ਸਮਰਾਲਾ ''ਚ ਖ਼ੁਦ ਨੂੰ ਪੱਤਰਕਾਰ ਕਹਿਣ ਵਾਲੇ ਵਿਅਕਤੀ ਨੇ ਬਲੈਕਮੇਲ ਕਰਕੇ ਮੰਗੇ 2 ਲੱਖ, ਮਾਮਲਾ ਦਰਜ

07/16/2021 2:14:55 PM

ਸਮਰਾਲਾ (ਗਰਗ) : ਅੱਜ-ਕੱਲ੍ਹ ਆਪੇ ਬਣੇ ਸ਼ੋਸ਼ਲ ਮੀਡੀਆ ਪੱਤਰਕਾਰਾਂ ਦੇ ਕਾਲੇ ਕਾਰਨਾਮਿਆਂ ਤੋਂ ਜਨਤਾ ਅਤੇ ਸਿਆਸੀ ਪਾਰਟੀਆਂ ਦੇ ਆਗੂ ਕਾਫੀ ਔਖੇ ਵਿਖਾਈ ਦੇ ਰਹੇ ਹਨ। ਫੇਸਬੁੱਕ ਸਮੇਤ ਕਈ ਹੋਰ ਸ਼ੋਸ਼ਲ ਪਲੇਟਫਾਰਮਾਂ ’ਤੇ ਬਹੁਤ ਸਾਰੇ ਅਜਿਹੇ ਲੋਕਾਂ ਵੱਲੋਂ ਨਿਊਜ਼ ਚੈਨਲ ਅਤੇ ਖ਼ਬਰਾਂ ਵਾਲੇ ਪੇਜ਼ ਬਿਨਾਂ ਕਿਸੇ ਸਰਕਾਰੀ ਮਨਜ਼ੂਰੀ ਦੇ ਚਲਾ ਰੱਖੇ ਹਨ ਅਤੇ ਇਹ ਲੋਕ ਖ਼ੁਦ ਨੂੰ ਕਥਿਤ ਤੌਰ ’ਤੇ ਪੱਤਰਕਾਰ ਦੱਸਦੇ ਹੋਏ ਸਮਾਜ ਵਿੱਚ ਗੈਰ-ਕਦਰਾਂ-ਕੀਮਤਾਂ ਵਾਲੀ ਪੀਲੀ ਪੱਤਰਕਾਰੀ ਦੀ ਆੜ ਵਿੱਚ ਬਲੈਕਮੇਲਿੰਗ ਕਰਕੇ ਵੱਡੇ-ਵੱਡੇ ਲੋਕਾਂ, ਕਾਰੋਬਾਰੀਆਂ ਅਤੇ ਸਮਾਜ ਦੇ ਹੋਰ ਇੱਜ਼ਤਦਾਰ ਲੋਕਾਂ ਨੂੰ ਡਰਾ-ਧਮਕਾ ਕੇ ਪੈਸੇ ਇੱਕਠੇ ਕਰਨ ਵਿੱਚ ਜੁੱਟੇ ਹੋਏ ਹਨ।

ਅਜਿਹਾ ਹੀ ਇਕ ਮਾਮਲਾ ਸਮਰਾਲਾ ਵਿਖੇ ਸਾਹਮਣੇ ਆਇਆ ਹੈ, ਜਿਸ ਵਿੱਚ ਇਕ ਫੇਸਬੁੱਕ ਪੱਤਰਕਾਰ ਨੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਸਮਰਾਲਾ ਦੇ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਭਤੀਜੇ ਜਸਵੀਰ ਸਿੰਘ ਢਿੱਲੋਂ ਨੂੰ ਬਲੈਕਮੇਲ ਕਰਦੇ ਹੋਏ 2 ਲੱਖ ਰੁਪਏ ਅਤੇ ਇਕ ਪਲਾਟ ਦੀ ਮੰਗ ਕਰ ਲਈ। ਖ਼ੁਦ ਨੂੰ ਪੱਤਰਕਾਰ ਦੱਸਣ ਵਾਲਾ ਇਹ ਵਿਅਕਤੀ ਫੇਸਬੁੱਕ ’ਤੇ ਆਪਣਾ ਪੇਜ਼ ਚਲਾਉਂਦਾ ਹੈ ਅਤੇ ਇਸ ਨੇ ਇਕ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੰਦੇ ਹੋਏ ਜਸਵੀਰ ਸਿੰਘ ਢਿੱਲੋਂ ਨੂੰ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਸਾਖ ਖ਼ਰਾਬ ਕਰਨ ਦੀ ਆੜ ਵਿੱਚ 2 ਲੱਖ ਰੁਪਏ ਅਤੇ ਇਕ ਪਲਾਟ ਆਪਣੇ ਇਕ ਹੋਰ ਸਾਥੀ ਦੇ ਨਾਂ 'ਤੇ ਕਰਵਾਉਣ ਦੀ ਮੰਗ ਰੱਖੀ।

ਢਿੱਲੋਂ ਨੇ ਇਸ ਵਿਅਕਤੀ ਨੂੰ ਡਰਦੇ ਹੋਏ ਕੁੱਝ ਰੁਪਏ ਦੇ ਵੀ ਦਿੱਤੇ ਪਰ ਬਾਅਦ ਵਿੱਚ ਉਨ੍ਹਾਂ ਇਹ ਸਾਰਾ ਮਾਮਲਾ ਪੁਲਸ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ। ਇਸ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਮਰਾਲਾ ਵਿੱਚ ਇਸ ਕਥਿਤ ਪੱਤਰਕਾਰ ਸਮੇਤ ਉਸ ਦੇ ਦੋ ਹੋਰ ਸਾਥੀਆਂ 'ਤੇ ਪੁਲਸ ਨੇ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਹੈ। ਫਿਲਹਾਲ ਇਹ ਕਥਿਤ ਪੱਤਰਕਾਰ ਅਤੇ ਉਸ ਦੇ ਸਾਥੀ ਆਪਣੀ ਗ੍ਰਿਫ਼ਤਾਰੀ ਤੋਂ ਬਚਣ ਲਈ ਰੂਪੋਸ਼ ਹੋ ਗਏ ਹਨ ਅਤੇ ਪੁਲਸ ਇਨ੍ਹਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕਰ ਰਹੀ ਹੈ।

ਇੱਥੇ ਜ਼ਿਕਰਯੋਗ ਹੈ ਕਿ ਸ਼ੋਸ਼ਲ ਮੀਡੀਆ ’ਤੇ ਨਿਊਜ਼ ਚੈਨਲ ਅਤੇ ਨਿਊਜ਼ ਨਾਲ ਸਬੰਧਿਤ ਕਿਸੇ ਵੀ ਤਰ੍ਹਾਂ ਦੀਆਂ ਗਤੀਵਿਧੀਆਂ ਚਲਾਉਣ ਲਈ ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਸਖ਼ਤ ਨਿਯਮ ਬਣਾਏ ਹਨ ਪਰ ਹਾਲੇ ਵੀ ਅਜਿਹੇ ਵਿਅਕਤੀਆਂ 'ਤੇ ਕੋਈ ਢੁੱਕਵੀਂ ਕਾਰਵਾਈ ਅਮਲ ਵਿੱਚ ਨਾ ਆਉਣ ਕਾਰਨ ਭੀੜ ਦੇ ਰੂਪ ਵਿੱਚ ਫਿਰਦੇ ਇਨ੍ਹਾਂ ਆਪੇ ਬਣੇ ਕਥਿਤ ਪੱਤਰਕਾਰਾਂ ਤੋਂ ਹਰ ਕੋਈ ਦੁਖੀ ਹੈ।


Babita

Content Editor

Related News