ਭਾਜਪਾ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਖੁਦ ਨੂੰ ਕੀਤਾ ਇਕਾਂਤਵਾਸ
Tuesday, Jul 28, 2020 - 02:20 AM (IST)
ਪਠਾਨਕੋਟ, (ਸ਼ਾਰਦਾ, ਆਦਿਤਿਆ)- ਸੋਮਵਾਰ ਨੂੰ ਸਿਹਤ ਵਿਭਾਗ ਵੱਲੋਂ ਕੋਰੋਨਾ ਦੀ ਸੈਂਪਲ ਰਿਪੋਰਟ ਆਉਣ ਦੇ ਬਾਅਦ ਸ਼ਹਿਰ ਦੇ ਭਾਜਪਾ ਨੇਤਾ ਦੇ ਕੋਰੋਨਾ ਨਾਲ ਪਾਜ਼ੇਟਿਵ ਪਾਏ ਜਾਣ ’ਤੇ ਭਾਜਪਾ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅਹਿਤਿਆਤ ਵਰਤਦੇ ਹੋਏ ਸੈਲਫ਼ ਇਕਾਂਤਵਾਸ ਕਰ ਲਿਆ ਗਿਆ। ਵਰਨਣਯੋਗ ਹੈ ਕਿ ਪਾਜ਼ੇਟਿਵ ਪਾਇਆ ਨੇਤਾ ਪਿਛਲੇ 3-4 ਦਿਨਾਂ ’ਚ ਉਨ੍ਹਾਂ ਨੂੰ ਵਾਰ-ਵਾਰ ਮਿਲ ਚੁੱਕਾ ਹੈ ਅਤੇ ਉਸ ਦੀ ਅੱਜ ਜਿਉਂ ਹੀ ਰਿਪੋਰਟ ਪਾਜ਼ੇਟਿਵ ਆਈ ਤਾਂ ਪ੍ਰਦੇਸ਼ ਪ੍ਰਧਾਨ ਨੇ ਖੁਦ ਨੂੰ ਇਕਾਂਤਵਾਸ ਕਰਨ ਦਾ ਫੈਸਲਾ ਲਿਆ। ਇਸਦਾ ਇਕ ਮੁੱਖ ਕਾਰਣ ਇਹ ਵੀ ਹੈ ਕਿ ਪ੍ਰਦੇਸ਼ ਪ੍ਰਧਾਨ ਨੇ ਚੰਡੀਗੜ੍ਹ ’ਚ ਪਾਰਟੀ ਨੇਤਾਵਾਂ ਨਾਲ ਮੀਟਿੰਗ ਕੀਤੀ ਸੀ, ਜਿਸ ’ਚ ਲੁਧਿਆਣਾ ਤੋਂ ਵੀ ਕੁਝ ਭਾਜਪਾ ਨੇਤਾ ਸ਼ਾਮਲ ਹੋਏ ਸਨ ਅਤੇ ਉਹ ਵੀ ਬੀਤੇ ਦਿਨ ਕੋਰੋਨਾ ਨਾਲ ਪਾਜ਼ੇਟਿਵ ਪਾਏ ਗਏ ਸਨ। ਨਿਸ਼ਚਿਤ ਤੌਰ ’ਤੇ ਪਠਾਨਕੋਟ ’ਚ ਕੋਰੋਨਾ ਮਹਾਮਾਰੀ ਹੁਣ ਬਹੁਤ ਸਾਰੇ ਪ੍ਰਭਾਵਸ਼ਾਲੀ ਲੋਕਾਂ ਨੂੰ ਵੀ ਆਪਣੀ ਲਪੇਟ ’ਚ ਲੈ ਰਹੀ ਹੈ।
ਇਸ ਸਬੰਧੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਕੁਝ ਦਿਨ ਲਈ ਆਪਣੇ ਆਪ ਨੂੰ ਖੁਦ ਦੀ ਇੱਛਾ ਨਾਲ ਇਕਾਂਤਵਾਸ ਕੀਤਾ ਹੈ ਅਤੇ ਡਾਕਟਰਾਂ ਦੀ ਰਾਏ ਵੀ ਇਸ ਬਾਰੇ ’ਚ ਲਈ ਜਾਵੇਗੀ। ਵਰਣਨਯੋਗ ਹੈ ਕਿ ਉਹ ਪੂਰੀ ਤਰ੍ਹਾਂ ਨਾਲ ਤੰਦਰੁਸਤ ਹੈ।