ਬੀ.ਕੇ.ਯੂ. ਕਾਦੀਆਂ ਨੇ 8 ਮਈ ਨੂੰ ਸ਼ਹਿਰ ’ਚ ਮੁਨਿਆਦੀ ਕਰਕੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਕੀਤੀ ਅਪੀਲ

Saturday, May 08, 2021 - 12:47 AM (IST)

ਬੀ.ਕੇ.ਯੂ. ਕਾਦੀਆਂ ਨੇ 8 ਮਈ ਨੂੰ ਸ਼ਹਿਰ ’ਚ ਮੁਨਿਆਦੀ ਕਰਕੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਕੀਤੀ ਅਪੀਲ

ਭੋਗਪੁਰ (ਰਾਣਾ ਭੋਗਪਰੀਆ) - ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਮਾਰੀ ਦੇ ਵੱਧਦੇ ਪ੍ਰਕੋਪ ਦੇ ਮੱਦੇਨਜ਼ਰ ਸ਼ਨੀਵਾਰ ਅਤੇ ਐਤਵਾਰ ਨੂੰ ਪੂਰੇ ਪੰਜਾਬ ’ਚ ਮੁਕੰਮਲ ਲਾਕਡਾਊਨ ਕਰਕੇ ਸਾਰੀਆਂ ਦੁਕਾਨਾਂ ਅਤੇ ਹੋਰ ਕਾਰੋਬਾਰ ਬੰਦ ਰੱਖਣ ਦੇ ਜਾਰੀ ਕੀਤੇ ਆਦੇਸ਼ਾਂ ਦੇ ਵਿਰੋਧ ’ਚ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵੱਲੋਂ ਸ਼ਹਿਰ ’ਚ ਮੁਨਿਆਦੀ ਕਰਦਿਆਂ 8 ਮਈ ਨੂੰ ਲਾਕਡਾਊਨ ਨੂੰ ਤੋੜ ਕੇ ਦੁਕਾਨਦਾਰਾਂ ਨੂੰ ਜਿਥੇ ਆਪਣੀਆਂ ਦੁਕਾਨਾਂ ਖੋਲ੍ਹਣ ਦੀ ਅਪੀਲ ਕੀਤੀ ਉਥੇ ਨਾਲ ਦੁਕਾਨਦਾਰਾਂ ਦੀ ਹਮਾਇਤ ’ਚ ਵੱਡਾ ਇਕੱਠ ਕਰਕੇ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਤਿੱਖਾ ਸੰਘਰਸ਼ ਕਰਨ ਦਾ ਐਲਾਨ ਕੀਤਾ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਬੱਬੂ ਬਿਨਪਾਲਕੇ ਨੇ ਦੱਸਿਆ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੋਵੇ ਹੀ ਕਾਰਪੋਰੇਟ ਘਰਾਣਿਆਂ ਦੀਆਂ ਕੱਠਪੁਤਲੀਆਂ ਬਣੀਆਂ ਹੋਈਆਂ ਹਨ ਅਤੇ ਦੋਵਾਂ ਵੱਲੋਂ ਆਪਸੀ ਮਿਲੀ ਭੁਗਤ ਕਰਕੇ ਕੋਰੋਨਾ ਮਹਾਮਾਰੀ ਦੀ ਆੜ ਲੈ ਕੇ ਪਹਿਲਾਂ ਕਿਸਾਨਾਂ ਨੂੰ ਆਰਥਿਕ ਪੱਖੋਂ ਕਮਜੋਰ ਕਰਨ ਲਈ ਕਿਸਾਨ ਵਿਰੋਧੀ ਕਾਨੂੰਨ ਲਾਗੂ ਕੀਤੇ ਗਏ ਹਨ ਅਤੇ ਹੁਣ ਦੁਕਾਨਦਾਰਾਂ ਨੂੰ ਆਰਥਿਕ ਪੱਖੋਂ ਕਮਜੋਰ ਕਰਨ ਲਈ ਲਾਕਡਾਊਨ ਲਗਾ ਕੇ ਦੁਕਾਨਾਂ ਅਤੇ ਛੋਟੇ ਕਾਰੋਬਾਰ ਰੱਖਣ ਦਾ ਨਾਦਰਸ਼ਾਹੀ ਫਰਮਾਨ ਜਾਰੀ ਕੀਤਾ ਗਿਆ ਹੈ। ਜਦੋਂ ਕਿ ਸਰਕਾਰ ਦੀ ਸਿਹਤ ਸਹੂਲਤਾਂ ਦਾ ਪੂਰੀ ਤਰ੍ਹਾਂ ਦਿਵਾਲਾ ਨਿਕਲ ਚੁੱਕਿਆ ਹੈ ਹਸਪਤਾਲਾਂ ’ਚ ਬੈੱਡਾ ਦੀ ਘਾਟ, ਆਕਸੀਜਨ ਦੀ ਘਾਟ ਅਤੇ ਦਵਾਈਆਂ ਦੀ ਘਾਟ ਨੇ ਸਰਕਾਰ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਅਤੇ ਹਸਪਤਾਲਾਂ ’ਚੋਂ ਠੀਕ ਹੋ ਕੇ ਪਰਤਣ ਦੀ ਥਾਂ ਮਰੀਜ਼ਾਂ ਦੀਆਂ ਲਾਸ਼ਾਂ ਸ਼ਮਸ਼ਾਨਘਾਟਾ 'ਚ ਪਹੁੰਚ  ਰਹੀਆਂ ਹਨ। ਜਿਸ ਕਰਕੇ ਲੋਕਾਂ ਦਾ ਸਰਕਾਰ ਪ੍ਰਤੀ ਰੋਸ ਵੱਧਦਾ ਦੇਖ ਹੁਣ ਸਰਕਾਰ ਵੱਲੋਂ ਆਪਣੀਆਂ ਗਲਤੀਆਂ ਉੱਪਰ ਪਰਦੇ ਪਾਉਣ ਲਈ ਸਰਕਾਰ ਵੱਲੋਂ ਲਾਕਡਾਊਨ ਦਾ ਸਹਾਰਾ ਲੈ ਕੇ ਜਬਰੀ ਲੋਕਾਂ ਨੂੰ ਘਰਾਂ ’ਚ ਨਜ਼ਰਬੰਦ ਕਰਨ ਦੀਆਂ ਚਾਲਾਂ ਚਲੀਆਂ ਜਾ ਰਹੀਆਂ ਹਨ। ਜਿਸ ਨੂੰ ਸੰਘਰਸ਼ਸੀਲ ਜਥੇਬੰਦੀਆਂ ਕਦੇ ਵੀ ਬਰਦਾਸਤ ਨਹੀਂ ਕਰਨਗੀਆਂ। ਉਨ੍ਹਾਂ ਕਿਹਾ ਕਿ ਸੰਯੁਕਤ ਮੋਰਚੇ ਦੇ ਆਦੇਸ਼ਾਂ ’ਤੇ ਯੂਨੀਅਨ ਵਲੋਂ ਦੁਕਾਨਦਾਰਾਂ ਦੀ ਮੱਦਦ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਿਸ ਤਹਿਤ 8 ਮਈ ਨੂੰ ਲੋਕ ਵਿਰੋਧੀ ਫੈਸਲਿਆਂ ਦਾ ਵਿਰੋਧ ਕਰਨ ਦੇ ਨਾਲ ਨਾਲ ਬਜ਼ਾਰ ਖੁਲ੍ਹਵਾਏ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਯੂਨੀਅਨ ਆਗੂ ਹਰ ਦੁਕਾਨਦਾਰ ਨਾਲ ਖੜਨਗੇ ਅਤੇ ਜੇ ਪ੍ਰਸਾਸ਼ਨ ਨੇ ਕੋਈ ਧੱਕਾ ਕੀਤਾ ਤਾਂ ਵੱਡਾ ਸੰਘਰਸ਼ ਵੀ ਕਰਨਗੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News