ਪ੍ਰੇਮੀ ਵਲੋਂ ਬਲੈਕਮੇਲ ਦੀ ਧਮਕੀ ਦੇਣ ’ਤੇ ਕੁੜੀ ਨੇ ਪੀਤੀ ਜ਼ਹਿਰੀਲੀ ਦਵਾਈ
Friday, Jun 03, 2022 - 06:02 PM (IST)
ਮੋਗਾ (ਅਜ਼ਾਦ) : ਮੋਗਾ ਜ਼ਿਲ੍ਹੇ ਦੇ ਇਕ ਪਿੰਡ ਦੀ ਰਹਿਣ ਵਾਲੀ 20 ਸਾਲਾ ਲੜਕੀ ਨੇ ਆਪਣੇ ਕਥਿਤ ਪ੍ਰੇਮੀ ਵਲੋਂ ਬਲੈਕਮੇਲ ਕਰਨ ਦੀ ਧਮਕੀ ਦੇ ਕੇ ਜ਼ਹਿਰੀਲੀ ਦਵਾਈ ਪੀ ਲਈ, ਜਿਸ ਨੂੰ ਬੇਹੋਸ਼ੀ ਦੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਉਣਾ ਪਿਆ। ਪੁਲਸ ਵਲੋਂ ਕਥਿਤ ਦੋਸ਼ੀ ਬਲਵਿੰਦਰ ਸਿੰਘ ਉਰਫ ਗਵੱਈਆ ਖਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪੀੜਤ ਲੜਕੀ ਨੇ ਕਿਹਾ ਕਿ ਕਰੀਬ 7-8 ਮਹੀਨੇ ਪਹਿਲਾਂ ਉਸਦੀ ਇੰਸਟਾਗ੍ਰਾਮ ਰਾਹੀਂ ਬਲਵਿੰਦਰ ਸਿੰਘ ਨਾਲ ਮਿੱਤਰਤਾ ਹੋਈ ਸੀ, ਜਿਸ ਉਪਰੰਤ ਉਹ ਦੋਵੇਂ ਗੱਲਬਾਤ ਕਰਨ ਲੱਗ ਪਏ ਅਤੇ ਇਸ ਦੌਰਾਨ ਹੀ ਸਾਡੇ ਆਪਸੀ ਸਬੰਧ ਵੀ ਬਣ ਗਏ।
ਪੀੜਤਾ ਨੇ ਦੋਸ਼ ਲਾਇਆ ਕਿ ਬਾਅਦ ਵਿਚ ਕਥਿਤ ਦੋਸ਼ੀ ਉਸ ਨੂੰ ਬਲੈਕਮੇਲ ਕਰਨ ਲੱਗ ਪਿਆ ਅਤੇ ਮੇਰੀ ਮਰਜ਼ੀ ਦੇ ਬਿਨਾਂ ਵੀ ਮੇਰੇ ਨਾਲ ਕਈ ਵਾਰ ਜਬਰ-ਜ਼ਿਨਾਹ ਕੀਤਾ। ਉਸਨੇ ਕਿਹਾ ਕਿ ਮੈਨੂੰ ਇਨਾਂ ਮਜ਼ਬੂਰ ਕਰ ਦਿੱਤਾ ਕਿ ਮੈਨੂੰ ਤੰਗ ਆ ਕੇ ਜ਼ਹਿਰੀਲੀ ਦਵਾਈ ਪੀਣੀ ਪਈ ਕਿਉਂਕਿ ਬਲਵਿੰਦਰ ਸਿੰਘ ਮੈਨੂੰ ਵਾਰ-ਵਾਰ ਧਮਕੀਆਂ ਦੇ ਰਿਹਾ ਸੀ ਕਿ ਤੇਰੀਆਂ ਫੋਟੋਆਂ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦੇਵਾਂਗਾ, ਜਿਸ ’ਤੇ ਮੈਂ ਘਰ ਵਿਚ ਹੀ ਪਈ ਜ਼ਹਿਰੀਲੀ ਦਵਾਈ ਆਪਣੇ ਕਥਿਤ ਪ੍ਰੇਮੀ ਤੋਂ ਤੰਗ ਆ ਕੇ ਪੀ ਲਈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਮਨਪ੍ਰੀਤ ਕੌਰ ਵਲੋਂ ਕੀਤੀ ਜਾ ਰਹੀ ਹੈ। ਗ੍ਰਿਫਤਾਰੀ ਬਾਕੀ ਹੈ।