ਸ਼ਾਂਤਮਈ ਕਿਸਾਨ ਅੰਦੋਲਨ ਦੇ ਦਬਾਅ ਸਦਕਾ ਭਾਜਪਾ ਦੀ ਲੀਡਰਸ਼ਿਪ 'ਚ ਪੈਣ ਲੱਗੀ ਫੁਟ : ਉਗਰਾਹਾਂ

6/10/2021 10:25:49 PM

ਨਵੀਂ ਦਿੱਲੀ / ਭਵਾਨੀਗੜ੍ਹ(ਕਾਂਸਲ)- ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਸ਼ਾਂਤਮਈ ਮੋਰਚੇ ਦੇ ਦਬਾਅ ਸਦਕਾ ਭਾਜਪਾ ਸਰਕਾਰ 'ਚ ਆਪਸੀ ਸ਼ਰੀਕਾ ਭੇੜ ਸ਼ੁਰੂ ਹੋ ਗਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਟਿਕਰੀ ਬਾਰਡਰ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਗਦਰੀ ਬੀਬੀ ਗੁਲਾਬ ਕੌਰ ਨਗਰ 'ਚ ਚੱਲ ਰਹੀ ਸਟੇਜ ਤੋਂ ਕੀਤਾ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਹਿੱਸੇ ਇਹ ਗੱਲ ਮਹਿਸੂਸ ਕਰ ਰਹੇ ਹਨ ਕਿ ਕਿਸਾਨੀ ਘੋਲ ਚਲਦੇ ਨੂੰ ਸਾਢੇ ਅੱਠ ਮਹੀਨੇ ਦਾ ਸਮਾਂ ਹੋ ਗਿਆ ਹੈ ਅਜੇ ਤੱਕ ਮੋਦੀ ਸਰਕਾਰ ਨੇ ਚੁੱਪ ਵੱਟੀ ਹੋਈ ਹੈ ਪਰ ਦਿੱਲੀ ਦੇ ਬਾਰਡਰਾਂ 'ਤੇ ਚੱਲ ਰਹੇ ਕਿਸਾਨ ਅੰਦੋਲਨ ਨਾਲ ਭਾਜਪਾ ਦੀ ਲੀਡਰਸ਼ਿਪ ਵਿੱਚ ਫੁਟ ਪੈਣੀ ਸ਼ੁਰੂ ਹੋ ਗਈ ਹੈ ਜਿਸ ਦੀ ਮਿਸਾਲ ਯੂ.ਪੀ. ਦੇ ਮੁੱਖ ਮੰਤਰੀ ਆਦਿਤਿਆਨਾਥ ਯੋਗੀ ਵਲੋਂ ਬਗਾਵਤ ਅਤੇ ਆਰ.ਐੱਸ.ਐੱਸ. ਦਾ ਵਿਰੋਧੀ ਹੋਣਾ ਹੈ।

ਇਹ ਵੀ ਪੜ੍ਹੋ: ਕੇਜਰੀਵਾਲ ਸਰਕਾਰ ਮਿਆਰੀ ਸਕੂਲ ਸਿੱਖਿਆ ਮਾਡਲ ਲਾਗੂ ਕਰਨ ਬਾਰੇ ਪੰਜਾਬ ਤੋਂ ਸਿੱਖੇ : ਸਿੰਗਲਾ

ਉਨ੍ਹਾਂ ਪੰਜਾਬ ਦੀ ਭਾਜਪਾ ਲੀਡਰਸ਼ਿਪ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਭਾਜਪਾ ਦੇ ਸਿਰਕੱਢ ਆਗੂ ਅਨਿਲ ਜੋਸ਼ੀ ਅਤੇ ਮਨੋਹਰ ਲਾਲ ਨੇ ਮੋਦੀ ਨੂੰ ਸਲਾਹ ਦਿੱਤੀ ਜੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਨਾਲ ਬੈਠ ਕੇ ਮਸਲੇ ਦਾ ਕੋਈ ਹੱਲ ਨਾ ਕੱਢਿਆ ਤਾਂ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ 'ਚ ਲੋਕਾਂ ਨੇ ਵੜਨ ਨਹੀਂ ਦੇਣਾ। ਉਨ੍ਹਾਂ ਕਿਹਾ ਕਿ ਭਾਜਪਾ 'ਤੇ ਦਬਾਅ ਕਿਸਾਨਾਂ, ਮਜ਼ਦੂਰਾਂ 'ਚ ਬਣ ਰਹੇ ਗੂੜ੍ਹੇ ਏਕੇ ਦੇ ਸੰਘਰਸ਼ ਸਦਕਾ ਹੈ। ਝੋਨੇ ਦੀ ਲਵਾਈ ਨੂੰ ਲੈ ਕੇ ਕਿਸਾਨਾਂ ਵੱਲੋਂ ਪਾਏ ਜਾ ਰਹੇ ਮਤਿਆਂ ਨਾਲ ਇਹ ਏਕਤਾ ਤੋੜਨ ਦੀ ਇੱਕ ਸਿਆਸੀ ਚਾਲ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਏਕਤਾ ਦਾ ਧਿਆਨ ਰੱਖਦੇ ਹੋਏ ਇਸ ਮਸਲੇ ਦਾ ਦੋਵੇਂ ਧਿਰਾਂ ਵੱਲੋਂ ਬੈਠ ਕੇ ਸਾਂਝਾ ਹੱਲ ਕੱਢਿਆ ਜਾਵੇ।

ਇਹ ਵੀ ਪੜ੍ਹੋ: ਪੰਜਾਬ ਪੁਲਸ ਇਕ ਵਾਰ ਫਿਰ ਵਿਵਾਦਾਂ ਦੇ ਘੇਰੇ 'ਚ, ਹੁਣ ਨਸ਼ੇ ਦੀ ਹਾਲਤ 'ਚ ਕੁੱਟਮਾਰ ਕਰਨ ਦੇ ਲੱਗੇ ਦੋਸ਼

ਜ਼ਿਲ੍ਹਾ ਬਠਿੰਡਾ ਦੇ ਔਰਤ ਵਿੰਗ ਦੀ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਕੌਰ ਕੋਟੜਾ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) 'ਚ ਲੰਮੇ ਸਮੇਂ ਤੋਂ ਕੰਮ ਕਰਦਿਆਂ ਬਹੁਤ ਕੁਝ ਪ੍ਰਾਪਤ ਕੀਤਾ ਹੈ ਅਤੇ ਔਰਤਾਂ ਨੂੰ ਮਾਣ ਸਤਿਕਾਰ ਵੀ ਬਹੁਤ ਮਿਲ ਰਿਹਾ ਹੈ ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਸਟੇਜ ਚਲਾਉਣ ਦਾ ਹਫ਼ਤੇ 'ਚ ਇੱਕ ਦਿਨ ਔਰਤਾਂ ਵਾਸਤੇ ਰਾਖਵਾਂ ਰੱਖਿਆ ਹੋਇਆ ਹੈ। ਅੱਜ ਵੀ ਸਟੇਜ ਦਾ ਸੰਚਾਲਨ ਔਰਤਾਂ ਵੱਲੋਂ ਕੀਤਾ ਗਿਆ। ਸਾਡਾ ਇਤਿਹਾਸ ਦੱਸਦਾ ਹੈ ਕਿ ਕੋਈ ਵੀ ਸੰਘਰਸ਼ ਔਰਤਾਂ ਦੀ ਸ਼ਮੂਲੀਅਤ ਤੋਂ ਬਿਨਾਂ ਜਿੱਤਿਆ ਨਹੀਂ ਜਾ ਸਕਦਾ। ਪਿਛਲੇ ਸਾਲਾਂ 'ਚ ਜ਼ਮੀਨ ਅਕਵਾਇਰ ਕਰਨ ਦੇ ਮਾਮਲੇ 'ਚ ਭਾਵੇਂ ਉਹ ਧੌਲਾ ਛੰਨਾ ਜਾਂ ਗੋਬਿੰਦਪੁਰੇ ਦਾ ਜ਼ਮੀਨੀ ਘੋਲ ਹੋਵੇ ਇਨ੍ਹਾਂ ਸੰਘਰਸ਼ਾਂ 'ਚ ਔਰਤਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਇਸੇ ਤਰ੍ਹਾਂ ਇਹ ਤਿੰਨੇ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ ਦਿੱਲੀ ਦੀਆਂ ਬਰੂਹਾਂ 'ਤੇ ਚੱਲ ਰਹੇ ਮੋਰਚੇ 'ਚ ਔਰਤਾਂ ਬਹੁਤ ਵੱਡਾ ਸਹਿਯੋਗ ਦੇ ਰਹੀਆਂ ਹਨ ਅਤੇ ਨਾਅਰੇ ਮਾਰ ਰਹੀਆਂ ਹਨ ' ' ਭੈਣੋ ਰਲੋ ਭਰਾਵਾਂ ਸੰਗ, ਰਲ ਕੇ ਜਿੱਤੀਏ ਹੱਕੀ ਜੰਗ '।

ਇਹ ਵੀ ਪੜ੍ਹੋ: ਪੰਜਾਬ-ਹਿਮਾਚਲ ’ਚ ਮੀਂਹ ਨੇ ਦਿਵਾਈ ਗਰਮੀ ਤੋਂ ਰਾਹਤ
ਹਰਿਆਣੇ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ( ਉਗਰਾਹਾਂ) ਦੀ ਨੌਜਵਾਨ ਆਗੂ ਨੀਲਮ ਸਿੰਘਾਨੀ ਨੇ ਕਿਹਾ ਕਿ ਅੱਜ ਸਾਡਾ ਮੱਥਾ ਭਾਰਤ ਦੀਆਂ ਜਾਬਰ ਹਕੂਮਤਾਂ ਦੇ ਨਾਲ  ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ ਲੱਗਾ ਹੋਇਆ ਹੈ। ਹਕੂਮਤ ਨੂੰ ਆਪਣੀ ਤਾਕਤ ਦੇ ਨਸ਼ੇ 'ਚ ਏਸ ਗੱਲ ਦਾ ਭੁਲੇਖਾ ਹੈ ਕਿ ਸਾਡੇ ਕੋਲ ਲੋਕਾਂ 'ਤੇ ਲੋਕ ਮਾਰੂ ਨੀਤੀਆਂ ਲਾਗੂ ਕਰਨ ਲਈ ਪੁਲਸ ਮਸ਼ੀਨਰੀ ਨੀਮ ਫੌਜੀ ਬਲਾਂ ਦੀ ਤਾਕਤ ਦੇ ਜ਼ੋਰ 'ਤੇ ਲੋਕਾਂ ਨੂੰ ਡਰਾ ਧਮਕਾ ਕੇ ਉਨ੍ਹਾਂ 'ਤੇ ਲੋਕ ਮਾਰੂ ਨੀਤੀਆਂ ਮੜ੍ਹ ਸਕਦੇ ਹਾਂ ਪਰ ਜਦੋਂ ਲੁੱਟ 'ਤੇ ਜਬਰ ਦਾ ਦੌਰ ਤੇਜ਼ ਹੁੰਦਾ ਹੈ ਤਾਂ ਉਸ ਸਮੇਂ ਨਿਹੱਥੇ ਲੋਕ ਇਨ੍ਹਾਂ ਜਾਬਰ ਹਕੂਮਤਾਂ ਨਾਲ ਖਾਲੀ ਹੱਥ ਲੜਨ ਲਈ ਮਾਨਸਿਕ ਤੌਰ ਤੇ ਤਿਆਰ ਹੁੰਦੇ ਹਨ ਜਿਵੇਂ ਕਿ ਆਪਾਂ ਨਾਅਰਾ ਵੀ ਲਾਉਂਦੇ ਹਾਂ ' ਗਲ ਪੈ ਜਾਣ ਜੇ ਅੱਕੇ ਲੋਕ, ਬੰਬ ਬੰਦੂਕਾਂ ਸਕਣ ਨਾ ਰੋਕ ' ਅਖੀਰ ਜਿੱਤ ਸੰਘਰਸ਼ ਕਰਨ ਵਾਲੇ ਲੋਕਾਂ ਦੀ ਹੋਣੀ ਹੈ। ਅੱਜ ਦੀ ਸਟੇਜ ਤੋਂ ਸੁਖਪਾਲ ਕੌਰ ਸੰਗਰੂਰ ,ਕੁਲਵਿੰਦਰ ਕੌਰ ਬਰਨਾਲਾ, ਪਰਮਜੀਤ ਕੌਰ ਦਿੜ੍ਹਬਾ ਅਤੇ ਪਰਮਜੀਤ ਕੌਰ ਸੰਗਰੂਰ ਨੇ ਵੀ ਸੰਬੋਧਨ ਕੀਤਾ।


Bharat Thapa

Content Editor Bharat Thapa