ਕੈਮੀਕਲ ਫੈਕਟਰੀ 'ਚ ਅੱਗ ਕਾਰਨ ਧਮਾਕੇ, 2 ਵਰਕਰ ਜ਼ਿੰਦਾ ਸੜੇ, 12 ਝੁਲਸੇ

Wednesday, Jul 10, 2019 - 01:00 PM (IST)

ਕੈਮੀਕਲ ਫੈਕਟਰੀ 'ਚ ਅੱਗ ਕਾਰਨ ਧਮਾਕੇ, 2 ਵਰਕਰ ਜ਼ਿੰਦਾ ਸੜੇ, 12 ਝੁਲਸੇ

ਡੇਰਾਬੱਸੀ (ਗੁਰਪ੍ਰੀਤ ਸਿੰਘ)-ਮੁਬਾਰਕਪੁਰ ਮਾਰਗ 'ਤੇ ਡੇਰਾਬੱਸੀ ਨੇੜੇ ਸਥਿਤ ਇਕ ਕੈਮੀਕਲ ਫੈਕਟਰੀ 'ਚ ਲੱਗੀ ਅੱਗ ਤੋਂ ਬਾਅਦ ਹੋਏ ਧਮਾਕਿਆਂ ਕਾਰਣ ਦੋ ਵਰਕਰਾਂ ਜ਼ਿੰਦਾ ਸੜ ਗਏ ਅਤੇ ਇਕ ਲਾਪਤਾ ਹੈ, ਜਦੋਂਕਿ ਇਕ ਦਰਜਨ ਵਰਕਰ ਝੁਲਸੇ ਗਏ, ਜਿਨ੍ਹਾਂ 'ਚੋਂ ਪੰਜ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਇਕ ਮਿਤ੍ਰਕ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਬੰਟੀ (22) ਪੁੱਤਰ ਪਵਨ ਕੁਮਾਰ ਵਾਸੀ ਪਿੰਡ ਬੀਜਨਪੁਰ ਵਜੋਂ ਹੋਈ, ਜੋ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦਾ ਇਕ ਸਾਲ ਦਾ ਬੇਟਾ ਵੀ ਹੈ। ਮਰਨ ਵਾਲੇ ਦੂਜੇ ਵਰਕਰ ਦੀ ਲਾਸ਼ ਤਾਂ ਮਿਲ ਗਈ ਪਰ ਉਸ ਦੀ ਪਛਾਣ ਨਹੀਂ ਹੋ ਸਕੀ ਕਿਉਂਕਿ ਉਹ ਬੁਰੀ ਤਰ੍ਹਾਂ ਸੜੀ ਹੋਈ ਹੈ। ਜੋ ਲਾਪਤਾ ਵਰਕਰ ਹੈ, ਉਹ ਵੀ ਪਿੰਡ ਬੀਜਨਪੁਰ ਦਾ ਹੀ ਹੈ, ਜਿਸ ਦੀ ਪਛਾਣ ਰਵੀ ਕੁਮਾਰ (20) ਪੁੱਤਰ ਮੰਗਾ ਰਾਮ ਵਜੋਂ ਹੋਈ ਹੈ। ਹਾਦਸੇ ਦੌਰਾਨ ਹੋਏ ਧਮਾਕੇ ਦੀ ਗੂੰਜ ਪੰਜ ਕਿਲੋਮੀਟਰ ਤਕ ਦੇ ਇਲਾਕੇ ਵਿਚ ਸੁਣੀ ਗਈ, ਜਦੋਂਕਿ ਪਲਾਂਟ 'ਚੋਂ ਉੱਠਦਾ ਧੂੰਆਂ 10 ਕਿਲੋਮੀਟਰ ਦੀ ਦੂਰੀ ਤੋਂ ਵੀ ਵੇਖਿਆ ਜਾ ਸਕਦਾ ਸੀ। ਜ਼ਿਕਰਯੋਗ ਹੈ ਕਿ ਮਰਨ ਵਾਲੇ ਦੋਵੇਂ ਦੋਸਤ 25 ਦਿਨ ਪਹਿਲਾਂ ਹੀ ਫੈਕਟਰੀ 'ਚ ਨੌਕਰੀ 'ਤੇ ਲੱਗੇ ਸਨ।

ਧਮਾਕਾ ਇੰਨਾ ਜ਼ਬਰਦਸਤ ਸੀ ਕਿ ਉਸ ਦਾ ਭਾਰੀ ਲੋਹੇ ਦਾ ਟੁਕੜਾ ਕੰਪਨੀ ਦੀ ਚਾਰਦੀਵਾਰੀ ਨੇੜੇ ਡਿੱਗਿਆ ਪਰ ਕੋਈ ਵੱਡਾ ਹਾਦਸਾ ਟਲ ਗਿਆ। ਅੱਗ ਬੁਝਾਉਣ ਲਈ ਅੱਧਾ ਦਰਜਨ ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਫ਼ੈਕਟਰੀ ਅੰਦਰ ਪਹੁੰਚੀਆਂ ਅਤੇ ਦੋ ਘੰਟਿਆਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ। ਫੈਕਟਰੀ ਪ੍ਰਬੰਧਕਾਂ ਮੁਤਾਬਕ ਬਿਜਲੀ ਤਾਰਾਂ 'ਚ ਸ਼ਾਰਟ ਸਰਕਟ ਕਾਰਨ ਅੱਗ ਲੱਗੀ, ਜਿਸ ਤੋਂ ਬਾਅਦ ਇਹ ਹਾਦਸਾ ਹੋਇਆ, ਜਦੋਂਕਿ ਮੌਕੇ 'ਤੇ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸੇ ਦੇ ਕਾਰਣਾਂ ਦੀ ਜਾਂਚ ਕੀਤੀ ਜਾ ਰਹੀ ਹੈ।

PunjabKesari

ਜਾਣਕਾਰੀ ਮੁਤਾਬਕ ਅੱਗ ਲੱਗਣ ਦੀ ਘਟਨਾ ਦੁਪਹਿਰ ਸਾਢੇ 11 ਵਜੇ ਪੰਜਾਬ ਕੈਮੀਕਲ ਐਂਡ ਕਰੋਪ ਪ੍ਰੋਟੈਕਸ਼ਨ ਲਿਮਟਿਡ ਫੈਕਟਰੀ ਦੇ ਏ. ਸੀ. ਐੱਫ. ਪਲਾਂਟ ਦੀ ਪਹਿਲੀ ਮੰਜ਼ਿਲ 'ਤੇ ਵਾਪਰੀ ਹੈ। ਪਲਾਂਟ ਵਿਚ ਇੰਟਰਮੀਡੀਅਟ ਵਿਚ ਅੱਗ ਲੱਗਣ ਤੋਂ ਬਾਅਦ ਇਹ ਅੱਗ ਸਟੋਰੇਜ ਟੈਂਕ ਵਿਚ ਪਹੁੰਚ ਗਈ, ਜਿਸ ਤੋਂ ਬਾਅਦ ਜ਼ੋਰਦਾਰ ਧਮਾਕਾ ਹੋਇਆ। ਡੇਰਾਬੱਸੀ ਫਾਇਰ ਬ੍ਰਿਗੇਡ ਅਫਸਰ ਮਨਜੀਤ ਸਿੰਘ ਨੇ ਦੱਸਿਆ ਕਿ ਡੇਰਾਬੱਸੀ ਦੀਆਂ ਚਾਰ, ਚੰਡੀਗੜ੍ਹ, ਮੋਹਾਲੀ ਤੋਂ ਇਕ-ਇਕ ਗੱਡੀ ਅਤੇ ਦੋ ਗੱਡੀਆਂ ਦੱਪਰ ਤੋਂ ਆਈਆਂ, ਜਿਨ੍ਹਾਂ ਨੇ 3 ਘੰਟਿਆਂ ਬਾਅਦ ਅੱਗ 'ਤੇ ਕਾਬੂ ਪਾਇਆ।

PunjabKesari
ਉਪਰਲੀਆਂ ਮੰਜ਼ਿਲ ਤੋਂ ਵਰਕਰਾਂ ਨੇ ਮਾਰੀਆਂ ਛਾਲਾਂ
ਉਧਰ ਜ਼ਖਮੀ ਹੋਏ ਮੁਕੇਸ਼ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਹਾਦਸੇ ਦੌਰਾਨ ਪਲਾਂਟ ਵਿਚ ਭਾਜੜ ਮਚ ਗਈ। ਧਮਾਕੇ ਤੋਂ ਬਾਅਦ ਫੈਲੀ ਅੱਗ ਕਾਰਣ ਕੁਝ ਵਰਕਰਾਂ ਨੇ ਪਹਿਲੀ ਅਤੇ ਦੂਜੀ ਮੰਜ਼ਿਲ ਤੋਂ ਛਾਲਾਂ ਮਾਰ ਦਿੱਤੀਆਂ, ਜਿਸ ਕਾਰਣ ਉਹ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਡੇਰਾਬੱਸੀ ਦੇ ਇਕ ਪ੍ਰਾਈਵੇਟ ਹਸਪਤਾਲ ਤੋਂ ਬਾਅਦ ਚੰਡੀਗੜ੍ਹ ਦੇ ਸੈਕਟਰ-34 ਹੀਲਿੰਗ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ।

PunjabKesari

ਕਰੋੜਾਂ ਦੇ ਨੁਕਸਾਨ ਦਾ ਦਾਅਵਾ
ਫੈਕਟਰੀ ਪ੍ਰਬੰਧਕ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਸ਼ਾਰਟ ਸਰਕਟ ਕਾਰਣ ਲੱਗੀ ਅੱਗ ਸਟੋਰੇਜ ਟੈਂਕ ਵਿਚ ਜਾ ਪਹੁੰਚੀ, ਜਿਸ ਤੋਂ ਬਾਅਦ ਹਾਦਸਾ ਵਾਪਰਿਆ। ਉਨ੍ਹਾਂ ਦੱਸਿਆ ਕਿ ਅੱਗ ਨਾਲ ਹੋਏ ਨੁਕਸਾਨ ਦਾ ਅੰਦਾਜ਼ਾ ਅੱਗ ਬੁਝਣ ਤੋਂ ਬਾਅਦ ਹੀ ਲਾਇਆ ਜਾ ਸਕਦਾ ਹੈ। ਵੇਖਿਆ ਜਾਏ ਤਾਂ ਅੱਗ ਕਾਰਣ ਪਲਾਂਟ ਪੂਰਾ ਤਬਾਹ ਹੋ ਚੁੱਕਿਆ ਹੈ ਅਤੇ ਨੁਕਸਾਨ ਕਰੋੜਾਂ ਵਿਚ ਹੋਇਆ ਹੈ। ਹਾਦਸੇ ਦੀ ਖ਼ਬਰ ਸੁਣ ਕੇ ਡੇਰਾਬੱਸੀ ਤਹਿਸੀਲਦਾਰ ਨਵਪ੍ਰੀਤ ਸਿੰਘ ਗਿੱਲ, ਜ਼ੀਰਕਪੁਰ ਨਾਇਬ ਤਹਿਸੀਲਦਾਰ ਪਰਮਜੀਤ ਸਿੰਘ, ਡੀ. ਐੱਸ. ਪੀ. ਗੁਰਬਖ਼ਸ਼ ਸਿੰਘ ਡੇਰਾਬੱਸੀ, ਐੱਸ. ਐੱਚ. ਓ. ਸਤਵਿੰਦਰ ਸਿੰਘ ਵੀ ਮੌਕੇ 'ਤੇ ਮੌਜੂਦ ਰਹੇ।

 


author

Babita

Content Editor

Related News