ਵੱਡੀ ਖ਼ਬਰ : ਚੰਡੀਗੜ੍ਹ ''ਚ ''ਬਲੈਕ ਆਊਟ'' ਕਾਰਨ ਮਚੀ ਤੜਥੱਲੀ, ਬਿਜਲੀ ਮਗਰੋਂ ਪਾਣੀ ਤੋਂ ਵੀ ਔਖੋ ਹੋਏ ਲੋਕ

Wednesday, Feb 23, 2022 - 09:03 AM (IST)

ਵੱਡੀ ਖ਼ਬਰ : ਚੰਡੀਗੜ੍ਹ ''ਚ ''ਬਲੈਕ ਆਊਟ'' ਕਾਰਨ ਮਚੀ ਤੜਥੱਲੀ, ਬਿਜਲੀ ਮਗਰੋਂ ਪਾਣੀ ਤੋਂ ਵੀ ਔਖੋ ਹੋਏ ਲੋਕ

ਚੰਡੀਗੜ੍ਹ (ਵਿਜੇ) : ਨਿੱਜੀਕਰਨ ਖ਼ਿਲਾਫ਼ ਬਿਜਲੀ ਮੁਲਾਜ਼ਮਾਂ ਦੀ ਤਿੰਨ ਦਿਨਾਂ ਹੜਤਾਲ ਦੇ ਪਹਿਲੇ ਦਿਨ ਚੰਡੀਗੜ੍ਹ ਦੇ ਸਾਰੇ ਹਿੱਸਿਆਂ ਵਿਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਰਹੀ। ਮੁਲਾਜ਼ਮਾਂ ਵੱਲੋਂ ਪਹਿਲਾਂ ਤੋਂ ਹੀ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਸੀ, ਜਿਸ ਦੀ ਜਾਣਕਾਰੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਸੀ ਪਰ ਕੋਈ ਠੋਸ ਕਦਮ ਨਹੀਂ ਚੁੱਕੇ ਗਏ, ਜਿਸ ਦਾ ਖਮਿਆਜ਼ਾ ਮੰਗਲਵਾਰ ਨੂੰ ਸ਼ਹਿਰ ਵਾਸੀਆਂ ਨੇ ਭੁਗਤਿਆ। ਸੋਮਵਾਰ ਰਾਤ 12 ਵਜੇ ਤੋਂ ਹੀ ਹੜਤਾਲ ਦੀ ਸ਼ੁਰੂਆਤ ਹੋ ਗਈ। ਫਿਰ ਇਕ ਤੋਂ ਬਾਅਦ ਦੂਜੇ ਸੈਕਟਰ ਦੀ ਬਿਜਲੀ ਸਪਲਾਈ ਵੀ ਠੱਪ ਹੁੰਦੀ ਰਹੀ। ਆਲਮ ਇਹ ਰਿਹਾ ਕਿ ਮੰਗਲਵਾਰ ਸਵੇਰੇ 6 ਵਜੇ ਤੱਕ ਸੈਕਟਰ-22, 27, 34, 35, 37, 38 (ਵੈਸਟ), 44, 45, 46, 42, 49, 52, 53, 46, 41, 50 ਅਤੇ 63 ਸਮੇਤ ਮਨੀਮਾਜਰਾ, ਮੌਲੀਜਾਗਰਾਂ, ਵਿਕਾਸ ਨਗਰ ਅਤੇ ਕਿਸ਼ਨਗੜ੍ਹ ਦੇ ਨਾਲ-ਨਾਲ ਕਈ ਹੋਰ ਸੈਕਟਰਾਂ ਅਤੇ ਪਿੰਡਾਂ ਵਿਚ ਬਿਜਲੀ ਦੀ ਸਪਲਾਈ ਬੰਦ ਹੋ ਗਈ, ਜਦੋਂ ਕਿ ਦੂਜੇ ਪਾਸੇ ਪ੍ਰਸ਼ਾਸਨਿਕ ਅਧਿਕਾਰੀ ਮੂਕ ਦਰਸ਼ਕ ਬਣੇ ਰਹੇ। ਇਸ ਤੋਂ ਬਾਅਦ ਹੋਰ ਸੈਕਟਰਾਂ ਤੋਂ ਵੀ ਲੋਕਾਂ ਦੀਆਂ ਸ਼ਿਕਾਇਤਾਂ ਪਹੁੰਚਣ ਲੱਗੀਆਂ। ਵੇਖਦਿਆਂ ਹੀ ਵੇਖਦਿਆਂ ਕੁੱਝ ਵੀ. ਆਈ. ਪੀ. ਸੈਕਟਰਾਂ ਨੂੰ ਛੱਡ ਕੇ ਬਾਕੀ ਦਾ ਪੂਰਾ ਸ਼ਹਿਰ ਬਿਜਲੀ ਵਰਗੀ ਜ਼ਰੂਰੀ ਸਹੂਲਤ ਤੋਂ ਵਾਂਝਾ ਹੋ ਗਿਆ। ਲੋਕਾਂ ਨੇ ਸਵਾਲ ਵੀ ਚੁੱਕੇ ਕਿ ਅਧਿਕਾਰੀਆਂ ਦੇ ਸੈਕਟਰਾਂ ਵਿਚ ਸਪਲਾਈ ਰੁਕੀ ਕਿਉਂ ਨਹੀਂ ਹੋਈ?

ਇਹ ਵੀ ਪੜ੍ਹੋ : ਵੱਡੀ ਖ਼ਬਰ : ਚੰਡੀਗੜ੍ਹ 'ਚ ਬਲੈਕ ਆਊਟ ਦਾ ਖ਼ਤਰਾ! ਕਈ ਸੈਕਟਰਾਂ 'ਚ ਗੁੱਲ ਹੋਈ ਬਿਜਲੀ
ਸਾਰੇ ਵਰਗਾਂ ਦੇ ਖ਼ਪਤਕਾਰਾਂ ’ਤੇ ਪਈ ਮਾਰ
ਘਰੇਲੂ ਖ਼ਪਤਕਾਰਾਂ ਸਮੇਤ ਇੰਡਸਟਰੀਅਲ ਅਤੇ ਕਮਰਸ਼ੀਅਲ ਸ਼੍ਰੇਣੀਆਂ ਦੇ ਖ਼ਪਤਕਾਰਾਂ ’ਤੇ ਵੀ ਇਸ ਹੜਤਾਲ ਦੀ ਮਾਰ ਪਈ। ਘਰ, ਦੁਕਾਨਾਂ ਅਤੇ ਇੰਡਸਟਰੀਜ਼ ਹੀ ਨਹੀਂ ਸਗੋਂ ਸੜਕਾਂ ’ਤੇ ਵੀ ਇਸ ਹੜਤਾਲ ਦਾ ਅਸਰ ਦਿਸਿਆ। ਸਾਰੀਆਂ ਸੜਕਾਂ ’ਤੇ ਟ੍ਰੈਫਿਕ ਲਾਈਟਾਂ ਨਹੀਂ ਚੱਲ ਸਕੀਆਂ। ਇਹੀ ਨਹੀਂ, ਬੱਚਿਆਂ ਨੂੰ ਆਨਲਾਈਨ ਕਲਾਸਾਂ ਤੋਂ ਵੀ ਵਾਂਝੇ ਰਹਿਣਾ ਪਿਆ। ਡਿਸਪੈਂਸਰੀਆਂ ਅਤੇ ਹਸਪਤਾਲਾਂ ਦੇ ਕੰਮ ਰੁਕ ਗਏ। ਬਿਜਲੀ ਨਾ ਹੋਣ ਕਾਰਨ ਉਪਰਲੀ ਮੰਜ਼ਿਲ ਵਿਚ ਰਹਿਣ ਵਾਲੇ ਲੋਕਾਂ ਨੂੰ ਪਾਣੀ ਦੀ ਕਿੱਲਤ ਵੀ ਝੱਲਣੀ ਪਈ। ਮੁਲਾਜ਼ਮਾਂ ਦੀ ਇਸ ਹੜਤਾਲ ਨੂੰ ਵੱਖ-ਵੱਖ ਰਾਸ਼ਟਰੀ ਅਤੇ ਰਾਜ ਪੱਧਰੀ ਮੁਲਾਜ਼ਮ ਸੰਗਠਨਾਂ, ਸਿਆਸੀ ਪਾਰਟੀਆਂ ਅਤੇ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨਾਂ ਦਾ ਵੀ ਸਮਰਥਨ ਮਿਲਿਆ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਸਰਕਾਰ ਜਿਸ ਮਰਜ਼ੀ ਪਾਰਟੀ ਦੀ ਬਣੇ, ਇਸ ਖੇਤਰ ਤੋਂ ਹੋਵੇਗਾ ਅਗਲਾ 'ਮੁੱਖ ਮੰਤਰੀ'
ਐਡਵਾਇਜ਼ਰੀ ਕੌਂਸਲ ਦੀ ਮੀਟਿੰਗ ’ਚ ਨਹੀਂ ਹੋਇਆ ਹੜਤਾਲ ਦਾ ਜ਼ਿਕਰ
ਇਕ ਪਾਸੇ ਮੁਲਾਜ਼ਮ ਹੜਤਾਲ ’ਤੇ ਰਹੇ ਤਾਂ ਦੂਜੇ ਪਾਸੇ ਅਧਿਕਾਰੀ ਮੀਟਿੰਗ ਵਿਚ ਮਸ਼ਰੂਫ ਹੋ ਗਏ। ਜਦੋਂ ਸ਼ਿਕਾਇਤ ਕੇਂਦਰਾਂ ਤੋਂ ਨਿਰਾਸ਼ਾ ਮਿਲੀ ਤਾਂ ਲੋਕਾਂ ਨੇ ਐੱਸ. ਡੀ. ਓ., ਸੁਪਰੀਡੈਂਟ ਇੰਜੀਨੀਅਰ, ਚੀਫ ਇੰਜੀਨੀਅਰ ਅਤੇ ਐਡਵਾਈਜ਼ਰ ਤਕ ਦੇ ਫੋਨ ਘੁੰਮਾਏ ਗਏ ਪਰ ਕਿਤੋਂ ਵੀ ਕੋਈ ਹੁੰਗਾਰਾ ਨਹੀਂ ਮਿਲਿਆ। ਕਿਸੇ ਅਧਿਕਾਰੀ ਨੇ ਫੋਨ ਨਾ ਚੁੱਕਿਆ ਤਾਂ ਕਿਸੇ ਨੇ ਭਰੋਸਾ ਦਿੱਤਾ ਕਿ ਛੇਤੀ ਹੀ ਪਰੇਸ਼ਾਨੀ ਦੂਰੀ ਹੋਵੇਗੀ ਪਰ ਪੂਰਾ ਦਿਨ ਲੋਕਾਂ ਨੂੰ ਬਿਨਾਂ ਬਿਜਲੀ ਦੇ ਗੁਜ਼ਾਰਨਾ ਪਿਆ। ਖ਼ਾਸ ਗੱਲ ਇਹ ਹੈ ਕਿ ਜਦੋਂ ਲੋਕ ਬਿਜਲੀ ਦੀ ਪਰੇਸ਼ਾਨੀ ਝੱਲ ਰਹੇ ਸਨ ਤਾਂ ਦੂਜੇ ਪਾਸੇ ਅਧਿਕਾਰੀ ਹੋਟਲ ਮਾਊਂਟਵਿਊ ਵਿਚ ਐਡਵਾਈਜ਼ਰੀ ਕੌਂਸਲ ਦੀ ਮੀਟਿੰਗ ਵਿਚ ਮਸ਼ਰੂਫ ਸਨ। ਮੀਟਿੰਗ ਵਿਚ ਵੱਖ-ਵੱਖ ਪ੍ਰਾਜੈਕਟਾਂ ’ਤੇ ਚਰਚਾ ਚੱਲਦੀ ਰਹੀ ਪਰ ਮੌਜੂਦਾ ਸਮੇਂ ਵਿਚ ਸੰਕਟ ਨਾਲ ਜੂਝ ਰਹੀ ਇਸ ਸਮੱਸਿਆ ’ਤੇ ਕਿਸੇ ਨੇ ਗੰਭੀਰਤਾ ਨਾਲ ਵਿਚਾਰ ਨਹੀਂ ਕੀਤਾ।
ਨਹੀਂ ਕੰਮ ਆਏ ਹੈਲਪਲਾਈਨ ਨੰਬਰ
ਸ਼ਾਇਦ ਪ੍ਰਸ਼ਾਸਨ ਨੂੰ ਵੀ ਇਸ ਗੱਲ ਦੀ ਜਾਣਕਾਰੀ ਸੀ ਕਿ ਹੜਤਾਲ ਸ਼ੁਰੂ ਹੁੰਦਿਆਂ ਹੀ ਇਸ ਤਰ੍ਹਾਂ ਦੀ ਸਥਿਤੀ ਸ਼ਹਿਰ ਵਿਚ ਹੋਵੇਗੀ। ਇਹੀ ਕਾਰਨ ਸੀ ਕਿ ਪ੍ਰਸ਼ਾਸਨ ਨੇ ਪਹਿਲਾਂ ਹੀ ਹੈਲਪਲਾਈਨ ਨੰਬਰ ਜਾਰੀ ਕਰ ਦਿੱਤੇ ਸਨ। ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਹੈਲਪਲਾਈਨ ਦੀ ਮਦਦ ਨਾਲ ਲੋਕਾਂ ਨੂੰ ਬਿਜਲੀ ਦੀ ਸਮੱਸਿਆ ਨਾਲ ਨਹੀਂ ਜੂਝਣਾ ਹੋਵੇਗਾ ਪਰ ਜਿਉਂ ਹੀ ਲੋਕਾਂ ਨੇ ਇਸ ਹੈਲਪਲਾਈਨ ਨੰਬਰਾਂ ’ਤੇ ਕਾਲ ਕਰਨੀ ਸ਼ੁਰੂ ਕੀਤੀ ਤਾਂ ਇਹੀ ਜਵਾਬ ਮਿਲਦਾ ਰਿਹਾ ਕਿ ਮੁਲਾਜ਼ਮ ਹੜਤਾਲ ’ਤੇ ਹਨ, ਇਸ ਲਈ ਜਦੋਂ ਤਕ ਉਹ ਕੰਮ ’ਤੇ ਨਹੀਂ ਪਰਤਦੇ , ਉਦੋਂ ਤੱਕ ਕੁੱਝ ਨਹੀਂ ਕੀਤਾ ਜਾ ਸਕਦਾ।       

ਇਹ ਵੀ ਪੜ੍ਹੋ : ਨੌਜਵਾਨ ਨੇ 10ਵੀਂ 'ਚ ਪੜ੍ਹਦੀ ਨਾਬਾਲਗ ਨਾਲ ਹੋਟਲ 'ਚ ਮਿਟਾਈ ਹਵਸ, ਜਬਰ-ਜ਼ਿਨਾਹ ਮਗਰੋਂ ਕੀਤਾ ਘਟੀਆ ਕਾਰਾ
ਪ੍ਰਸ਼ਾਸਨ ਨੇ 6 ਮਹੀਨਿਆਂ ਲਈ ਲਾਈ ਹੜਤਾਲ ’ਤੇ ਰੋਕ
ਬਿਜਲੀ ਦੀ ਕਿੱਲਤ ਨਾਲ ਜਦੋਂ ਪੂਰੇ ਸ਼ਹਿਰ ਦੇ ਲੋਕ ਪ੍ਰਭਾਵਿਤ ਹੋ ਚੁੱਕੇ ਸਨ ਤਾਂ ਦੇਰ ਸ਼ਾਮ ਚੰਡੀਗੜ੍ਹ ਪ੍ਰਸ਼ਾਸਨ ਨੇ ਆਰਡਰ ਜਾਰੀ ਕਰਦਿਆਂ ਇੰਜੀਨੀਅਰਿੰਗ ਵਿਭਾਗ (ਇਲੈਕਟ੍ਰੀਸਿਟੀ ਵਿੰਗ) ’ਤੇ 6 ਮਹੀਨਿਆਂ ਲਈ ਹੜਤਾਲ ’ਤੇ ਰੋਕ ਲਾ ਦਿੱਤੀ। ਐਡਵਾਈਜ਼ਰ ਧਰਮਪਾਲ ਵੱਲੋਂ ਜਾਰੀ ਹੁਕਮ ਅਨੁਸਾਰ ਇਲੈਕਟ੍ਰੀਸਿਟੀ ਵਿੰਗ ਦਾ ਕੋਈ ਵੀ ਮੁਲਾਜ਼ਮ ਹੜਤਾਲ ਵਿਚ ਹਿੱਸਾ ਨਹੀਂ ਲੈ ਸਕਦਾ ਹੈ। ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਬਿਜਲੀ ਦਾ ਡਿਸਟ੍ਰੀਬਿਊਸ਼ਨ, ਟਰਾਂਸਮਿਸ਼ਨ, ਆਪ੍ਰੇਸ਼ਨ ਅਤੇ ਸਪਲਾਈ ਦੀ ਮੇਂਟੀਨੈਂਸ ਜ਼ਰੂਰੀ ਸੇਵਾਵਾਂ ਵਿਚ ਆਉਂਦੀ ਹੈ। ਇਸ ਲਈ ਲੋਕਾਂ ਦੀਆਂ ਸਹੂਲਤਾਂ ਨੂੰ ਵੇਖਦਿਆਂ ਮੁਲਾਜ਼ਮਾਂ ’ਤੇ ਇਹ ਰੋਕ ਲਾਈ ਗਈ ਹੈ। ਉੱਥੇ ਹੀ ਇਲੈਕਟ੍ਰੀਸਿਟੀ ਇੰਪਲਾਈਜ਼ ਫੈੱਡਰੇਸ਼ਨ ਆਫ਼ ਇੰਡੀਆ ਦੇ ਰਾਸ਼ਟਰੀ ਉੱਪ-ਪ੍ਰਧਾਨ ਸੁਭਾਸ਼ ਲਾਂਬਾ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਲਾਈ ਗਈ ਰੋਕ ਦਾ ਹੜਤਾਲ ’ਤੇ ਕੋਈ ਅਸਰ ਨਹੀਂ ਪਵੇਗਾ। ਤਿੰਨ ਦਿਨਾਂ ਦੀ ਹੜਤਾਲ ਜਾਰੀ ਰਹੇਗੀ।
ਇੰਡਸਟ੍ਰੀਅਲ ਏਰੀਆ ਦੇ 90 ਫ਼ੀਸਦੀ ਹਿੱਸੇ ’ਚ ਬਿਜਲੀ ਰਹੀ ਗੁੱਲ
ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਇੰਡਸਟ੍ਰੀਅਲਿਸਟ ਨੂੰ ਕਾਫ਼ੀ ਨੁਕਸਾਨ ਝੱਲਣਾ ਪਿਆ। ਇੰਡਸਟ੍ਰੀਅਲ ਏਰੀਆ ਦੇ ਫੇਜ਼-1 ਅਤੇ 2 ਦੇ 90 ਫ਼ੀਸਦੀ ਹਿੱਸੇ ਦੀ ਬਿਜਲੀ ਗੁੱਲ ਰਹੀ। ਚੰਡੀਗੜ੍ਹ ਸਕਰੂ ਮੈਨੂਫੈਕਚਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਇੰਡਸਟ੍ਰੀਅਲ ਏਰੀਆ ਦੇ ਦੋਵੇਂ ਫੇਜ਼ ਵਿਚ ਕੰਮ ਕਰਨ ਵਾਲੇ 3000 ਮੁਲਾਜ਼ਮ ਪੂਰਾ ਦਿਨ ਕੋਈ ਕੰਮ ਨਹੀਂ ਕਰ ਸਕੇ, ਜਿਸ ਕਾਰਨ ਇੰਡਸਟ੍ਰੀਅਲਿਸਟ ਨੂੰ ਭਾਰੀ ਨੁਕਸਾਨ ਝੱਲਣਾ ਪਿਆ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਹੀ ਫ਼ਾਇਦਾ ਘੱਟ ਹੋ ਰਿਹਾ ਹੈ, ਉੱਪਰੋਂ ਰਾਤ ਤੋਂ ਹੀ ਬਿਜਲੀ ਨਾ ਹੋਣ ਕਾਰਨ ਨੁਕਸਾਨ ਹੋਰ ਜ਼ਿਆਦਾ ਹੋ ਰਿਹਾ ਹੈ। ਜੇਕਰ ਦੋ ਦਿਨ ਹੋਰ ਸਪਲਾਈ ਠੱਪ ਰਹੀ ਤਾਂ ਆਰਥਿਕ ਸੰਕਟ ਹੋਰ ਡੂੰਘਾ ਹੋ ਜਾਵੇਗਾ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News