ਪੰਜਾਬ 'ਚ ਆਪਣੇ ਅਕਸ ਨੂੰ 'ਧੋਣ' ਦੀ ਕੋਸ਼ਿਸ਼ 'ਚ ਭਾਜਪਾ, ਸਿੱਖ ਚਿਹਰਿਆਂ ਨਾਲ ‘ਪਰਿਵਾਰ’ ਵਧਾਉਣ ਦੀ ਰੌਂਅ 'ਚ

Tuesday, Jan 24, 2023 - 11:32 AM (IST)

ਪੰਜਾਬ 'ਚ ਆਪਣੇ ਅਕਸ ਨੂੰ 'ਧੋਣ' ਦੀ ਕੋਸ਼ਿਸ਼ 'ਚ ਭਾਜਪਾ, ਸਿੱਖ ਚਿਹਰਿਆਂ ਨਾਲ ‘ਪਰਿਵਾਰ’ ਵਧਾਉਣ ਦੀ ਰੌਂਅ 'ਚ

ਚੰਡੀਗੜ੍ਹ (ਹਰੀਸ਼ਚੰਦਰ) : ਮਨਪ੍ਰੀਤ ਬਾਦਲ ਵੀ ਆਖਿਰ ਭਾਜਪਾ ਵਿਚ ਸ਼ਾਮਲ ਹੋ ਗਏ। ਉਨ੍ਹਾਂ ਦੇ ਕਾਂਗਰਸ ਛੱਡਦੇ ਹੀ ਜੈਰਾਮ ਰਮੇਸ਼ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਲੈ ਕੇ ਪ੍ਰਤਾਪ ਸਿੰਘ ਬਾਜਵਾ ਤੱਕ ਨੇ ਅਜਿਹਾ ਸ਼ੁਕਰ ਮਨਾਇਆ ਮੰਨ ਲਓ ਉਹ ਕਾਂਗਰਸ ’ਤੇ ਬੋਝ ਹੋਣ। ਉਨ੍ਹਾਂ ਦੇ ਬਿਆਨ ਵੀ ਅਜਿਹੇ ਹੀ ਸਨ- ਬੱਦਲ ਛਟ ਗਏ, ਵਧੀਆ ਹੋਇਆ ਚਲੇ ਗਏ। ਪਰ ਬਿਨਾਂ ਕਿਸੇ ਚੋਣ ਦੇ ਨਜ਼ਦੀਕ ਨਾ ਹੋਣ ਦੇ ਬਾਵਜੂਦ ਕਾਂਗਰਸੀ ਭਾਜਪਾ ਦਾ ਰੁਖ਼ ਕਿਉਂ ਕਰ ਰਹੇ ਹਨ, ਇਸ ’ਤੇ ਕਾਂਗਰਸ ਕੋਈ ਚਿੰਤਨ ਨਹੀਂ ਕਰ ਰਹੀ। ਪੰਜਾਬ ਤੋਂ ਸਾਬਕਾ ਮੁੱਖ ਮੰਤਰੀ, ਸਾਬਕਾ ਪ੍ਰਧਾਨ ਅਤੇ 6 ਮੰਤਰੀ ਅਤੇ ਕਈ ਸਾਬਕਾ ਵਿਧਾਇਕ ਹੁਣ ਤੱਕ ਭਾਜਪਾ ਵਿਚ ਜਾ ਚੁੱਕੇ ਹਨ ਪਰ ਕਾਂਗਰਸ ਇੰਝ ਚੱਲ ਰਹੀ ਹੈ ਮੰਨੋ ਉਸ ਨੂੰ ਕੋਈ ਫ਼ਰਕ ਹੀ ਨਹੀਂ ਪੈ ਰਿਹਾ।

ਇਸ ਸਭ ਦੇ ਵਿਚ ਇਕ ਵੱਡੀ ਚਰਚਾ ਪਰਦੇ ਦੇ ਪਿੱਛੇ ਇਹ ਚੱਲ ਰਹੀ ਹੈ ਕਿ ਨੇਤਾਵਾਂ ਦੀ ਸਿਧਾਂਤਕ ਵਿਚਾਰਧਾਰਾ ਕਿੱਥੇ ਚਲੀ ਗਈ, ਕੀ ਨੇਤਾਵਾਂ ਦੇ ਵਿਰੋਧੀ ਦਲਾਂ ਨਾਲ ਮਤਭੇਦ ਖ਼ਤਮ ਹੋ ਚੁੱਕੇ ਹਨ। ਆਗੂ ਪਾਰਟੀ ਛੱਡਣ ਅਤੇ ਨਵੀਂ ਪਾਰਟੀ 'ਚ ਸ਼ਮੂਲੀਅਤ ਕਰਨ ਵਿਚ ਹੁਣ ਕੋਈ ਝਿਜਕ ਮਹਿਸੂਸ ਨਹੀਂ ਕਰ ਰਹੇ। ਉਂਝ ਮਨਪ੍ਰੀਤ ਬਾਦਲ ਲਈ ਭਾਜਪਾ ਹੀ ਸਭ ਤੋਂ ਜ਼ਿਆਦਾ ਮੁਫੀਦ ਹੈ ਕਿਉਂਕਿ ਉਨ੍ਹਾਂ ਦੀ ਕਾਰਜਸ਼ੈਲੀ ਵਪਾਰਕ ਰਹੀ ਹੈ, ਜਿਸ ਵਿਚ ਬਾਜ਼ਾਰ ਹਾਵੀ ਹੁੰਦਾ ਹੈ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਨੇ ਸਬਸਿਡੀਆਂ ਦਾ ਪੁਰਜ਼ੋਰ ਵਿਰੋਧ ਕੀਤਾ ਹੈ। ਭਾਜਪਾ ਦੀਆਂ ਨੀਤੀਆਂ ਕਾਰਨ ਮਨਪ੍ਰੀਤ ਦੇ ਮਨ ਦੇ ਕਰੀਬ ਹਨ। ਉਂਝ ਭਾਜਪਾ ਦੇ ਇਸ ਕਾਂਗਰਸੀਕਰਨ ਨਾਲ ਪਾਰਟੀ ਦੇ ਉਹ ਕਰਮਚਾਰੀ ਹਤਾਸ਼ ਹਨ, ਜਿਨ੍ਹਾਂ ਨੇ ਲੰਮੇ ਅਰਸੇ ਤੋਂ ਪਾਰਟੀ ਦੀ ਸੇਵਾ ਕੀਤੀ ਹੈ। 

ਇਹ ਵੀ ਪੜ੍ਹੋ- ਸਰਹੱਦ ਪਾਰ: ਸ਼ੱਕ ਨੇ ਉਜਾੜਿਆ ਪਰਿਵਾਰ, ਪਤਨੀ ਤੇ ਮਾਸੂਮ ਧੀ ਦੇ ਕਤਲ ਮਗਰੋਂ ਪਤੀ ਨੇ ਕੀਤੀ ਖ਼ੁਦਕੁਸ਼ੀ

ਹੁਣ ਹਾਲ ਹੀ ਵਿਚ ਬਣੀ ਪੰਜਾਬ ਦੀ ਨਵੀਂ ਟੀਮ ਵਿਚ ਇਨ੍ਹਾਂ ‘ਬਾਹਰੀ’ ਆਗੂਆਂ ਦਾ ਦਬਦਬਾ ਇੰਨਾ ਵਧ ਗਿਆ ਹੈ ਕਿ ਪਾਰਟੀ ਨੇ ਉਨ੍ਹਾਂ ਨੂੰ ਸੂਬੇ ਵਿਚ ਉਪ-ਪ੍ਰਧਾਨ, ਜਨਰਲ ਸਕੱਤਰ ਅਤੇ ਸਕੱਤਰ ਤੋਂ ਇਲਾਵਾ ਜ਼ਿਲਾ ਪ੍ਰਧਾਨ ਤੱਕ ਦੇ ਅਹੁਦਿਆਂ ਨਾਲ ਨਿਵਾਜਣ ਵਿਚ ਕੋਈ ਕਸਰ ਨਹੀਂ ਛੱਡੀ। ਭਾਜਪਾ ਵਿਚ ਇਨ੍ਹਾਂ ਨੇਤਾਵਾਂ ਦੇ ਆਉਣ ਨਾਲ ਪਾਰਟੀ ਚਾਹੇ ਉਤੋਂ ਮਜਬੂਤ ਦਿਖਾਈ ਦਿੰਦੀ ਹੋਵੇ ਪਰ ਸੱਚ ਇਹ ਹੈ ਕਿ ਪਾਰਟੀ ਦੀ ਨੀਂਹ ਪੁਰਾਣੇ ਵਰਕਰਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਹਿੱਲਣ ਲੱਗੀ ਹੈ।

ਸਿੱਖ ਚਿਹਰੇ ਲਿਆ ਕੇ ਮਜਬੂਤ ਹੋਣਾ ਚਾਹੁੰਦੀ ਹੈ ਭਾਜਪਾ

ਭਾਜਪਾ ਦਾ ਅਕਸ ਦੇਸ਼ਭਰ ਵਿਚ ਘੱਟ ਗਿਣਤੀ ਵਿਰੋਧੀ ਮੰਨਿਆ ਜਾਂਦਾ ਹੈ ਪਰ ਪੰਜਾਬ ਵਿਚ ਉਹ ਆਪਣੇ ਇਸ ਅਕਸ ਨੂੰ ਧੋਣ ਦੀ ਕੋਸ਼ਿਸ਼ ਵਿਚ ਜੁਟੀ ਹੈ। ਪੰਜਾਬ ਵਿਚ ਭਾਜਪਾ ਕੋਲ ਸਿੱਖ ਚਿਹਰਿਆਂ ਦੀ ਹਮੇਸ਼ਾ ਤੋਂ ਕਮੀ ਰਹੀ ਹੈ ਅਤੇ ਹੁਣ ਉਹ ਇਸ ਦੀ ਭਰਪਾਈ ਕਾਂਗਰਸ ਤੋਂ ਆਗੂਆਂ ਨੂੰ ਲਿਆ ਕੇ ਕਰ ਰਹੀ ਹੈ। ਪਾਰਟੀ ਚਾਹੁੰਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਸਿੱਖ ਚਿਹਰੇ ਭਾਜਪਾ ਦਾ ਹਿੱਸਾ ਬਣਨ। ਇਸ ਦਾ ਕਿੰਨਾ ਫਾਇਦਾ ਉਸਨੂੰ ਮਿਲੇਗਾ, ਇਹ ਤਾਂ ਫਿਲਹਾਲ ਸਾਫ਼ ਨਹੀਂ ਹੋਇਆ ਹੈ ਪਰ ਇਹ ਤੈਅ ਹੈ ਕਿ ਭਾਜਪਾ ਅੱਗੇ ਵੀ ਸਿੱਖ ਚਿਹਰਿਆਂ ਨਾਲ ਆਪਣਾ ‘ਪਰਿਵਾਰ’ ਵਧਾਉਣਾ ਜਾਰੀ ਰੱਖੇਗੀ।  ਭਾਜਪਾ ਲੀਡਰਸ਼ਿਪ ਨੂੰ ਪਤਾ ਹੈ ਕਿ ਪੰਜਾਬ ਵਿਚ ਸਿਰਫ਼ ਹਿੰਦੂ ਆਗੂਆਂ ਦੇ ਬਲਬੂਤੇ ਉਹ ਕਦੇ ਸੱਤਾ ਵਿਚ ਨਹੀਂ ਆ ਸਕਦੀ।

ਇਹ ਵੀ ਪੜ੍ਹੋ- ਇੰਗਲੈਂਡ-ਕੈਨੇਡਾ 'ਚ ਪੜ੍ਹਾਈ ਕਰਨਾ ਸੌਖਾ ਨਹੀਂ, ਪੰਜਾਬੀਆਂ ਨੂੰ 5 ਵੱਡੀਆਂ ਚੁਣੌਤੀਆਂ ਦਾ ਕਰਨਾ ਪੈਂਦਾ ਸਾਹਮਣਾ

ਪਿਛਲੀ ਚੋਣ ਵਿਚ ਸਥਾਪਿਤ ਦਲਾਂ ਅਤੇ ਉਨ੍ਹਾਂ ਦੇ ਦਿੱਗਜਾਂ ਨੂੰ ਜੋ ਪਟਖਨੀ ਵੋਟਰਾਂ ਨੇ ਦਿੱਤੀ ਹੈ, ਉਸ ਵਿਚ ਭਾਜਪਾ ਸੁਫ਼ਨਾ ਦੇਖ ਰਹੀ ਹੈ ਕਿ ਉਸ ਨੂੰ ਵੀ ਸੱਤਾ ਦੀ ਕੁੰਜੀ ਹਾਸਲ ਹੋ ਸਕਦੀ ਹੈ, ਬਸ਼ਰਤੇ ਵੋਟਰਾਂ ਦੀ ਨਾਰਾਜ਼ਗੀ ਅਕਾਲੀ ਦਲ ਅਤੇ ਕਾਂਗਰਸ ਦੇ ਪ੍ਰਤੀ ਬਰਕਰਾਰ ਰਹੇ। ਭਾਜਪਾਈ ਤਾਂ ਕਹਿੰਦੇ ਵੀ ਹਨ ਕਿ ਅਗਲੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚ ਹੀ ਮੁਕਾਬਲਾ ਦੇਖਣ ਨੂੰ ਮਿਲੇਗਾ। ਇਸ ਦੀ ਕਸਰਤ ਉਸ ਨੇ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰੀ ਮੰਤਰੀਆਂ ਦੇ ਪੰਜਾਬ ਵਿਚ ਦੌਰੇ ਵਧਾ ਕੇ ਸ਼ੁਰੂ ਵੀ ਕਰ ਦਿੱਤੀ ਹੈ। ਅਮਿਤ ਸ਼ਾਹ ਦੀ ਮੁਲਤਵੀ ਹੋਈ 29 ਜਨਵਰੀ ਦੀ ਪਟਿਆਲਾ ਰੈਲੀ ਵਿਚ ਵੀ ਕਈ ਸਿੱਖ ਆਗਆਂ ਨੂੰ ਭਾਜਪਾ ਵਿਚ ਸ਼ਾਮਲ ਕਰਨ ਦੀ ਯੋਜਨਾ ਸੀ, ਜੋ ਧਰੀ ਰਹਿ ਗਈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

 


author

Simran Bhutto

Content Editor

Related News