਹ ਵਿਖੇ ਨੌਕਰੀ ਕਰਦਾ ਹੈ ਜਦਕਿ ਦੋਸ਼ੀ ਸੰਨੀ 10ਵੀਂ ਪਾਸ ਹੈ ਅਤੇ ਵਿਹਲਾ ਰਹਿਣ ਦਾ ਆਦੀ ਹੈ। ਪੁਲਸ ਵੱਲੋਂ ਦੋਵਾਂ ਵਿਅਕਤੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ 15 ਸਤੰਬਰ ਤੱਕ ਦਾ ਰਿਮਾਂਡ ਲਿਆ ਹੈ ਅਤੇ ਹੋਰ ਪੁੱਛਗਿੱਛ ਜਾਰੀ ਹੈ।
