ਕਾਂਗਰਸ ਤੇ ਬਿਜਲੀ ਵਿਭਾਗ ਖਿਲਾਫ ਕੀਤਾ ਪਿੱਟ-ਸਿਆਪਾ

Tuesday, Jul 11, 2017 - 06:02 AM (IST)

ਕਾਂਗਰਸ ਤੇ ਬਿਜਲੀ ਵਿਭਾਗ ਖਿਲਾਫ ਕੀਤਾ ਪਿੱਟ-ਸਿਆਪਾ

ਖਰੜ,   (ਅਮਰਦੀਪ, ਰਣਬੀਰ, ਸ਼ਸ਼ੀ)–  ਬਿਜਲੀ ਤੋਂ ਸਤਾਏ ਹੋਏ ਜ਼ਿਮੀਂਦਾਰਾਂ ਵੱਲੋਂ ਅੱਜ ਕਾਂਗਰਸ ਸਰਕਾਰ ਅਤੇ ਪੰਜਾਬ ਰਾਜ ਪਾਵਰਕਾਮ ਖਿਲਾਫ ਰੋਸ ਧਰਨਾ ਦੇ ਕੇ ਖਰੜ ਬੱਸ ਅੱਡੇ 'ਤੇ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਦਾ ਪਿੱਟ-ਸਿਆਪਾ ਕੀਤਾ ਗਿਆ। ਤਕਰੀਬਨ ਇਕ ਘੰਟਾ ਚੱਕਾ ਜਾਮ ਰਹਿਣ 'ਤੇ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ।  ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਖਰੜ ਬਲਾਕ ਦੇ ਸਰਪ੍ਰਸਤ ਜਸਪਾਲ ਸਿੰਘ ਨਿਆਮੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਹਾਦਰ ਸਿੰਘ ਨਿਆਮੀਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਜ਼ਿਮੀਂਦਾਰਾਂ ਨੂੰ ਫਸਲਾਂ ਲਈ ਪੂਰੀ ਬਿਜਲੀ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਜ਼ਿਮੀਂਦਾਰਾਂ ਨੂੰ ਪੰਜਾਬ ਰਾਜ ਪਾਵਰਕਾਮ ਸਿਟੀ ਦਫਤਰ ਖਰੜ ਦਾ ਘਿਰਾਓ ਕਰਕੇ ਚੱਕਾ ਜਾਮ ਕਰਨਾ ਪਿਆ।  ਉਨ੍ਹਾਂ ਕਿਹਾ ਕਿ ਜ਼ਿਮੀਂਦਾਰਾਂ ਨੂੰ ਫਸਲਾਂ ਲਈ 10 ਘੰਟੇ ਲਗਾਤਾਰ ਬਿਜਲੀ ਦੀ ਸਪਲਾਈ ਮਿਲਣੀ ਚਾਹੀਦੀ ਹੈ ਪਰ ਤਕਰੀਬਨ ਇਕ-ਦੋ ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਹੈ, ਜਿਸ ਕਾਰਨ ਜ਼ਿਮੀਂਦਾਰ ਫਸਲਾਂ ਦੀ ਬਿਜਾਈ ਤੋਂ ਅਸਮਰਥ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋ ਬਡਾਲੀ ਫੀਡਰ ਦੀ ਖਰਾਬੀ ਕਾਰਨ ਪਿੰਡ ਪੋਪਨਾ, ਰੰਗੀਆਂ,  ਚੌਲਟਾ ਖੁਰਦ, ਮਜਾਤੜੀ, ਨਿਆਮੀਆਂ ਅਤੇ ਪਨੂੰਆਂ ਵਿਚ ਬਿਜਲੀ ਦੀ ਸਪਲਾਈ ਪੂਰੀ ਨਹੀਂ ਦਿੱਤੀ ਜਾ ਰਹੀ। ਇਸ ਸਬੰਧੀ ਕਈ ਵਾਰ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਹੈ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਆਖਿਆ ਕਿ ਇਕ ਪਾਸੇ ਤਾਂ ਕਾਂਗਰਸ ਸਰਕਾਰ ਜ਼ਿਮੀਂਦਾਰਾਂ ਨੂੰ ਵਧੇਰੇ ਸਹੂਲਤਾਂ ਦੇਣ ਦੀ ਗੱਲ ਕਰ ਰਹੀ ਹੈ ਪਰ ਫਸਲਾਂ ਦੀ ਬਿਜਾਈ ਲਈ ਪੂਰੀ ਬਿਜਲੀ ਤਾਂ ਦਿੱਤੀ ਨਹੀਂ ਜਾ ਰਹੀ, ਸਰਕਾਰ ਸਹੂਲਤਾਂ ਕੀ ਦੇਵੇਗੀ?
ਇਸ ਮੌਕੇ ਜਸਵੀਰ ਘੋਗਾ, ਬਹਾਦਰ ਸਿੰਘ ਨਿਆਮੀਆਂ, ਹਰਵਿੰਦਰ ਪੋਪਨਾ, ਗੁਰਜੰਟ ਪੋਪਨਾ, ਚੌਧਰੀ ਦਿਲਬਾਗ ਸਿੰਘ ਚੌਲਟਾ ਨੇ ਵੀ ਸੰਬੋਧਨ ਕੀਤਾ। ਧਰਨਾਕਾਰੀਆਂ ਦੇ ਵਧਦੇ ਰੋਸ ਨੂੰ ਦੇਖਦਿਆਂ ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਸਤਨਾਮ ਸਿੰਘ ਨੇ ਜ਼ਿਮੀਂਦਾਰਾਂ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਨਾਲ ਗੱਲਬਾਤ ਕਰਨ ਲਈ ਖਰੜ ਦੇ ਨਾਇਬ ਤਹਿਸੀਲਦਾਰ ਨੂੰ ਮੌਕੇ 'ਤੇ ਸੱਦਿਆ ਪਰ ਕੋਈ ਹੱਲ ਨਾ ਨਿਕਲਣ ਕਾਰਨ ਪ੍ਰਸ਼ਾਸਨ ਵੱਲੋਂ ਪੰਜਾਬ ਰਾਜ ਪਾਵਰਕਾਮ ਦੇ ਕਾਰਜਕਾਰੀ ਇੰਜੀਨੀਅਰ ਸੁਰਿੰਦਰ ਸਿੰਘ ਬੈਂਸ ਅਤੇ ਐੱਸ. ਡੀ. ਓ. ਸਿਟੀ ਸਤਪ੍ਰੀਤ ਸਿੰਘ ਬਾਜਵਾ ਨੂੰ ਬੁਲਾਇਆ ਅਤੇ ਜ਼ਿਮੀਂਦਾਰਾਂ ਨਾਲ ਅਫਸਰਾਂ ਨੇ ਗੱਲਬਾਤ ਕਰਕੇ ਉਨ੍ਹਾਂ ਨੂੰ ਵਿਸ਼ਵਾਸ ਲਿਖਤੀ ਰੂਪ ਵਿਚ ਦਿੱਤਾ ਕਿ ਉਨ੍ਹਾਂ ਨੂੰ ਪੂਰੀ ਬਿਜਲੀ ਦੀ ਸਪਲਾਈ ਦਿੱਤੀ ਜਾਵੇਗੀ, ਜੋ ਬਿਜਲੀ ਦੀ ਸਪਲਾਈ ਘਟੀ ਹੈ ਉਸਨੂੰ ਪੂਰਾ ਕੀਤਾ ਜਾਵੇਗਾ, ਤਾਂ ਜੋ ਜ਼ਿਮੀਂਦਾਰਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਬਿਜਲੀ ਵਿਭਾਗ ਦੇ ਅਫਸਰਾਂ ਵੱਲੋਂ ਦਿੱਤੇ ਲਿਖਤੀ ਹੁਕਮਾਂ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਚੁੱਕਿਆ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਲਿਖਤੀ ਹੁਕਮ ਤੋਂ ਬਾਅਦ ਵੀ ਪਿੰਡਾਂ ਵਿਚ ਬਿਜਲੀ ਦੀ ਸਪਲਾਈ ਪੂਰੀ ਨਾ ਆਈ ਤਾਂ ਜ਼ਿਮੀਂਦਾਰ ਦੋਬਾਰਾ ਚੱਕਾ ਜਾਮ ਕਰਨ ਲਈ ਮਜਬੂਰ ਹੋਣਗੇ ਜਿਸਦੀ ਜ਼ਿੰਮੇਵਾਰੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੀ ਹੋਵੇਗੀ।
ਪਿੰਡਾਂ 'ਚ ਬਿਜਲੀ ਪੂਰੀ ਦਿੱਤੀ ਜਾ ਰਹੀ
ਪੰਜਾਬ ਰਾਜ ਪਾਵਰਕਾਮ ਦਫਤਰ ਸਿਟੀ ਖਰੜ ਦੇ ਐੱਸ. ਡੀ. ਓ. ਸਤਪ੍ਰੀਤ ਸਿੰਘ ਬਾਜਵਾ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਵਿਭਾਗ ਦੇ ਰਿਕਾਰਡ ਅਨੁਸਾਰ ਬਡਾਲੀ ਫੀਡਰ ਤੋਂ ਪਿੰਡਾਂ ਨੂੰ ਪੂਰੀ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਹੈ ਜੇਕਰ ਜ਼ਿਮੀਂਦਾਰ ਵਾਧੂ ਬਿਜਲੀ ਦੀ ਮੰਗ ਕਰਦੇ ਹਨ ਤਾਂ ਉਨ੍ਹਾਂ ਨੂੰ ਵਾਧੂ ਬਿਜਲੀ ਦਿੱਤੀ ਜਾਵੇਗੀ।


Related News