ਗੋਰਖਧੰਦਾ : ਸੇਲਜ਼ ਟੈਕਸ ਨੂੰ ਬਣਾਇਆ GST ਪਰ ਟੈਕਸ ਚੋਰੀ ਦੀ ਖੇਡ ਜਾਰੀ

01/25/2021 11:47:20 AM

ਅੰਮ੍ਰਿਤਸਰ (ਨੀਰਜ) : ਦੇਸ਼ ’ਚ ਇਕਸਾਰ ਟੈਕਸ ਲਾਗੂ ਕਰਨ ਅਤੇ ਟੈਕਸ ਦੀ ਚੋਰੀ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੁਲਾਈ 2017 ’ਚ ਸੀ. ਜੀ. ਐੱਸ. ਟੀ. (ਸੈਂਟਰਲ ਗੁਡਸ ਐਂਡ ਸਰਵਿਸ ਟੈਕਸ) ਲਾਗੂ ਕੀਤਾ ਗਿਆ ਸੀ। ਹੈਰਾਨੀ ਇਹ ਹੈ ਕਿ ਜੀ. ਐੱਸ. ਟੀ. ਲਾਗੂ ਹੋਣ ਦੇ ਤਿੰਨ ਸਾਲ ਬਾਅਦ ਟੈਕਸ ਚੋਰੀ ਦੀ ਖੇਡ ਬਾਦਸਤੂਰ ਜਾਰੀ ਹੈ। ਸਰਕਾਰ ਨੇ ਪੁਰਾਣੇ ਸੇਲਜ਼ ਟੈਕਸ ਨੂੰ ਬਦਲਕੇ ਇਸਦਾ ਨਾਂ ਜੀ. ਐੱਸ. ਟੀ. ਕਰ ਦਿੱਤਾ ਅਤੇ ਨਿਯਮਾਂ ’ਚ ਵੀ ਬਦਲਾਅ ਕਰ ਦਿੱਤੇ ਪਰ ਟੈਕਸ ਚੋਰੀ ਦੀ ਖੇਡ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ।

ਹਾਲ ਹੀ ’ਚ ਜੀ. ਐੱਸ. ਟੀ. ਵਿਭਾਗ ਵੱਲੋਂ ਫੜੇ ਗਏ ਬੋਗਸ ਬਿੱਲਰ ਵੱਲੋਂ ਇਸ ਸਬੰਧੀ ਵੱਡੇ ਖ਼ੁਲਾਸੇ ਕੀਤੇ ਜਾ ਰਹੇ ਹਨ, ਜਿਸਨੂੰ ਵੇਖਦੇ ਹੋਏ ਵਿਭਾਗ ਨੇ ਇਕ ਦਰਜਨ ਲੋਕਾਂ ਨੂੰ ਨੋਟਿਸ ਭੇਜੇ, ਜਿਨ੍ਹਾਂ ’ਤੇ ਬੋਗਸ ਬਿੱਲਰ ਹੋਣ ਦਾ ਸ਼ੱਕ ਹੈ। ਇਸ ਤੋਂ ਪਹਿਲਾਂ ਵੀ ਵਿਭਾਗ ਵੱਲੋਂ ਕਈ ਵੱਡੇ ਬੋਗਸ ਬਿੱਲਰਾਂ ਨੂੰ ਫੜਿਆ ਜਾ ਚੁੱਕਿਆ ਹੈ ਪਰ ਰੈਵੀਨਿਊ ਏਜੰਸੀਆਂ ਅਜੇ ਤਕ ਬੋਗਸ ਬਿੱਲਰਾਂ ਦੇ ਕਿੰਗਪਿਨ ਦੇ ਗਲੇ ਤਕ ਨਹੀਂ ਪਹੁੰਚ ਸਕੀਆਂ, ਜਦੋਂਕਿ ਰੇਲਵੇ ਸਟੇਸ਼ਨ ਅਤੇ ਰੋਡ ਦਾ ਬਹੁਚਰਚਿਤ ਟੈਕਸ ਮਾਫੀਆ ਵਿਭਾਗ ਦੇ ਸ਼ਿਕੰਜੇ ਤੋਂ ਬਾਹਰ ਚੱਲ ਰਿਹਾ ਹੈ। ਟੈਕਸ ਮਾਫੀਆ ਦਿੱਲੀ ਤੋਂ ਆਉਣ ਵਾਲੇ ਟਰੱਕਾਂ ਦੇ ਜ਼ਰੀਏ ਬਿਨਾਂ ਬਿੱਲ ਸਾਮਾਨ ਲਿਆ ਰਿਹਾ ਹੈ। ਹਾਲਾਂਕਿ ਇਸ ਸਮੇਂ ਕਿਸਾਨ ਅੰਦੋਲਨ ਚੱਲਣ ਕਾਰਣ ਰੇਲ ਮਾਫੀਆ ਘੱਟ ਜੋਸ਼ੀਲਾ ਹੈ ਪਰ ਰੋਡ ਟਰਾਂਸਪੋਰਟ ਮਾਫੀਆ ਦੋਵਾਂ ਹੱਥਾਂ ਨਾਲ ਚਾਂਦੀ ਕੁੱਟ ਰਿਹਾ ਹੈ।

ਜੀ. ਐੱਸ. ਟੀ. ਲੱਗਣ ਤੋਂ ਪਹਿਲਾਂ ਸੇਲਜ਼ ਟੈਕਸ ਇਕੱਠਾ ਕਰਨ ਲਈ ਰੇਲਵੇ ਸਟੇਸ਼ਨ ਦੇ ਬਾਹਰ ਸੇਲਜ਼ ਟੈਕਸ ਐਂਡ ਐਕਸਾਈਜ਼ ਵਿਭਾਗ ਵੱਲੋਂ ਆਈ. ਸੀ. ਸੀ. (ਇਨਫਰਮੇਸ਼ਨ ਕੁਲੈਕਸ਼ਨ ਸੈਂਟਰ) ਬੈਰੀਅਰ ਬਣਾਇਆ ਗਿਆ ਸੀ ਪਰ ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਇਸ ਬੈਰੀਅਰ ਨੂੰ ਬੰਦ ਕਰ ਦਿੱਤਾ ਗਿਆ। ਇਹ ਉਹ ਬੈਰੀਅਰ ਸੀ, ਜਿਸ ’ਚ ਹਰ ਵਕਤ ਈ. ਟੀ. ਓ., ਇੰਸਪੈਕਟਰ ਅਤੇ ਸੇਲਜ਼ ਟੈਕਸ ਵਿਭਾਗ ਦੇ ਹੋਰ ਕਰਮਚਾਰੀ ਤਾਇਨਾਤ ਰਹਿੰਦੇ ਸਨ ਅਤੇ ਟੈਕਸ ਮਾਫੀਆ ਲਈ ਬਿਨਾਂ ਬਿੱਲ ਸਾਮਾਨ ਕੱਢਣਾ ਸਟੇਸ਼ਨ ਤੋਂ ਆਸਾਨ ਨਹੀਂ ਸੀ ਪਰ ਹੁਣ ਤਾਂ ਆਈ. ਸੀ. ਸੀ. ਬੈਰੀਅਰ ਨਹੀਂ ਬਚਿਆ ਹੈ। ਹਾਲ ਹੀ ’ਚ ਵਿਜੀਲੈਂਸ ਬਿਊਰੋ ਵੱਲੋਂ ਐੱਸ.ਜੀ.ਐੱਸ.ਟੀ. ਵਿਭਾਗ ਦੇ ਦਰਜਨਾਂ ਉੱਚ-ਅਧਿਕਾਰੀਆਂ ਦਾ ਬਹੂ-ਕਰੋੜੀ ਟੈਕਸ ਚੋਰੀ ਦਾ ਸਕੈਂਡਲ ਫੜੇ ਜਾਣ ਤੋਂ ਬਾਅਦ ਇਹ ਸਪੱਸ਼ਟ ਹੋ ਚੁੱਕਿਆ ਹੈ ਕਿ ਟੈਕਸ ਮਾਫੀਆ ਹਰ ਹਾਲਾਤ ’ਚ ਆਪਣੀ ਪਕੜ ਮਜ਼ਬੂਤ ਬਣਾ ਲੈਂਦਾ ਹੈ ।

ਮੰਡੀ ਗੋਬਿੰਦਗੜ੍ਹ ਦੇ ਨਾਲ ਜੁਡ਼ੇ ਹੋਏ ਹਨ ਬੋਗਸ ਬਿੱਲਰਾਂ ਦੇ ਤਾਰ 
ਬੋਗਸ ਬਿੱਲਰਾਂ ਦੇ ਤਾਰ ਲੁਧਿਆਣਾ ਅਤੇ ਜਲੰਧਰ ਦੇ ਨਾਲ-ਨਾਲ ਮੰਡੀ ਗੋਬਿੰਦਗੜ੍ਹ ਨਾਲ ਵੀ ਜੁੜ੍ਹੇ ਹੋਏ ਹਨ ਅਤੇ ਟੈਕਸ ਚੋਰੀ ਕਰਨ ਲਈ ਇਕ ਬਿੱਲ ਨੂੰ ਕਈ ਹੱਥਾਂ ’ਚ ਘੁਮਾਇਆ ਜਾਂਦਾ ਹੈ, ਜਿਸਨੂੰ ਟਰੇਸ ਕਰ ਸਕਣਾ ਵਿਭਾਗ ਦੇ ਅਧਿਕਾਰੀਆਂ ਲਈ ਸੌਖਾਂ ਨਹੀਂ। ਵਿਜੀਲੈਂਸ ਬਿਊਰੋ ਵੱਲੋਂ ਫੜੇ ਗਏ ਟੈਕਸ ਚੋਰੀ ਦੇ ਬਹੂ-ਕਰੋੜੀ ਸਕੈਂਡਲ ਤੋਂ ਬਾਅਦ ਨਵੇਂ ਪਾਸਰਾਂ ਦੀ ਐਂਟਰੀ ਨੇ ਰੈਵੀਨਿਊ ਏਜੰਸੀਆਂ ਲਈ ਸਿਰਦਰਦੀ ਪੈਦਾ ਕੀਤੀ ਹੋਈ ਹੈ ਅਤੇ ਕੋਰੋਨਾ ਕਾਲ ’ਚ ਬੇਰੋਜ਼ਗਾਰ ਹੋ ਚੁੱਕੇ ਲੋਕ ਪਾਸਰ ਬਣਨ ਲਈ ਆਸਾਨੀ ਨਾਲ ਤਿਆਰ ਹੋ ਜਾਂਦੇ ਹਨ।

ਕੇਂਦਰ ਸਰਕਾਰ ਨੇ ਵੀ ਦਿੱਤੇ ਹੋਏ ਹਨ ਸਖ਼ਤ ਕਾਰਵਾਈ ਦੇ ਹੁਕਮ
ਜੀ. ਐੱਸ. ਟੀ. ਲਾਗੂ ਕੀਤੇ ਜਾਣ ਦੇ ਸ਼ੁਰੂਆਤੀ ਦਿਨਾਂ ’ਚ ਦਿੱਤੀ ਗਈ ਢਿੱਲ ਕਾਰਣ ਸਰਕਾਰ ਨੂੰ ਰੈਵੀਨਿਊ ਕੁਲੈਕਸ਼ਨ ’ਚ ਭਾਰੀ ਕਮੀ ਨਜ਼ਰ ਆਈ, ਜਿਸ ਕਾਰਣ ਹੁਣ ਵਿੱਤ ਮੰਤਰਾਲਾ ਨੇ ਵੀ ਸਾਰੇ ਅਧਿਕਾਰੀਆਂ ਨੂੰ ਟੈਕਸ ਚੋਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ ਅਤੇ ਰੈਵੀਨਿਊ ਕੁਲੈਕਸ਼ਨ ਵਧਾਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ ।

ਇੱਥੇ ਐੱਸ. ਜੀ. ਐੱਸ. ਟੀ. ਅਤੇ ਜੀ. ਐੱਸ. ਟੀ. ’ਚ ਫਰਕ ਦੱਸਦੇ ਚੱਲੀਏ ਕਿ ਜੀ. ਐੱਸ. ਟੀ. ਲਾਗੂ ਕੀਤੇ ਜਾਣ ਤੋਂ ਬਾਅਦ, ਜੋ ਟੈਕਸ ਸੂਬਾ ਸਰਕਾਰ ਨੂੰ ਜਾਂਦਾ ਹੈ ਉਸਨੂੰ ਐੱਸ. ਜੀ. ਐੱਸ. ਟੀ. (ਸਟੇਟ ਗੁਡਸ ਐਂਡ ਸਰਵਿਸ ਟੈਕਸ ) ਕਿਹਾ ਜਾਂਦਾ ਹੈ। ਵਸੂਲ ਕੀਤੇ ਗਏ ਟੈਕਸ ਦਾ 50 ਫ਼ੀਸਦੀ ਜੀ. ਐੱਸ. ਟੀ. (ਸੈਂਟਰਲ ਗੁਡਸ ਐਂਡ ਸਰਵਿਸ ਟੈਕਸ) ਵਿਭਾਗ ਨੂੰ ਦਿੱਤਾ ਜਾਂਦਾ ਹੈ, ਜੋ ਸੂਬਾ ਅਤੇ ਕੇਂਦਰ ਸਰਕਾਰ ’ਚ ਅੱਧਾ-ਅੱਧਾ ਟੈਕਸ ਵੰਡਿਆ ਜਾਂਦਾ ਹੈ।

ਜੀ.ਐੱਸ.ਟੀ. ਵਿਭਾਗ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਇਸ ਵਿਭਾਗ ਦਾ ਨਾਂ ਸੈਂਟਰਲ ਐਕਸਾਈਜ਼ ਐਂਡ ਸਰਵਿਸ ਟੈਕਸ ਵਿਭਾਗ ਸੀ ਪਰ ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਇਸ ਵਿਭਾਗ ਨੂੰ ਕਸਟਮ ਵਿਭਾਗ ਤੋਂ ਬਿੱਲਕੁਲ ਵੱਖ ਕਰ ਦਿੱਤਾ ਗਿਆ ਅਤੇ ਸਿਰਫ ਜੀ. ਐੱਸ. ਟੀ. ਵਿਭਾਗ ਹੀ ਨਾਂ ਰੱਖਿਆ ਗਿਆ ਹੈ। ਕੇਂਦਰ ਅਤੇ ਸੂਬਾ ਸਰਕਾਰ ਦੇ ਵਿਭਾਗ ਕੋਲ ਕਰਦਾਤਾਵਾਂ ਨੂੰ ਅੱਧਾ-ਅੱਧਾ ਵੰਡ ਦਿੱਤਾ ਗਿਆ ਹੈ ਅਤੇ ਇਸ ’ਚ ਡੇਢ ਕਰੋੜ ਰੁਪਏ ਤੋਂ ਉੱਪਰ ਦੀ ਰਿਟਰਨ ਭਰਨ ਵਾਲੇ 50 ਫ਼ੀਸਦੀ ਕਰਦਾਤਾ ਸੂਬਾ ਸਰਕਾਰ ਦੇ ਐੱਸ. ਜੀ. ਐੱਸ. ਟੀ. ਵਿਭਾਗ ਨੂੰ ਦੇ ਦਿੱਤੇ ਗਏ। 50 ਫ਼ੀਸਦੀ ਕਰਦਾਤਾ ਜੀ. ਐੱਸ. ਟੀ. (ਸੈਂਟਰਲ ਗੁਡਸ ਐਂਡ ਸਰਵਿਸ ਟੈਕਸ) ਵਿਭਾਗ ਨੂੰ ਦੇ ਦਿੱਤੇ ਗਏ, ਜਦੋਂਕਿ ਡੇਢ ਕਰੋੜ ਤੋਂ ਹੇਠਾਂ ਵਾਲੀ ਸ਼੍ਰੇਣੀ ’ਚ ਰਿਟਰਨ ਭਰਨੇ ਵਾਲੇ 90 ਫ਼ੀਸਦੀ ਕਰਦਾਤਾ ਸੂਬਾ ਸਰਕਾਰ ਦੇ ਐੱਸ. ਜੀ. ਐੱਸ. ਟੀ. ਵਿਭਾਗ ਨੂੰ ਦੇ ਦਿੱਤੇ ਗਏ। ਇਸ ਸ਼੍ਰੇਣੀ ਦੇ ਸਿਰਫ਼ 10 ਫ਼ੀਸਦੀ ਕਰਦਾਤਾ ਕੇਂਦਰ ਸਰਕਾਰ ਦੇ ਜੀ. ਐੱਸ. ਟੀ. ਵਿਭਾਗ ਦੇ ਹਿੱਸੇ ਆਏ।

ਇੰਟੈਲੀਜੈਂਸ ਵਿੰਗ ਕੋਲ ਤਜ਼ਰਬੇਕਾਰ ਅਧਿਕਾਰੀ 
ਜੀ. ਐੱਸ. ਟੀ. ਅਤੇ ਡਾਇਰੈਕਟਰ ਜਨਰਲ ਆਫ ਜੀ.ਐੱਸ.ਟੀ. ਇੰਟੈਲੀਜੈਂਸ ਵਿੰਗ ਦੀ ਗੱਲ ਕਰੀਏ ਤਾਂ ਇਨ੍ਹਾਂ ਵਿਭਾਗਾਂ ’ਚ ਤਜ਼ਰਬੇਕਾਰ ਅਧਿਕਾਰੀਆਂ ਦੀ ਕੋਈ ਕਮੀ ਨਹੀਂ ਹੈ। ਵਿਭਾਗ ਦੇ ਅਧਿਕਾਰੀ ਟੈਕਸ ਚੋਰੀ ਦੀ ਚੇਨ ਨੂੰ ਟਰੇਸ ਕਰਨ ਲਈ ਕਾਫ਼ੀ ਮਿਹਨਤ ਵੀ ਕਰ ਰਹੇ ਹਨ ਅਤੇ ਮੁਖ਼ਬਰਾਂ ਤੋਂ ਵੀ ਜਾਣਕਾਰੀ ਹਾਸਲ ਕਰ ਰਹੇ ਹਨ ।

ਆਉਣ ਵਾਲੇ ਦਿਨਾਂ ’ਚ ਹੋ ਸਕਦੀ ਹੈ ਵੱਡੀ ਕਾਰਵਾਈ 
ਬੋਗਸ ਬਿੱਲਰਾਂ ਦੀ ਚੇਨ ਟਰੇਸ ਕਰਨ ਲਈ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ’ਚ ਵੱਡੀ ਕਾਰਵਾਈ ਕੀਤੇ ਜਾਣ ਦੀ ਪੂਰੀ ਸੰਭਾਵਨਾ ਹੈ, ਕਿਉਂਕਿ ਫੜੇ ਗਏ ਬੋਗਸ ਬਿੱਲਰ ਕਈ ਵੱਡੇ ਖੁਲਾਸੇ ਕਰ ਰਹੇ ਹਨ, ਜਿਸਦੇ ਖ਼ਿਲਾਫ਼ ਵਿਭਾਗ ਦੇ ਅਧਿਕਾਰੀਆਂ ਨੇ ਇਕ ਮਜ਼ਬੂਤ ਰਣਨੀਤੀ ਤਿਆਰ ਕੀਤੀ ਹੈ। ਜੀ. ਐੱਸ. ਟੀ. ਵਿਭਾਗ ’ਤੇ ਸਥਾਨਕ ਆਗੂਆਂ ਦਾ ਵੀ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਹੁੰਦਾ ਹੈ। ਉਂਝ ਵੀ ਕੇਂਦਰੀ ਵਿੱਤ ਮੰਤਰੀ ਵੱਲੋਂ ਵਿਭਾਗ ਦੇ ਅਧਿਕਾਰੀਆਂ ਨੂੰ ਸਪੱਸ਼ਟ ਹੁਕਮ ਹਨ ਕਿ ਉਹ ਟੈਕਸ ਚੋਰੀ ਰੋਕਣ ਦੇ ਮਾਮਲੇ ’ਚ ਕਿਸੇ ਤਰ੍ਹਾਂ ਦੀ ਢਿੱਲ ਨਾ ਵਰਤਣ ਅਤੇ ਕਾਨੂੰਨ ਅਨੁਸਾਰ ਕਾਰਵਾਈ ਕਰਨ ।

ਰਾਤ ਨੂੰ ਸੜਕਾਂ ਦੇ ਰਸਤੇ ਲੱਖਾਂ ਦੀ ਟੈਕਸ ਚੋਰੀ ਕਰਦਾ ਹੈ ਸਕਰੈਪ ਮਾਫੀਆ 
ਰੇਲਵੇ ਸਟੇਸ਼ਨ ਦੇ ਟੈਕਸ ਮਾਫੀਆ ਵਾਂਗ ਸਕਰੈਪ ਮਾਫੀਆ ਵੀ ਕਿਸੇ ਤੋਂ ਘੱਟ ਨਹੀਂ ਹੈ। ਸੂਤਰਾਂ ਅਨੁਸਾਰ ਕੁਝ ਸਕਰੈਪ ਵਿਕ੍ਰੇਤਾ ਰਾਤ ਦੇ ਸਮੇਂ ਭਾਰੀ ਮਾਤਰਾ ’ਚ ਸਕਰੈਪ ਦੇ ਟਰੱਕ ਕੱਢ ਰਹੇ ਹਨ ਅਤੇ ਲੱਖਾਂ ਰੁਪਏ ਦੀ ਟੈਕਸ ਚੋਰੀ ਕਰ ਰਹੇ ਹਨ। ਇਸ ਮਾਮਲੇ ’ਚ ਪਾਸਰ, ਜੋ ਇਨ੍ਹਾਂ ਟਰੱਕਾਂ ਨੂੰ ਬਿਨਾਂ ਕਿਸੇ ਖਤਰੇ ਦੇ ਟੀਚੇ ਤਕ ਪਹੁੰਚਾਉਣ ਦੀ ਕੀਮਤ ਲੈਂਦੇ ਹਨ, ਵਿਚੋਲੀਏ ਦਾ ਕੰਮ ਕਰ ਰਹੇ ਹਨ, ਜਿਨ੍ਹਾਂ ਦੀ ਇਨਫਰਮੇਸ਼ਨ ਪ੍ਰੀਵੈਂਟਿਵ ਵਿੰਗ ਵੱਲੋਂ ਇੱਕਠੀ ਕੀਤੀ ਜਾ ਰਹੀ ਹੈ ।


rajwinder kaur

Content Editor

Related News