ਭਾਜਪਾ ਤੋਂ ਝਟਕੇ ਮਿਲਣ 'ਤੇ ਅਕਾਲੀਆਂ ਨੇ ਤੋੜੀ ਯਾਰੀ, ਇਕੱਲਿਆਂ ਚੋਣਾਂ ਲੜਨ ਦਾ ਲਿਆ ਫੈਸਲਾ

09/26/2019 9:27:05 PM

ਅੰਮ੍ਰਿਤਸਰ (ਵੈਬ ਡੈਸਕ)- ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਅੱਜ ਹਰਿਆਣਾ ਵਿਚ ਸਿਆਸੀ ਤਾਕਤ ਦਾ ਇਸਤੇਮਾਲ ਕਰਕੇ ਅਕਾਲੀ ਵਿਧਾਇਕ ਬਲਕੌਰ ਸਿੰਘ ਨੂੰ ਭਾਰਤੀਆ ਜਨਤਾ ਪਾਰਟੀ ਵਿਚ ਸ਼ਾਮਿਲ ਕਰਨ ਲਈ ਭਗਵਾਂ ਪਾਰਟੀ ਦੀ ਨਿਖੇਧੀ ਕੀਤੀ ਹੈ ਅਤੇ ਇਸ ਕਾਰਵਾਈ 'ਗਠਜੋੜ ਧਰਮ' ਦੇ ਸਿਧਾਂਤ ਦੇ ਖ਼ਿਲਾਫ ਕਰਾਰ ਦਿੱਤਾ ਹੈ। ਕੋਰ ਕਮੇਟੀ ਨੇ ਕਿਹਾ ਹੈ ਕਿ ਭਾਜਪਾ ਨੇ ਅਕਾਲੀ ਦਲ ਨਾਲ ਸਿਰਫ ਵਿਸਵਾਸ਼ਘਾਤ ਨਹੀਂ ਕੀਤਾ ਹੈ, ਸਗੋਂ ਇਹ ਹਰਿਆਣਾ ਵਿਧਾਨ ਚੋਣਾਂ ਸੰਬੰਧੀ ਅਕਾਲੀ ਦਲ ਨਾਲ ਕੀਤੇ ਵਾਅਦਿਆਂ ਤੋਂ ਵੀ ਮੁੱਕਰੀ ਹੈ। ਅਕਾਲੀ ਵਿਧਾਇਕ ਬਲਕੌਰ ਸਿੰਘ ਨੂੰ ਭਾਜਪਾ ਵਿਚ ਸ਼ਾਮਿਲ ਕਰਨ ਦੇ ਫੈਸਲੇ ਨੂੰ ਸਾਹਮਣੇ ਰੱਖਦਿਆਂ ਕੋਰ ਕਮੇਟੀ ਨੇ ਕਿਹਾ ਕਿ ਅਕਾਲੀ ਦਲ ਨੇ ਰਾਸ਼ਟਰੀ ਹਿੱਤਾਂ ਵਾਸਤੇ ਹਮੇਸ਼ਾਂ ਹੀ ਭਾਜਪਾ ਦਾ ਚੰਗੇ ਮਾੜੇ ਸਮਿਆਂ ਵਿਚ ਸਾਥ ਦਿੱਤਾ ਹੈ। ਇਹ ਬਹੁਤ ਹੀ ਨਿੰਦਣਯੋਗ ਹੈ ਕਿ ਭਾਜਪਾ ਨੇ ਅਕਾਲੀ ਦਲ ਦੀ ਚੱਟਾਨ ਵਰਗੀ ਹਮਾਇਤ ਨੂੰ ਨਜ਼ਰਅੰਦਾਜ਼ ਕੀਤਾ ਹੈ ਅਤੇ ਇਕ ਅਕਾਲੀ ਵਿਧਾਇਕ ਨੂੰ ਆਪਣੀ ਪਾਰਟੀ ਵਿਚ ਸ਼ਾਮਿਲ ਕਰਨ ਦਾ ਫੈਸਲਾ ਲਿਆ ਹੈ।

ਕੋਰ ਕਮੇਟੀ ਨੇ ਇਹ ਵੀ ਕਿਹਾ ਕਿ ਇਹ ਭਾਜਪਾ ਹੀ ਸੀ, ਜਿਸ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਅਕਾਲੀ ਦਲ ਨਾਲ ਮਿਲ ਕੇ ਲੜਣ ਦਾ ਵਾਅਦਾ ਕੀਤਾ ਸੀ। ਕਮੇਟੀ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੰਸਦੀ ਚੋਣਾਂ ਮੌਕੇ ਇਸ ਸੰਬੰਧੀ ਇੱਕ ਪ੍ਰੈਸ ਕਾਨਫਰੰਸ ਵੀ ਰੱਖੀ ਸੀ ਅਤੇ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਉਮੀਦਵਾਰਾਂ ਲਈ ਸਮਰਥਨ ਦੀ ਮੰਗ ਕਰਦਿਆਂ ਐਲਾਨ ਕੀਤਾ ਸੀ ਕਿ ਅਕਾਲੀ ਦਲ ਅਤੇ ਭਾਜਪਾ ਹਰਿਆਣਾ ਵਿਧਾਨ ਸਭਾ ਚੋਣਾਂ ਸਾਂਝੇ ਤੌਰ ‘ਤੇ ਲੜਣਗੇ। ਕਮੇਟੀ ਨੇ ਕਿਹਾ ਕਿ ਅਕਾਲੀ ਦਲ ਨੇ ਪੂਰੇ ਦੇਸ਼ ਅੰਦਰ ਭਾਜਪਾ ਨੂੰ ਸਮਰਥਨ ਦਿੱਤਾ ਸੀ। ਪਰ ਜਦੋਂ ਭਾਜਪਾ ਲਈ ਅਕਾਲੀ ਦਲ ਦੀ ਮਿਹਰਬਾਨੀ ਦਾ ਮੁੱਲ ਮੋੜਣ ਦਾ ਸਮਾਂ ਆਇਆ ਤਾਂ ਇਹ ਨਾ ਸਿਰਫ ਪਿੱਛੇ ਹਟ ਗਈ, ਸਗੋਂ ਇਸ ਹੱਦ ਤਕ ਚਲੀ ਗਈ ਕਿ ਇਕ ਅਕਾਲੀ ਵਿਧਾਇਕ ਨੂੰ ਭਗਵਾਂ ਪਾਰਟੀ ਵਿਚ ਸ਼ਾਮਿਲ ਕਰ ਲਿਆ।

ਕੋਰ ਕਮੇਟੀ ਨੇ ਕਿਹਾ ਕਿ ਅਕਾਲੀ ਦਲ ਘੱਟ ਗਿਣਤੀਆਂ ਦੇ ਹੱਕਾਂ ਦੀ ਰਾਖੀ ਤੋਂ ਇਲਾਵਾ ਹਮੇਸ਼ਾਂ ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਡਟ ਕੇ ਖੜ੍ਹਿਆ ਹੈ। ਅਸੀਂ ਆਪਣਾ ਇਹ ਕਾਰਜ ਜਾਰੀ ਰੱਖਾਂਗੇ ਅਤੇ ਹਰਿਆਣਾ ਵਿਧਾਨ ਸਭਾ ਵਿਚ ਘੱਟ ਗਿਣਤੀਆਂ ਦੀ ਆਵਾਜ਼ ਬਣਾਂਗੇ। ਕਮੇਟੀ ਨੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਸੁਤੰਤਰ ਤੌਰ ‘ਤੇ ਲੜਣ ਵਾਸਤੇ ਕਮਰ ਕਸਣ ਲਈ ਆਖਦਿਆਂ ਕਿਹਾ ਕਿ ਜਲਦੀ ਹੀ ਪਾਰਟੀ ਵੱਲੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਅਤੇ ਹਰਿਆਣਾ ਅੰਦਰ ਇਕ ਪ੍ਰਭਾਵਸ਼ਾਲੀ ਅਤੇ ਸਿੱਟੇਜਨਕ ਚੋਣ ਮੁਹਿੰਮ ਚਲਾਉਣ ਲਈ ਆਗੂਆਂ ਅਤੇ ਵਰਕਰਾਂ ਦੀ ਡਿਊਟੀਆਂ ਲਗਾ ਦਿੱਤੀਆਂ ਜਾਣਗੀਆਂ।

ਕੋਰ ਕਮੇਟੀ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਨੇ ਹਮੇਸ਼ਾਂ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੇ ਆਪਣੇ ਮੁੱਢਲੇ ਸਿਧਾਂਤਾਂ ਉੱਤੇ ਪਹਿਰਾ ਦਿੱਤਾ ਹੈ ਅਤੇ ਇਹਨਾਂ ਸਿਧਾਂਤਾਂ ਦੀ ਇਹ ਕਿਸੇ ਵੀ ਰੂਪ ਵਿਚ ਉਲੰਘਣਾ ਨਹੀਂ ਹੋਣ ਦੇਵੇਗਾ। ਕਮੇਟੀ ਨੇ ਕਿਹਾ ਕਿ ਅਕਾਲੀ ਦਲ ਦਾ ਸਮਾਜ ਅੰਦਰਲੀਆਂ ਬੁਰਾਈਆਂ ਖ਼ਿਲਾਫ ਲੜਣ ਦਾ ਲੰਬਾ ਇਤਿਹਾਸ ਹੈ।ਇਹ 'ਸਰਬੱਤ ਦਾ ਭਲਾ' ਸਿਧਾਂਤ ਦੀ ਪਾਲਣਾ ਕਰਨ ਵਾਲੀ ਪਾਰਟੀ ਹੈ ਅਤੇ ਹਮੇਸ਼ਾਂ ਸਰਬੱਤ ਦਾ ਭਲਾ ਕਰਨਾ ਜਾਰੀ ਰੱਖੇਗੀ। ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਹੋਈ ਇਸ ਮੀਟਿੰਗ ਵਿਚ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਬਲਵਿੰਦਰ ਸਿੰਘ ਭੂੰਦੜ, ਬੀਬੀ ਜਗੀਰ ਕੌਰ, ਮਹੇਸ਼ਇੰਦਰ ਸਿੰਘ ਗਰੇਵਾਲ, ਡਾਕਟਰ ਉਪਿੰਦਰਜੀਤ ਕੌਰ, ਡਾਕਟਰ ਦਲਜੀਤ ਸਿੰਘ ਚੀਮਾ, ਗੁਲਜ਼ਾਰ ਸਿੰਘ ਰਣੀਕੇ, ਨਿਰਮਲ ਸਿੰਘ ਕਾਹਲੋਂ, ਬਿਕਰਮ ਸਿੰਘ ਮਜੀਠੀਆ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ, ਬਲਦੇਵ ਸਿੰਘ ਮਾਨ, ਹਰੀ ਸਿੰਘ ਜ਼ੀਰਾ, ਮਨਜਿੰਦਰ ਸਿੰਘ ਸਿਰਸਾ ਅਤੇ ਦਰਬਾਰਾ ਸਿੰਘ ਗੁਰੂ ਨੇ ਭਾਗ ਲਿਆ।


Arun chopra

Content Editor

Related News