ਪੰਜਾਬ ਚੋਣਾਂ 'ਚ ਸਭ ਤੋਂ ਪਿੱਛੇ ਹੋਣ ਦੇ ਬਾਵਜੂਦ ਵਿਰੋਧੀ ਪਾਰਟੀਆਂ 'ਚ ਭਾਜਪਾ ਦੀ ਦਹਿਸ਼ਤ

Wednesday, Jan 19, 2022 - 06:10 PM (IST)

ਪੰਜਾਬ ਚੋਣਾਂ 'ਚ ਸਭ ਤੋਂ ਪਿੱਛੇ ਹੋਣ ਦੇ ਬਾਵਜੂਦ ਵਿਰੋਧੀ ਪਾਰਟੀਆਂ 'ਚ ਭਾਜਪਾ ਦੀ ਦਹਿਸ਼ਤ

ਜਲੰਧਰ (ਐੱਨ. ਮੋਹਨ) : ਪੰਜਾਬ ਦੇ ਚੋਣ ਦੰਗਲ ਵਿੱਚ ਭਾਵੇਂ ਭਾਜਪਾ ਅਜੇ ਪੂਰੀ ਤਰ੍ਹਾਂ ਨਹੀਂ ਉੱਤਰੀ ਪਰ ਸੂਬੇ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ 'ਚ ਭਾਜਪਾ ਨੂੰ ਲੈ ਕੇ ਸਭ ਤੋਂ ਵੱਧ ਦਹਿਸ਼ਤ ਦਾ ਮਾਹੌਲ ਹੈ। ਸਾਰੇ ਵਿਰੋਧੀ ਦਲਾਂ ਦੇ ਨਿਸ਼ਾਨੇ 'ਤੇ ਭਾਜਪਾ ਹੈ। ਅੱਜ ਪੰਜਾਬ ਕਾਂਗਰਸ ਦੀ ਮੀਡੀਆ ਇੰਚਾਰਜ ਅਲਕਾ ਲਾਂਬਾ ਨੇ ਸੋਸ਼ਲ ਮੀਡੀਆ 'ਤੇ ਅਮੀਰ ਅਜ਼ੀਜ਼ ਦੀ ਨਜ਼ਮ 'ਤੇ ਕਿਸਾਨ ਅੰਦੋਲਨ ਤੇ ਅੰਦੋਲਨ ਦੌਰਾਨ ਮਰਨ ਵਾਲੇ ਕਿਸਾਨਾਂ ਦੀਆਂ ਲਾਸ਼ਾਂ ਦਿਖਾ ਕੇ ਜਿਥੇ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਭੜਾਸ ਕੱਢੀ, ਉਥੇ ਕਾਂਗਰਸ ਨੇ ਹੁਣ ਕਿਸਾਨ ਅੰਦੋਲਨ ਤੋਂ ਹਮਦਰਦੀ ਬਟੋਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ :ਟਕਸਾਲੀ ਅਕਾਲੀਆਂ 'ਚ ਭਾਜਪਾ ਦੀ ਸੰਨ੍ਹ, 3 ਵੱਡੇ ਪਰਿਵਾਰਾਂ ਮਗਰੋਂ ਹੁਣ ਇਸ ਪਰਿਵਾਰ 'ਤੇ ਨਜ਼ਰ

ਕਿਸਾਨ ਅੰਦੋਲਨ ਦੇ ਆਖ਼ਰੀ ਪੜਾਅ ਵਿੱਚ ਕਾਂਗਰਸ ਨੇ ਆਪਣੇ ਦਿੱਲੀ ਹੈੱਡਕੁਆਰਟਰ ਤੋਂ ਇਕ ਅਧਿਕਾਰਤ ਪੱਤਰ ਜਾਰੀ ਕਰਕੇ ਸਾਰੇ ਸੂਬਾ ਪ੍ਰਧਾਨਾਂ ਨੂੰ ਹਦਾਇਤ ਕੀਤੀ ਸੀ ਕਿ ਉਹ ਕਿਸਾਨ ਅੰਦੋਲਨ ਲਈ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਯਤਨਾਂ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਅਤੇ ਕਿਸਾਨ ਅੰਦੋਲਨ ਦੌਰਾਨ ਵਾਪਰੀਆਂ ਘਟਨਾਵਾਂ ਬਾਰੇ ਸੋਸ਼ਲ ਮੀਡੀਆ 'ਤੇ ਪ੍ਰਚਾਰ ਕੀਤਾ ਜਾਵੇ। ਹੁਣ ਅਲਕਾ ਲਾਂਬਾ ਵੱਲੋਂ ਸੋਸ਼ਲ ਮੀਡੀਆ 'ਤੇ ਜੋ ਵਾਇਰਲ ਕੀਤੀ ਜਾ ਰਹੀ ਵੀਡੀਓ ਕਲਿੱਪ ਹੈ, ਕਰੀਬ ਸਾਢੇ 3 ਮਿੰਟ ਦੀ ਹੈ। 'ਸਬ ਯਾਦ ਰਖਾ ਜਾਏਗਾ' ਸਿਰਲੇਖ ਵਾਲੀ ਇਸ ਵੀਡੀਓ ਵਿੱਚ ਕਿਸਾਨ ਅੰਦੋਲਨ ਦੌਰਾਨ ਪੁਲਸ ਵੱਲੋਂ ਕੀਤੇ ਲਾਠੀਚਾਰਜ, ਕਿਸਾਨਾਂ ਨੂੰ ਸੜਕਾਂ ਤੋਂ ਘਸੀਟਣ, ਕਿਸਾਨਾਂ ਦੀਆਂ ਲਾਸ਼ਾਂ, ਕੰਡਿਆਲੀਆਂ ਤਾਰਾਂ ਨਾਲ ਬੰਦ ਕੀਤੀਆਂ ਸੜਕਾਂ ਅਤੇ ਬਦਲੇ ਦੀ ਕਾਰਵਾਈ ਦਾ ਜ਼ਿਕਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਕਾਂਗਰਸ 'ਚ ਸੀਟਾਂ ਲਈ ਸਿਆਸੀ ਘਮਸਾਨ, ਪਾਰਟੀ ’ਤੇ ਭਾਰੀ ਪੈ ਸਕਦੀ ਹੈ ਹਿੰਦੂ ਨੇਤਾਵਾਂ ਦੀ ਅਣਦੇਖੀ

ਅੱਜ ਕਾਂਗਰਸ ਨੇ 8 ਪੰਨਿਆਂ ਦਾ ਇਕ ਕਿਤਾਬਚਾ ਵੀ ਜਾਰੀ ਕੀਤਾ ਹੈ, ਜਿਸ ਵਿੱਚ ਕਿਸਾਨਾਂ ਦੀ ਆਮਦਨ ਸਮੇਤ ਹੋਰ ਅੰਕੜੇ ਦਿੱਤੇ ਗਏ ਹਨ। ਹੁਣ ਤੱਕ ਦੇ ਪ੍ਰਚਾਰ ਵਿੱਚ ਕਾਂਗਰਸ ਦਾ ਨਿਸ਼ਾਨਾ ਸਿਰਫ਼ ਭਾਜਪਾ ਅਤੇ ਭਾਜਪਾ ਸਰਕਾਰ ਹੀ ਹੈ। ਕਾਂਗਰਸ ਹੀ ਨਹੀਂ, ਆਮ ਆਦਮੀ ਪਾਰਟੀ ਵੀ ਪੰਜਾਬ ਸਰਕਾਰ ਦੇ ਨਾਲ-ਨਾਲ ਕੇਂਦਰ ਦੀ ਮੋਦੀ ਸਰਕਾਰ ਅਤੇ ਭਾਜਪਾ 'ਤੇ ਵੀ ਨਿਸ਼ਾਨਾ ਸਾਧ ਰਹੀ ਹੈ। ਬੇਸ਼ੱਕ ਅਕਾਲੀ ਦਲ ਭਾਜਪਾ ਖ਼ਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਤੀ ਕੁਝ ਨਰਮ ਹੈ ਪਰ ਇਸ ਦੀ ਭਾਈਵਾਲ ਬਸਪਾ ਵੀ ਭਾਜਪਾ 'ਤੇ ਨਿਸ਼ਾਨੇ ਸਾਧ ਰਹੀ ਹੈ। ਕੇਂਦਰ ਸਰਕਾਰ ਪਹਿਲਾਂ ਹੀ ਕਿਸਾਨਾਂ ਦੇ ਨਿਸ਼ਾਨੇ 'ਤੇ ਹੈ। ਕਿਸਾਨ ਅੰਦੋਲਨ ਦੀ ਸਮਾਪਤੀ ਅਤੇ ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਨੂੰ ਲੈ ਕੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਕਿਸਾਨਾਂ ਦੀ ਇਸੇ ਨੀਤੀ ਦਾ ਹਿੱਸਾ ਹੈ। ਸਟੇਜਾਂ ਤੋਂ ਸਾਰੇ ਆਗੂ ਬਿਆਨ ਦਿੰਦੇ ਹਨ ਕਿ ਪੰਜਾਬ ਚੋਣਾਂ ਵਿੱਚ ਭਾਜਪਾ ਕਿਤੇ ਵੀ ਨਹੀਂ ਹੈ ਪਰ ਭਾਜਪਾ ਦੀ ਬਹੁਤੀ ਆਲੋਚਨਾ ਭਾਜਪਾ ਦੇ ਡਰ ਨੂੰ ਦਿਖਾਉਂਦੀ ਨਜ਼ਰ ਆ ਰਹੀ ਹੈ। ਕਾਂਗਰਸੀ ਆਗੂ ਇਸ ਖਦਸ਼ੇ 'ਚ ਹਨ ਕਿ ਭਾਜਪਾ ਕਾਂਗਰਸ ਦੇ ਸਾਰੇ ਬਾਗੀ ਤੇ ਨਾਰਾਜ਼ ਆਗੂਆਂ ਨੂੰ ਸ਼ਾਮਲ ਕਰਕੇ ਉਸ ਦੀ ਖੇਡ ਵਿਗਾੜ ਸਕਦੀ ਹੈ।

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 


author

Harnek Seechewal

Content Editor

Related News