ਮੁੜ ਠੰਡੇ ਬਸਤੇ 'ਚ ਪਈ ਪੰਜਾਬ ਨੂੰ ਲੈ ਕੇ ਭਾਜਪਾ ਦੀ ਇਹ ਯੋਜਨਾ, ਸ਼ੁਰੂ ਹੋਈ ਨਵੀਂ ਚਰਚਾ

Saturday, May 27, 2023 - 11:30 AM (IST)

ਜਲੰਧਰ (ਅਨਿਲ ਪਾਹਵਾ)-ਭਾਰਤੀ ਜਨਤਾ ਪਾਰਟੀ ਹੁਣ ਤੱਕ ਪੰਜਾਬ ਵਿਚ ਨਸ਼ਿਆਂ ਦੇ ਮੁੱਦੇ ’ਤੇ ਤਿੰਨ ਵਾਰ ਮੁਹਿੰਮ ਚਲਾਉਣ ਦੀ ਯੋਜਨਾ ਬਣਾ ਚੁੱਕੀ ਹੈ ਪਰ ਪਾਰਟੀ ਦੀ ਇਹ ਯੋਜਨਾ ਠੰਡੇ ਬਸਤੇ ਵਿਚ ਪਾਈ ਜਾਂਦੀ ਰਹੀ ਹੈ। ਇਕ ਵਾਰ ਫਿਰ ਭਾਜਪਾ ਪੰਜਾਬ ’ਚ ਇਸ ਮਾਮਲੇ ’ਤੇ ਤਿਆਰੀ ਕਰ ਰਹੀ ਸੀ ਪਰ ਹੁਣ ਖ਼ਬਰ ਆਈ ਹੈ ਕਿ ਨਸ਼ਿਆਂ ਖ਼ਿਲਾਫ਼ ਭਾਜਪਾ ਦੀ ਇਹ ਚੌਥੀ ਯਾਤਰਾ ਵੀ ਰੱਦ ਕਰ ਦਿੱਤੀ ਗਈ ਹੈ।

22 ਨਵੰਬਰ ਅਤੇ 23 ਮਾਰਚ ਨੂੰ ਇਸ ਕਾਰਨ ਰੱਦ ਹੋਈ ਯਾਤਰਾ
ਪਹਿਲਾਂ ਇਹ ਯਾਤਰਾ ਮਾਰਚ ਮਹੀਨੇ ਵਿਚ ਕੱਢਣ ਦੀ ਯੋਜਨਾ ਸੀ ਪਰ ਪੰਜਾਬ ਵਿਚ ‘ਵਾਰਿਸ ਪੰਜਾਬ ਦੇ’ ਸੰਸਥਾ ਦੀਆਂ ਸਰਗਰਮੀਆਂ ਕਾਰਨ ਉਸ ਸਮੇਂ ਇਹ ਯਾਤਰਾ ਰੱਦ ਕਰ ਦਿੱਤੀ ਗਈ ਸੀ। ਯਾਤਰਾ ਦਾ ਆਗਾਜ਼ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਰਨਾ ਸੀ ਪਰ ਉਨ੍ਹਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਯਾਤਰਾ ਨੂੰ ਮੁਲਤਵੀ ਕਰਨਾ ਪਿਆ। ਇਸ ਤੋਂ ਪਹਿਲਾਂ ਨਵੰਬਰ 2022 ਵਿਚ ਨਸ਼ਿਆਂ ਵਿਰੁੱਧ ਯਾਤਰਾ ਅੰਮ੍ਰਿਤਸਰ ਤੋਂ ਸ਼ੁਰੂ ਕਰਨ ਦੀ ਯੋਜਨਾ ਸੀ। ਉਸ ਸਮੇਂ ਅਮਿਤ ਸ਼ਾਹ ਨੇ ਖ਼ੁਦ ਅੰਮ੍ਰਿਤਸਰ ਤੋਂ ਯਾਤਰਾ ਸ਼ੁਰੂ ਕਰਨੀ ਸੀ ਪਰ ਹਿਮਾਚਲ ਅਤੇ ਗੁਜਰਾਤ ਦੀਆਂ ਚੋਣਾਂ ਦੇ ਮੱਦੇਨਜ਼ਰ ਇਹ ਯਾਤਰਾ ਮੁਲਤਵੀ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਜਨਵਰੀ ਮਹੀਨੇ ਵਿਚ ਇਸ ਨਸ਼ਾ ਵਿਰੋਧੀ ਯਾਤਰਾ ਲਈ ਮੁਹਿੰਮ ਵਿੱਢੀ ਗਈ ਸੀ ਪਰ ਉਹ ਵੀ ਰੱਦ ਹੋ ਗਈ।

ਇਹ ਵੀ ਪੜ੍ਹੋ - ਜਲੰਧਰ 'ਚ ਸਰਗਰਮ ਹੋਇਆ ਕੱਛਾ ਗਿਰੋਹ, ਦਹਿਸ਼ਤ ’ਚ ਲੋਕ, ਵਾਇਰਲ ਵੀਡੀਓ ਨੇ ਪੁਲਸ ਨੂੰ ਪਾਈਆਂ ਭਾਜੜਾਂ

ਇਸ ਵਾਰ ਕੇਂਦਰ ਦੀ ਮੁਹਿੰਮ ਬਣੀ ਕਾਰਨ
ਪਾਰਟੀ ਸੂਤਰਾਂ ਤੋਂ ਪ੍ਰਾਪਤ ਖ਼ਬਰ ਅਨੁਸਾਰ ਇਸ ਵਾਰ ਨਸ਼ਿਆਂ ਵਿਰੁੱਧ ਯਾਤਰਾ ਨੂੰ ਮੁਲਤਵੀ ਕਰਨ ਦਾ ਇਕ ਵੱਡਾ ਕਾਰਨ ਇਹ ਹੈ ਕਿ ਪਾਰਟੀ ਕੇਂਦਰ ਦੀ ਮੋਦੀ ਸਰਕਾਰ ਦੀਆਂ 9 ਸਾਲ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਦੇਸ਼ ਭਰ ਵਿਚ ਪ੍ਰਚਾਰ ਕਰਨ ਜਾ ਰਹੀ ਹੈ, ਜਿਸ ਕਾਰਨ ਇਸ ਯਾਤਰਾ ਨੂੰ ਪੈਂਡਿੰਗ ਕਰ ਦਿੱਤਾ ਗਿਆ। ਇਸ ਦੌਰਾਨ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕੇਂਦਰੀ ਲੀਡਰਸ਼ਿਪ ਵੀ ਪੰਜਾਬ ਵਿਚ ਭਾਜਪਾ ਦੀ ਸਥਿਤੀ ਨੂੰ ਲੈ ਕੇ ਕਾਫ਼ੀ ਨਾਰਾਜ਼ ਹੈ।

ਅਕਾਲੀ ਦਲ ਨਾਲ ਗਠਜੋੜ ਦੇ ਮਿਲੇ ਰਹੇ ਸੰਕੇਤ
ਹੁਣ ਪਾਰਟੀ ਵਿਚ ਨਵੀਂ ਚਰਚਾ ਸ਼ੁਰੂ ਹੋ ਗਈ ਹੈ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਨਾਲ ਮੁੜ ਗਠਜੋੜ ਨੂੰ ਲੈ ਕੇ ਚਰਚਾ ਹੈ। ਅਕਾਲੀ ਦਲ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ’ਤੇ ਪ੍ਰਧਾਨ ਮੰਤਰੀ ਮੋਦੀ ਦਾ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਆਉਣਾ ਬੇਸ਼ੱਕ ਸਮਾਜਿਕ ਜ਼ਿੰਮੇਵਾਰੀ ਦੱਸਿਆ ਗਿਆ ਸੀ ਪਰ ਹੁਣ ਸੰਸਦ ਦੇ ਉਦਘਾਟਨ ਦੇ ਮਾਮਲੇ ’ਚ ਅਕਾਲੀ ਦਲ ਵੱਲੋਂ ਕੇਂਦਰ ਨੂੰ ਸਮਰਥਨ ਦੇਣ ਦੇ ਕਈ ਸੰਕੇਤ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ -  ਨਾ ਕਦੇ ਮਿਲੇ, ਨਾ ਵੇਖਿਆ ਬਸ ਆਵਾਜ਼ ਰਾਹੀਂ ਹੋਇਆ ਪਿਆਰ, Blind ਜੋੜੇ ਦੀ ਪ੍ਰੇਮ ਕਹਾਣੀ ਬਣੀ ਮਿਸਾਲ

ਪੰਜਾਬ ’ਚ ਭਾਜਪਾ ਦੀ ਸਥਿਤੀ ਤੋਂ ਕੇਂਦਰ ਨਿਰਾਸ਼
ਹਾਲ ਹੀ ਵਿਚ ਜਲੰਧਰ ’ਚ ਹੋਈ ਲੋਕ ਸਭਾ ਜ਼ਿਮਨੀ ਚੋਣ ਵਿਚ ਪਾਰਟੀ ਦੀ ਜ਼ਮਾਨਤ ਜ਼ਬਤ ਹੋਣਾ ਵੱਡਾ ਝਟਕਾ ਸੀ। ਪੰਜਾਬ ਵਿਚ ਕਾਮਯਾਬੀ ਲਈ ਕੇਂਦਰ ਵੱਲੋਂ ਹਰ ਸੰਭਵ ਮਦਦ ਕੀਤੀ ਗਈ ਸੀ, ਇਥੋਂ ਤੱਕ ਕਿ ਕੇਂਦਰੀ ਆਗੂਆਂ ਅਤੇ ਮੰਤਰੀਆਂ ਵੱਲੋਂ ਹਰ ਤਰ੍ਹਾਂ ਦੇ ਫੰਡ ਮੁਹੱਈਆ ਕਰਵਾਏ ਗਏ ਪਰ ਪੰਜਾਬ ਦੇ ਜਲੰਧਰ ਦੀ ਲੋਕ ਸਭਾ ਜ਼ਿਮਨੀ ਚੋਣ ਹੋਟਲਾਂ ਦੇ ਏ. ਸੀ. ਕਮਰਿਆਂ ਤੱਕ ਸੀਮਤ ਰਹਿ ਗਈ।

ਇਹ ਵੀ ਪੜ੍ਹੋ - ਫਗਵਾੜਾ ਦੇ ਮਸ਼ਹੂਰ ਹੋਟਲ ਦੇ ਮੈਨੇਜਰਾਂ ਦਾ ਕਾਰਨਾਮਾ ਬਣਿਆ ਚਰਚਾ ਦਾ ਵਿਸ਼ਾ, ਗਾਹਕ ਨਾਲ ਖੇਡੀ ਅਜੀਬ ਖੇਡ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News